ਦੋ ਲਿਪੀਆਂ ਵਾਲੀ ਇੱਕ ਭਾਸ਼ਾ ਨੂੰ ਡਿਜੀਟਾਈਜ਼ ਕਰਨ ਤੇ ਪੰਜਾਬੀ ਦੇ ਆਨਲਾਈਨ ਵਾਧੇ ਬਾਰੇ ਗੱਲ ਕਰਦੇ ਸਤਦੀਪ ਗਿੱਲ

Satdeep Gill, Jan 2020. Image via Wikimedia by Myleen Hollero. CC BY-SA 3.0

ਸੱਤਦੀਪ ਗਿੱਲ, ਜਨਵਰੀ 2020। ਤਸਵੀਰ ਵਿਕੀਮੀਡੀਆ ਕਾਮਨਜ਼ ਤੋਂ ਲਈ। Myleen Hollero, CC BY-SA 3.0

ਸੰਪਾਦਕ ਦਾ ਨੋਟ: 26 ਅਪ੍ਰੈਲ ਤੋਂ 2 ਮਈ, 2022 ਤੱਕ, ਸਤਦੀਪ ਗਿੱਲ @AsiaLangsOnline ਰੋਟੇਟਿੰਗ ਟਵਿੱਟਰ ਖਾਤੇ ਦੀ ਮੇਜ਼ਬਾਨੀ ਕਰਨਗੇ, ਜੋ ਕਿ ਏਸ਼ੀਆਈ ਭਾਸ਼ਾਵਾਂ ਨੂੰ ਮੁੜ ਸੁਰਜੀਤ ਕਰਨ ਲਈ ਤਕਨਾਲੋਜੀ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ, ਦੀ ਖੋਜ ਕਰਦਾ ਹੈ। ਮੁਹਿੰਮ ਬਾਰੇ ਹੋਰ ਇੱਥੇ ਪੜ੍ਹੋ।

ਸਤਦੀਪ ਗਿੱਲ ਭਾਰਤੀ ਪੰਜਾਬ ਦੇ ਉੱਤਰ-ਪੱਛਮੀ ਰਾਜ ਦੇ ਸ਼ਹਿਰ ਪਟਿਆਲਾ ਦੇ ਰਹਿਣ ਵਾਲੇ ਮੁਫਤ ਗਿਆਨ ਉਤਸ਼ਾਹੀ ਹਨ। 2011 ਤੋਂ ਉਹ ਪੰਜਾਬੀ ਵਿਕੀਪੀਡੀਆ ਤੇ ਸੰਬੰਧਿਤ ਪ੍ਰੋਜੈਕਟਾਂ ਦੇ ਆਨਲਾਈਨ ਵਿਕਾਸ ਅਤੇ ਵਾਧੇ ਵਿੱਚ ਮਦਦ ਕਰ ਰਹੇ ਹਨ; ਉਨ੍ਹਾਂ ਨੇ 2017 ਵਿੱਚ ਗਲੋਬਲ ਵੁਆਇਸਿਸ ਦੇ ਪੰਜਾਬੀ ਭਾਸ਼ਾ ਪ੍ਰੋਜੈਕਟ ਦੀ ਅਗਵਾਈ ਵੀ ਕੀਤੀ।

ਗਿੱਲ ਵਿਕੀਮੀਡੀਆ ਲਹਿਰ ਦੀ ਰਣਨੀਤੀ 2030 ਨਾਲ ਸੰਬੰਧਤ ਭਾਈਚਾਰਕ ਗੱਲਬਾਤ ਵਿੱਚ ਸਹਾਈ ਹੋਣ ਲਈ 2017 ਵਿੱਚ ਵਿਕੀਮੀਡੀਆ ਫਾਊਂਡੇਸ਼ਨ ਵਿੱਚ ਸ਼ਾਮਲ ਹੋਏ। ਨਵੰਬਰ 2018 ਤੋਂ, ਉਹ ਵਿਕੀਮੀਡੀਆ ਫਾਊਂਡੇਸ਼ਨ ਦੀ ਗਲੈਮ (GLAM) ਅਤੇ ਸੱਭਿਆਚਾਰ ਟੀਮ (GLAM = ਗੈਲਰੀਆਂ, ਲਾਇਬ੍ਰੇਰੀਆਂ, ਆਰਕਾਈਵਜ਼, ਅਤੇ ਅਜਾਇਬ ਘਰ) ਵਿੱਚ ਇੱਕ ਪ੍ਰੋਗਰਾਮ ਅਫ਼ਸਰ ਹਨ। ਉਹ ਡਿਜੀਟਾਈਜ਼ੇਸ਼ਨ, ਭਾਸ਼ਾ ਦਸਤਾਵੇਜ਼ੀਕਰਨ ਅਤੇ ਭਾਸ਼ਾ ਪੁਨਰ-ਸੁਰਜੀਤੀ ਨਾਲ ਸੰਬੰਧਤ ਪ੍ਰੋਜੈਕਟਾਂ ਉੱਤੇ ਕੰਮ ਕਰ ਰਹੇ ਹਨ।

