ਨੇਪਾਲ ਦੀ ਇੱਕ ਮੂਲ ਭਾਸ਼ਾ ਜਿਸਦੇ ਸਿਰਫ਼ ਦੋ ਮਾਹਿਰ ਬੁਲਾਰੇ ਹਨ ਲਈ ਨਵਪ੍ਰਕਾਸ਼ਤ ਕੋਸ਼ ਬਣਿਆ ਹੈ ਆਸ ਦੀ ਕਿਰਨ

ਗਿਆਨੀ ਮਾਇਆ ਸੇਨ “ਕੁਸੁੰਡਾ ਭਾਸ਼ਾ” ਦੇ ਦੋ ਮਾਹਿਰ ਬੁਲਾਰਿਆਂ ਵਿੱਚੋਂ ਇੱਕ ਹੈ। ਫੈਲਿਕਸ ਗਾਏਡਕੇ ਦੁਆਰਾ ਬਣਾਈ ਵੀਡੀਓ ਦਾ ਇੱਕ ਸਕਰੀਨਸ਼ੌਟ।

ਨੇਪਾਲ ਦੀਆਂ ਕਈ ਖ਼ਤਰੇ ਅਧੀਨ ਭਾਸ਼ਾਵਾਂ ਵਿੱਚੋਂ ਇੱਕ, ਕੁਸੁੰਡਾ ਭਾਸ਼ਾ ਦੀ ਇੱਕ ਨਵਪ੍ਰਕਾਸ਼ਿਤ ਕਿਤਾਬ ਅਤੇ ਕੋਸ਼ ਦਾ ਇਸ ਭਾਸ਼ਾ ਨੂੰ ਜਿਉਂਦੇ ਰੱਖਣ ਵਿੱਚ ਮਦਦਗਾਰ ਹੋਵੇਗੀ। ਇਸ ਵਿਯੋਜਕ ਭਾਸ਼ਾ ਦੀ ਉਤਪਤੀ ਭਾਸ਼ਾ ਵਿਗਿਆਨੀਆਂ ਨੂੰ ਭੰਬਲ ਭੂਸੇ ਵਿੱਚ ਪਾ ਦਿੰਦੀ ਹੈ ਕਿਉਂਕਿ ਇਸਦਾ ਦੁਨੀਆਂ ਕਿਸੇ ਹੋਰ ਭਾਸ਼ਾ ਨਾਲ ਕੋਈ ਸੰਬੰਧ ਨਹੀਂ ਹੈ।

ਕੁਸੁੰਡਾ ਦਾ ਕੋਸ਼ ਤਿਆਰ ਕਰਨ ਲਈ 5 ਸਾਲਾਂ ਦੀ ਮਿਹਨਤ ਲੱਗੀ।

ਭਾਵੇਂ 2011 ਦੀ ਜਨਗਣਨਾ ਦੇ ਮੁਤਾਬਕ ਨੇਪਾਲ ਵਿੱਚ ਕੁਸੁੰਡਾ ਲੋਕਾਂ ਦੀ ਆਬਾਦੀ 273 ਦੱਸੀ ਗਈ ਹੈ ਅਤੇ ਕੁਸੁੰਡਾ ਭਾਸ਼ਾ ਨੂੰ ਮਾਂ ਬੋਲੀ ਵਜੋਂ ਬੋਲਣ ਵਾਲੇ ਬੁਲਾਰਿਆਂ ਦੀ ਗਿਣਤੀ 28 ਦੱਸੀ ਗਈ ਹੈ, ਪਰ ਖੇਤਰੀ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਅਸਲ ਵਿੱਚ ਸਿਰਫ਼ 150 ਕੁਸੁੰਡਾ ਹਨ ਜਿਹਨਾਂ ਵਿੱਚੋਂ ਸਿਰਫ਼ ਦੋ ਮਾਹਿਰ ਬੁਲਾਰੇ ਹਨ।

ਕੁਸੁੰਡਾ ਇੱਕ ਮੌਖਿਕ ਭਾਸ਼ਾ ਹੈ ਜਿਸਦੀ ਕੋਈ ਲਿਪੀ ਨਹੀਂ ਹੈ ਅਤੇ ਨਾ ਹੀ ਹੀ ਇਸ ਵਿੱਚ ਕੋਈ ਲਿਖਤੀ ਰਿਕਾਰਡ, ਦਸਤਾਵੇਜ਼ ਜਾਂ ਕਿਤਾਬਾਂ ਉਪਲਬਧ ਨਹੀਂ ਹਨ। ਕੁਸੁੰਡਾ ਲੋਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫੈਲੇ ਹੋਏ ਹਨ ਅਤੇ ਉਹਨਾਂ ਨੂੰ ਆਪਣੀ ਬੋਲੀ ਬੋਲਣ ਦਾ ਕੋਈ ਮੌਕਾ ਨਹੀਂ ਮਿਲਦਾ। ਉਹਨਾਂ ਨੂੰ ਆਪਣੀ ਮੌਜੂਦਾ ਰਹਾਇਸ਼ ਦੇ ਅਨੁਸਾਰ ਉਹਨਾਂ ਥਾਵਾਂ ਦੇ ਤੌਰ ਤਰੀਕੇ ਅਤੇ ਸਭਿਆਚਾਰਕ ਰਸਮੋ-ਰਿਵਾਜਾਂ ਵਿੱਚ ਢਲਣਾ ਪੈਂਦਾ ਹੈ। ਨਤੀਜੇ ਵਜੋਂ, ਕੁਸੁੰਡਾ ਲੋਕ ਆਪਣੀ ਮਾਂ ਬੋਲੀ ਆਪਣੇ ਘਰਾਂ ਵਿੱਚ ਵੀ ਨਹੀਂ ਬੋਲਦੇ।

ਉਦੇ ਰਾਜ ਆਲੇ, ਜੋ ਇਸ ਕਿਤਾਬ ਦਾ ਲੇਖਕ ਹੈ, ਦਾ ਦੱਸਣਾ ਹੈ ਕਿ ਦਾਂਗ ਜ਼ਿਲ੍ਹੇ ਦੀ 81 ਸਾਲਾਂ ਦੀ ਗਿਆਨੀ ਮਾਇਆ ਸੇਨ ਕੁਸੁੰਡਾ ਅਤੇ ਰੋਲਪਾ ਦੀ 48 ਸਾਲਾ ਦੀ ਕਮਲਾ ਸੇਨ ਖੱਤਰੀ ਇਸ ਭਾਸ਼ਾ ਦੀਆਂ ਦੋ ਬੁਲਾਰਣਾਂ ਹਨ। ਇਸ ਵੇਲੇ ਕੁਸੁੰਡਾ ਲੋਕ ਨੇਪਾਲ ਦੇ ਕਪਿਲਵਸਤੂ, ਅਰਘਾਖਾਂਚੀ, ਪਿਊਥਾਨ, ਰੋਲਪਾ, ਦਾਂਗ ਅਤੇ ਸੁਰਖੇਤ ਜ਼ਿਲ੍ਹਿਆਂ ਵਿੱਚ ਰਹਿੰਦੇ ਹਨ।

Jacket of the book on Kusundas. Used with permission.