ਹਾਲ ਹੀ ਵਿੱਚ, ਸੱਤਦੀਪ ਗਿੱਲ ਵਲੋਂ ਜਿਨ੍ਹਾਂ ਪ੍ਰੋਜੈਕਟਾਂ ਲਈ ਸਲਾਹਕਾਰ ਵਜੋਂ ਕੰਮ ਕੀਤਾ ਹੈ ਉਨ੍ਹਾਂ ਵਿੱਚੋਂ ਇੱਕ ਵਿੱਚ ਉਨ੍ਹਾਂ ਨੇ ਕੰਬੋਡੀਆ ਵਿੱਚ ਯੂਨੈਸਕੋ ਅਤੇ ਬੋਫਾਨਾ ਸੈਂਟਰ ਨਾਲ਼ ਮਿਲਕੇ ਇੱਕ ਸਮਰੱਥਾ ਨਿਰਮਾਣ ਵਰਕਸ਼ਾਪ (capacity building workshop) ਕੀਤੀ। ਇਹ ਵਰਕਸ਼ਾਪ ਮੂਲ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਭਾਸ਼ਾਵਾਂ ਅਤੇ ਸਭਿਆਚਾਰਾਂ ਨੂੰ ਦਸਤਾਵੇਜ਼ੀ ਰੂਪ ਦੇਣ ਵਿੱਚ ਮਦਦ ਕਰਨ ਲਈ ਸਿਖਲਾਈ ‘ਤੇ ਕੇਂਦਰਿਤ ਸੀ। ਉਨ੍ਹਾਂ ਨੇ ਬਾਲੀ ਭਾਸ਼ਾ ਵਿਕੀਸਰੋਤ ਦੀ ਸਿਰਜਣਾ ਵਿੱਚ ਵੀ ਭੂਮਿਕਾ ਨਿਭਾਈ ਜੋ ਬਾਲੀ ਭਾਸ਼ਾ ਭਾਈਚਾਰੇ ਨੂੰ ਆਪਣੀ ਸਾਹਿਤਕ ਵਿਰਾਸਤ, ਹੱਥਲਿਖਤ ਖਜੂਰ ਦੇ ਪੱਤਿਆਂ ਦੇ ਖਰੜਿਆਂ ਨੂੰ ਇੰਟਰਨੈਟ ‘ਤੇ ਲਿਖਤ ਰੂਪ ਵਿੱਚ ਲਿਆਉਣ ਵਿੱਚ ਮਦਦ ਕਰ ਰਿਹਾ ਹੈ।

ਅੱਜ-ਕੱਲ੍ਹ ਗਿੱਲ ਪੰਜਾਬ ਅਤੇ ਨੇੜੇ-ਤੇੜੇ ਦੇ ਰਾਜਾਂ ਦੇ ਪੰਛੀਆਂ ਦੀਆਂ ਤਸਵੀਰਾਂ ਖਿੱਚ ਕੇ ਵਿਕੀਮੀਡੀਆ ਕਾਮਨਜ਼ ਵਿੱਚ ਵੀ ਆਪਣਾ ਯੋਗਦਾਨ ਪਾ ਰਹੇ ਹਨ।

Bluethroat near Jalalpur, Patiala. Image via Wikipedia by Satdeep Gill. CC BY-SA 4.0.