ਕੁਸੁੰਡਾ ਲੋਕ, ਜਿਹਨਾਂ ਨੂੰ ਬਣ ਰਾਜਾ (ਜੰਗਲਾਂ ਦੇ ਰਾਜੇ), ਵਜੋਂ ਜਾਣਿਆ ਜਾਂਦਾ ਹੈ, ਕੁਝ ਦਹਾਕੇ ਪਹਿਲਾਂ ਤੱਕ ਨੇਪਾਲ ਦੇ ਕੇਂਦਰੀ ਅਤੇ ਮੱਧ-ਪੱਛਮੀ ਇਲਾਕਿਆਂ ਵਿੱਚ ਵਣਜਾਰਿਆਂ-ਸ਼ਿਕਾਰੀਆਂ ਵਾਲੀ ਜੀਵਨ ਸ਼ੈਲੀ ਬਤੀਤ ਕਰਦੇ ਸਨ। ਇਹਨਾਂ ਦੀ ਜੀਵਨ ਸ਼ੈਲੀ ਅਤੇ ਵਲੱਖਣ ਭਾਸ਼ਾ ਤੋਂ ਸੰਕੇਤ ਮਿਲਦੇ ਹਨ ਕਿ ਪੁਰਾਤਨ ਕਾਲ ਤੋਂ ਨੇਪਾਲ ਵਿੱਚ ਰਹਿ ਰਹੇ ਹਨ।

ਕੁਸੁੰਡਾ ਲੋਕ, ਜੋ ਆਪਣੇ ਆਪ ਨੂੰ ‘ਜੰਗਲਾਂ ਦੇ ਰਾਜੇ’ ਕਹਿੰਦੇ ਹਨ ਜਿਸਨੂੰ ਕੁਸੁੰਡਾ ਭਾਸ਼ਾ ਵਿੱਚ ਗਿਲੰਗਦੇਈ ਮਿਆਹਾਕ ਕਿਹਾ ਜਾਂਦਾ ਹੈ। ਕੁਸੁੰਡਾ ਲੋਕ ਆਪਣਾ ਠਾਕੁਰੀ ਲੋਕਾਂ ਦੇ ਬਰਾਬਰ ਦਾ ਦਰਜਾ ਮੰਨਦੇ ਹਨ ਅਤੇ ਆਪਣੇ ਆਪ ਨੂੰ ਇਹਨਾਂ ਨਾਲ ਸੰਬੰਧਿਤ ਮੰਨਦੇ ਹਨ। ਕੁਸੁੰਡਾ ਲੋਕਾਂ ਦੇ ਮੁਤਾਬਕ ਠਾਕੁਰੀ ਲੋਕ ਵਾਹੀ ਹੋਈ ਧਰਤੀ ਦੇ ਰਾਜੇ ਹਨ ਅਤੇ ਦੂਜੇ ਪਾਸੇ ਕੁਸੁੰਡਾ ਲੋਕ ਜੰਗਲਾਂ ਦੇ ਰਾਜੇ ਹਨ। ਕੁਸੁੰਡਾ ਲੋਕਾਂ ਨੇ ਆਮ ਤੌਰੁ ਉੱਤੇ ਠਾਕਰੀ ਉਪਨਾਮ ਅਪਣਾਏ ਹਨ ਜਿਵੇਂ ਕਿ ਸ਼ਾਹੀ, ਸੇਨ, ਅਤੇ ਖਾਨ।

ਰਾਜ ਆਲੇ ਦੁਆਰਾ ਲਿਖੀ ਕਿਤਾਬ ਵਿੱਚ ਕੁਸੁੰਡਾ ਲੋਕਾਂ ਦੇ ਇਤਿਹਾਸ, ਭਾਸ਼ਾ, ਸਭਿਆਚਾਰ, ਅਤੇ ਪਰੰਪਰਾ ਦੇ ਨਾਲ-ਨਾਲ ਕੁਸੁੰਡਾ ਭਾਸ਼ਾ ਦੇ 2,500 ਤੋਂ ਵੱਧ ਸ਼ਬਦ ਦਰਜ ਹਨ। ਪਰ, ਕੁਸੁੰਡਾ ਲੋਕਾਂ ਬਾਰੇ ਖੋਜ ਵਿੱਚ ਸਿਰਫ਼ ਰਾਜ ਆਲੇ ਹੀ ਨਹੀਂ ਲੱਗਿਆ ਹੋਇਆ। ਇਹ ਕੰਮ ਬਰੀਐਨ ਹੂਟਨ ਹੌਜਸਨ, ਜੋਹਾਨ ਰੇਨਹਾਰਡ, ਡੇਵਿਡ ਵਾਟਰਜ਼, ਬੀ. ਕੇ. ਰਾਣਾ ਅਤੇ ਮਾਧਵ ਪ੍ਰਸਾਦ ਪੋਖਰੇਲ ਉਹਨਾਂ ਵਿਦਵਾਨਾਂ ਵਿੱਚੋਂ ਹਨ ਜਿਹਨਾਂ ਨੇ ਕੁਸੁੰਡਾ ਲੋਕਾਂ ਦੀ ਰਹੱਸਮਈ ਭਾਸ਼ਾ ਦਾ ਅਧਿਐਨ ਕਰਨ ਦੀ ਕੋਸ਼ਿਸ਼ ਕੀਤੀ ਹੈ।