ਜਲਾਲਪੁਰ, ਪਟਿਆਲਾ ਨੇੜੇ ਨੀਲਕੰਠੀ ਪਿੱਦੀ। ਤਸਵੀਰ ਵਿਕੀਮੀਡੀਆ ਤੋਂ। Satdeep Gill, CC BY-SA 4.0

ਰਾਈਜ਼ਿੰਗ ਵੁਆਇਸਿਸ ਨੇ ਈਮੇਲ ਰਾਹੀਂ ਸੱਤਦੀਪ ਗਿੱਲ ਦੀ ਇੰਟਰਵਿਊ ਕੀਤੀ। ਇੰਟਰਵਿਊ ਨੂੰ ਸਪਸ਼ਟਤਾ ਲਈ ਸੰਪਾਦਿਤ ਕੀਤਾ ਗਿਆ ਹੈ।

ਰਾਈਜ਼ਿੰਗ ਵੁਆਇਸਿਸ (ਆਰ.ਵੀ.): ਕਿਰਪਾ ਕਰਕੇ ਸਾਨੂੰ ਆਪਣੇ ਬਾਰੇ ਅਤੇ ਆਪਣੀ ਭਾਸ਼ਾ ਦੇ ਹੁਨਰ ਬਾਰੇ ਦੱਸੋ। 

 

ਸਤਦੀਪ ਗਿੱਲ (ਐੱਸ.ਜੀ.): ਮੈਂ ਪਟਿਆਲਾ ਸ਼ਹਿਰ ਦਾ ਰਹਿਣ ਵਾਲਾ ਹਾਂ ਤੇ ਹਮੇਸ਼ਾ ਇੱਥੇ ਹੀ ਰਿਹਾ ਹਾਂ। ਮੈਂ ਹਾਈ ਸਕੂਲ ਵਿੱਚ ਗਣਿਤ ਅਤੇ ਵਿਗਿਆਨ ਦੀ ਪੜ੍ਹਾਈ ਕੀਤੀ ਪਰ ਆਪਣੀ ਅੰਡਰਗਰੈਜੂਏਟ ਡਿਗਰੀ ਤੋਂ ਪੰਜਾਬੀ ਭਾਸ਼ਾ ਤੇ ਸਾਹਿਤ ਵੱਲ ਵਧੇਰੇ ਧਿਆਨ ਦਿੱਤਾ।

ਮੈਨੂੰ ਭਾਸ਼ਾਵਾਂ ਸਿੱਖਣਾ ਬਹੁਤ ਪਸੰਦ ਹੈ। ਮੇਰੀ ਮੂਲ ਭਾਸ਼ਾ ਪੰਜਾਬੀ (ਗੁਰਮੁਖੀ ਅਤੇ ਸ਼ਾਹਮੁਖੀ ਲਿਪੀਆਂ ਦੋਵੇਂ) ਤੋਂ ਇਲਾਵਾ, ਮੈਂ ਅੰਗਰੇਜ਼ੀ, ਹਿੰਦੀ ਅਤੇ ਉਰਦੂ ਵਿੱਚ ਮੁਹਾਰਤ ਰੱਖਦਾ ਹਾਂ। ਮੈਂ ਕਈ ਸਾਲਾਂ ਤੋਂ ਸਪੇਨੀ ਅਤੇ ਫਰਾਂਸੀਸੀ ਨਾਲ ਜੁੜਿਆ ਹੋਇਆ ਹਾਂ ਅਤੇ ਮੈਨੂੰ ਪਤਾ ਹੈ ਕਿ ਮੈਂ ਸਪੇਨੀ ਜਾਂ ਫਰਾਂਸੀਸੀ ਬੋਲਣ ਵਾਲੇ ਦੇਸ਼ਾਂ ਵਿੱਚ ਗੁਜ਼ਾਰਾ ਕਰ ਸਕਦਾ ਹਾਂ। ਇਨ੍ਹੀਂ ਦਿਨੀਂ ਮੈਂ ਇਰਾਨ ਦੇ ਸ਼ਹਿਰ ਅਹਵਾਜ਼ ਦੀ ਸ਼ਹੀਦ ਚਮਰਾਨ ਯੂਨੀਵਰਸਿਟੀ ਤੋਂ ਆਨਲਾਈਨ ਫ਼ਾਰਸੀ ਸਿੱਖਣ ਦਾ ਪੂਰਾ ਆਨੰਦ ਲੈ ਰਿਹਾ ਹਾਂ।

ਆਰ.ਵੀ.: ਪੰਜਾਬੀ ਵਿਕੀਪੀਡੀਆ ਵਿੱਚ ਤੁਹਾਡੀ ਸ਼ਮੂਲੀਅਤ ਅਤੇ ਤੁਹਾਡੀਆਂ ਪ੍ਰਾਪਤੀਆਂ ਬਾਰੇ ਸਾਨੂੰ ਦੱਸੋ।

ਐੱਸ.ਜੀ: ਇਸ ਵੱਲ ਧਿਆਨ ਦੇਣਾ ਜ਼ਰੂਰੀ ਹੈ ਕਿ ਪੰਜਾਬੀ ਭਾਸ਼ਾ ਦੋ ਲਿਪੀਆਂ ਵਿੱਚ ਲਿਖੀ ਜਾਂਦੀ ਹੈ, ਗੁਰਮੁਖੀ, ਜੋ ਖੱਬੇ ਤੋਂ ਸੱਜੇ ਲਿਖੀ ਜਾਂਦੀ ਹੈ ਤੇ ਮੁੱਖ ਤੌਰ ‘ਤੇ ਭਾਰਤ ਵਿੱਚ ਵਰਤੀ ਜਾਂਦੀ ਹੈ, ਅਤੇ ਸ਼ਾਹਮੁਖੀ, ਜੋ ਸੱਜੇ ਤੋਂ ਖੱਬੇ ਲਿਖੀ ਜਾਂਦੀ ਹੈ ਤੇ ਪਾਕਿਸਤਾਨ ਵਿੱਚ ਵਰਤੀ ਜਾਂਦੀ ਹੈ । ਜਦਕਿ ਬੋਲੀ ਜਾਣ ਵਾਲੀ ਭਾਸ਼ਾ ਕਾਫ਼ੀ ਮਿਲਦੀ-ਜੁਲਦੀ ਹੈ, ਲਿਖਤੀ ਰੂਪ ਵਿੱਚ ਵਿਸ਼ਾਲ ਅੰਤਰ ਹਨ, ਜਿਸ ਕਾਰਨ ਭਾਸ਼ਾ ਲਈ ਦੋ ਵੱਖ-ਵੱਖ ਵਿਕੀਪੀਡੀਆ ਬਣਾਏ ਗਏ ਹਨ: ਪੰਜਾਬੀ ਵਿਕੀਪੀਡੀਆ (ਗੁਰਮੁਖੀ ਲਿਪੀ ਲਈ) ਅਤੇ ਪੱਛਮੀ ਪੰਜਾਬੀ ਵਿਕੀਪੀਡੀਆ (ਸ਼ਾਹਮੁਖੀ ਲਿਪੀ ਲਈ)।

ਜਦੋਂ ਮੈਂ ਸਾਲ 2010 ਦੇ ਸ਼ੁਰੂ ਵਿੱਚ ਪੰਜਾਬੀ ਵਿਕੀਪੀਡੀਆ ਦੀ ਖੋਜ ਕੀਤੀ ਤਾਂ ਇਸ ਵਿੱਚ ਬਹੁਤ ਘੱਟ ਲੇਖ ਸਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਇੱਕ-ਦੋ ਸ਼ਬਦਾਂ ਜਾਂ ਇੱਕ ਸਤਰ ਵਾਲੇ ਸਨ। ਮੇਰੇ ਪਾਪਾ ਵੀ ਮੇਰੇ ਨਾਲ ਇਸ ਉੱਦਮ ਵਿੱਚ ਜੁੜ ਗਏ ਅਤੇ ਅਸੀਂ ਇੱਕਠਿਆਂ ਪੰਜਾਬੀ ਵਿਕੀਪੀਡੀਆ ਬਣਾਉਣਾ ਸ਼ੁਰੂ ਕਰ ਦਿੱਤਾ।