ਫੈਲਿਕਸ ਗਾਏਡਕੇ ਅਤੇ ਗਾਇਤਰੀ ਪਮੇਸਵਰਮ ਦੁਆਰਾ ਬਣਾਈ ਇਸ ਵੀਡੀਓ ਵਿੱਚ ਗਿਆਨੀ ਮਾਇਆ ਸੇਨ, ਉਸਦਾ ਪੁੱਤਰ ਅਤੇ ਤਰੀਭੁਵਨ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਦੇ ਕੇਂਦਰੀ ਵਿਭਾਗ ਦੇ ਪ੍ਰੋਫ਼ੈਸਰ ਪੋਖਰੇਲ ਸ਼ਾਮਿਲ ਹਨ।

ਇਸ ਸਾਲ ਦੀਆਂ ਸਥਾਨੀ ਚੋਣਾਂ ਵਿੱਚ ਕੁਸੁੰਡਾ ਲੋਕਾਂ ਲਈ ਕੁਝ ਚੰਗੀ ਖ਼ਬਰ ਆਈ। ਨੇਪਾਲ ਕੁਸੁੰਡਾ ਵਿਕਾਸ ਸਭਾ ਦੇ ਸੰਸਥਾਪਕ ਧਾਨ ਬਹਾਦੁਰ ਕੁਸੁੰਡਾ, ਨੂੰ ਹਾਸ਼ੀਆਗਤ ਭਾਈਚਾਰੇ ਲਈ ਰਾਖਵੇਂ ਕੋਟੇ ਦੇ ਤਹਿਤ ਨੇਪਾਲ ਦੇ 7ਵੇਂ ਸਭ ਤੋਂ ਵੱਡੇ ਸ਼ਹਿਰ ਘੋਰਾਹੀ ਦੀ ਨਗਰਪਾਲਿਕਾ ਦੀ ਕਾਰਜਕਾਰੀ ਕਮੇਟੀ ਦੀ ਪ੍ਰਤੀਨਿਧੀ ਵਜੋਂ ਚੁਣਿਆ ਗਿਆ।

ਭਾਵੇਂ ਕੁਸੁੰਡਾ ਭਾਸ਼ਾ ਹਾਲੇ ਵੀ ਖ਼ਤਮ ਹੋਣ ਦੇ ਕਿਨਾਰੇ ਉੱਤੇ, ਪਰ ਕੁਸੁੰਡਾ ਲੋਕਾਂ ਦੀ ਸਥਾਨੀ ਸਰਕਾਰ ਵਿੱਚ ਪ੍ਰਤਿਨਿਧਤਾ ਅਤੇ ਕੁਸੁੰਡਾ ਕੋਸ਼ ਦੇ ਪ੍ਰਕਾਸ਼ਨ ਹੋਣ ਵਰਗੇ ਕਾਰਜ ਕੁਸੁੰਡਾ ਸਭਿਆਚਾਰ ਅਤੇ ਪਰੰਪਰਾ ਦੇ ਨਾਲ-ਨਾਲ ਕੁਸੁੰਡਾ ਭਾਸ਼ਾ ਨੂੰ ਬਚਾਉਣ ਵਿੱਚ ਯੋਗਦਾਨ ਪਾ ਰਹੇ ਹਨ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.