2011 ਵਿੱਚ, ਮੈਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਆਪਣੀ ਅੰਡਰਗਰੈਜੂਏਟ ਡਿਗਰੀ ਸ਼ੁਰੂ ਕੀਤੀ ਅਤੇ ਵਿਕੀਪੀਡੀਆ ਦੇ ਪੰਜਾਬੀ ਸੰਸਕਰਨ ਵਿੱਚ ਯੋਗਦਾਨ ਪਾਉਣ ਲਈ ਆਪਣੇ ਸਾਥੀਆਂ ਨੂੰ ਸ਼ਾਮਲ ਕਰਨਾ ਸ਼ੁਰੂ ਕੀਤਾ। ਸਾਡੇ ਯਤਨਾਂ ਸਦਕਾ ਪੰਜਾਬੀ ਵਿਕੀਪੀਡੀਅਨਾਂ ਦਾ ਇੱਕ ਜੀਵੰਤ ਭਾਈਚਾਰਾ ਬਣ ਸਕਿਆ। ਹੁਣ ਇਹ ਭਾਈਚਾਰਾ ਨਿਯਮਤ ਤੌਰ ‘ਤੇ ਬੈਠਕਾਂ ਕਰਦਾ ਹੈ ਅਤੇ ਇਸਦੇ ਮੈਂਬਰ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਹਨ।

2015 ਵਿੱਚ, ਮੈਂ ਪਹਿਲਾ ਪੰਜਾਬੀ ਵਿਕੀਪੀਡੀਅਨ ਸੀ ਜਿਸ ਨੂੰ ਮੈਕਸੀਕੋ ਵਿੱਚ ਵਿਕੀਮੇਨੀਆ (ਵਿਕੀਪੀਡੀਆ ਅਤੇ ਇਸ ਦੇ ਸਹਿਯੋਗੀ ਪ੍ਰੋਜੈਕਟਾਂ ਨੂੰ ਸਮਰਪਿਤ ਸਭ ਤੋਂ ਵੱਡਾ ਸਮਾਗਮ) ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਉੱਥੇ ਮੈਨੂੰ ਪੰਜਾਬੀ ਵਿਕੀਪੀਡੀਆ ਨੂੰ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਇੰਡਿਕ ਵਿਕੀਪੀਡੀਆ ਵਿੱਚੋਂ ਇੱਕ ਬਣਾਉਣ ਦੇ ਸਾਡੇ ਯਤਨਾਂ ਲਈ ਜਿੰਮੀ ਵੇਲਜ਼ ਵੱਲੋਂ ਸਨਮਾਨਯੋਗ ਜ਼ਿਕਰ ਮਿਲਿਆ।

ਆਰ.ਵੀ.: ਪੰਜਾਬੀ ਭਾਸ਼ਾ ਦੀ ਆਨਲਾਈਨ ਅਤੇ ਆਫਲਾਈਨ ਦੋਵਾਂ ਦੀ ਮੌਜੂਦਾ ਸਥਿਤੀ ਕੀ ਹੈ?

ਐੱਸ.ਜੀ.: ਭਾਰਤੀ ਪੰਜਾਬ ਰਾਜ ਦੀ ਸਰਕਾਰੀ ਭਾਸ਼ਾ ਪੰਜਾਬੀ ਹੈ ਅਤੇ ਪੰਜਾਬੀ ਸੰਗੀਤ ਦੁਨੀਆਂ ਭਰ ਵਿੱਚ ਬਹੁਤ ਮਸ਼ਹੂਰ ਹੈ। ਇਸ ਦੇ ਸਰਕਾਰੀ ਰੁਤਬੇ ਅਤੇ ਪ੍ਰਸਿੱਧ ਸੱਭਿਆਚਾਰ ਵਿੱਚ ਰੁਤਬੇ ਦੇ ਬਾਵਜੂਦ, ਰਾਜ ਦੇ ਜ਼ਿਆਦਾਤਰ ਪ੍ਰਾਈਵੇਟ ਸਕੂਲ ਬੱਚਿਆਂ ਨੂੰ ਪੰਜਾਬੀ ਵਿੱਚ ਬੋਲਣ ਲਈ ਉਤਸ਼ਾਹਿਤ ਨਹੀਂ ਕਰਦੇ – ਅਸਲ ਵਿੱਚ, ਵਿਦਿਆਰਥੀਆਂ ਨੂੰ ਆਪਣੀ ਮਾਤ-ਭਾਸ਼ਾ ਵਿੱਚ ਬੋਲਣ ਦੀ ਬਕਾਇਦਾ ਸਜ਼ਾ ਦਿੱਤੀ ਜਾਂਦੀ ਹੈ। ਮੈਂ ਵੀ ਇੱਕ ਅਜਿਹੇ ਸਕੂਲ ਵਿੱਚ ਪੜ੍ਹਿਆ ਸੀ ਜਿੱਥੇ ਅੰਗਰੇਜ਼ੀ ਵਿੱਚ ਬੋਲਣਾ ਜ਼ਰੂਰੀ ਸੀ ਤੇ ਜੇਕਰ ਅਸੀਂ ਕਿਸੇ ਹੋਰ ਭਾਸ਼ਾ ਵਿੱਚ ਗੱਲ ਕਰਨਾ ਚਾਹੁੰਦੇ ਤਾਂ ਸਾਨੂੰ ਪੰਜਾਬੀ ਦੀ ਬਜਾਏ ਹਿੰਦੀ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਸੀ।

ਪਾਕਿਸਤਾਨ ਵਿੱਚ ਪੰਜਾਬੀ ਨੂੰ ਕੋਈ ਸਰਪ੍ਰਸਤੀ ਨਹੀਂ ਮਿਲੀ ਜਿੱਥੇ ਪੰਜਾਬੀਆਂ ਦੀ ਆਬਾਦੀ ਲਗਭਗ 40 ਪ੍ਰਤੀਸ਼ਤ ਹੈ। ਪਾਕਿਸਤਾਨ ਦੀ ਰਾਸ਼ਟਰੀ ਭਾਸ਼ਾ ਉਰਦੂ ਹੈ ਅਤੇ ਪੰਜਾਬੀ ਸਕੂਲ ਪੱਧਰ ‘ਤੇ ਵੀ ਨਹੀਂ ਪੜ੍ਹਾਈ ਜਾਂਦੀ ਹੈ।

ਦੂਜੇ ਪਾਸੇ, ਪਿਛਲੀ ਸਦੀ ਵਿੱਚ, ਖ਼ਾਸ ਤੌਰ ‘ਤੇ ਪਿਛਲੇ ਕੁਝ ਦਹਾਕਿਆਂ ਵਿੱਚ ਇਸ ਖੇਤਰ ਤੋਂ ਵਧੇ ਹੋਏ ਪਰਵਾਸ ਕਾਰਨ ਪੰਜਾਬੀਆਂ ਨੇ ਯੂ.ਕੇ., ਕੈਨੇਡਾ, ਅਮਰੀਕਾ, ਅਤੇ ਆਸਟ੍ਰੇਲੀਆ ਆਦਿ ਵਿੱਚ ਵੱਡੀ ਗਿਣਤੀ ਵਿੱਚ ਭਾਈਚਾਰੇ ਸਥਾਪਿਤ ਕੀਤੇ ਹਨ। 2011 ਦੀ ਜਨਗਣਨਾ ਦੇ ਅੰਕੜੇ ਯੂ.ਕੇ. ਵਿੱਚ ਨੈਸ਼ਨਲ ਸਟੈਟਿਸਟਿਕਸ ਦੇ ਦਫ਼ਤਰ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਵਿੱਚ ਦੱਸਿਆ ਗਿਆ ਹੈ ਕਿ ਪੰਜਾਬੀ ਯੂ.ਕੇ. ਵਿੱਚ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਅਤੇ ਇਸ ਨੂੰ ਦੇਸ਼ ਵਿੱਚ GCSE ਅਤੇ A ਪੱਧਰਾਂ ‘ਤੇ ਸਿਖਾਇਆ ਜਾਂਦਾ ਹੈ।

ਆਨਲਾਈਨ ਪਲੇਟਫਾਰਮਾਂ ‘ਤੇ ਵੀ ਪਿਛਲੇ ਦਹਾਕੇ ਵਿੱਚ ਪੰਜਾਬੀ ਵਿੱਚ ਕਾਫ਼ੀ ਵਾਧਾ ਹੋਇਆ ਹੈ — ਪੰਜਾਬੀ ਵਿਕੀਪੀਡੀਆ ਵਿੱਚ ਹੀ 10 ਗੁਣਾ ਵਾਧਾ ਹੋਇਆ ਹੈ। ਦਸੰਬਰ 2013 ਤੋਂ, ਗੂਗਲ ਟ੍ਰਾਂਸਲੇਟ ਵਿੱਚ ਗੁਰਮੁਖੀ ਲਿਪੀ ਵਿੱਚ ਪੰਜਾਬੀ ਭਾਸ਼ਾ ਨੂੰ ਸ਼ਾਮਲ ਕੀਤੀ ਗਈ ਅਤੇ ਇਸ ਦੀ ਗੁਣਵੱਤਾ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਇਸ ਵਿੱਚ ਉੱਚ-ਗੁਣਵੱਤਾ ਆਪਟੀਕਲ ਅੱਖਰ ਪਛਾਣ ਟੂਲ (OCR) ਵੀ ਉਪਲਬਧ ਹਨ। 2017 ਵਿੱਚ ਬੀਬੀਸੀ ਨੇ ਵੀ ਪੰਜਾਬੀ ਵਿੱਚ ਆਪਣੀ ਸੇਵਾ ਸ਼ੁਰੂ ਕੀਤੀ।

ਇਸ ਸਭ ਦਾ ਮਤਲਬ ਹੈ ਕਿ ਆਪਣੀਆਂ ਚੁਣੌਤੀਆਂ ਅਤੇ ਰੁਕਾਵਟਾਂ ਦੇ ਬਾਵਜੂਦ, ਪੰਜਾਬੀ ਫਿਰ ਵੀ ਹੋਰਨਾਂ ਛੋਟੀਆਂ ਭਾਸ਼ਾਵਾਂ ਦੇ ਮੁਕਾਬਲੇ ਚੰਗੀ ਸਥਿਤੀ ਵਿੱਚ ਹੈ ਅਤੇ ਕਈ ਮੁੱਖ ਧਾਰਾ ਦੇ ਸਰੋਤਾਂ ਤੱਕ ਪਹੁੰਚ ਰੱਖਦੀ ਹੈ।

ਆਰ.ਵੀ.: ਕੁਝ ਚੁਣੌਤੀਆਂ ਦਾ ਵਰਣਨ ਕਰੋ ਜਿਨ੍ਹਾਂ ਦਾ ਤੁਹਾਡੀ ਭਾਸ਼ਾ ਅੱਜ ਸਾਹਮਣਾ ਕਰ ਰਹੀ ਹੈ।

ਐੱਸ.ਜੀ.: ਪੰਜਾਬੀ ਭਾਈਚਾਰੇ ਲਈ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਇਹ ਹੈ ਕਿ ਨਾ ਤਾਂ ਪੰਜਾਬੀ ਦੀ ਇੱਕ ਲਿੱਪੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਦੋਵੇਂ ਲਿਪੀਆਂ ਸਿੱਖਣ ਦੇ ਯੋਗ ਬਣਾਉਣ ਲਈ ਕੋਈ ਖ਼ਾਸ ਨੀਤੀ ਹੈ।

ਮੈਨੂੰ ਪੱਕੇ ਤੌਰ ਉੱਤੇ ਲੱਗਦਾ ਹੈ ਕਿ ਪੰਜਾਬੀ ਦੀਆਂ ਦੋਵੇਂ ਲਿਪੀਆਂ ਲਾਜ਼ਮੀ ਹੋਣੀਆਂ ਚਾਹੀਦੀਆਂ ਹਨ, ਘੱਟੋ-ਘੱਟ ਯੂਨੀਵਰਸਿਟੀ ਪੱਧਰ ‘ਤੇ ਪੰਜਾਬੀ ਦੇ ਵਿਦਿਆਰਥੀਆਂ ਲਈ ਤਾਂ ਜ਼ਰੂਰ ਹੋਣੀ ਚਾਹੀਦੀ ਹੈ। ਇੰਟਰਨੈਟ ਦੇ ਆਉਣ ਨਾਲ, ਪਿਛਲੇ ਦਹਾਕਿਆਂ ਵਿੱਚ ਦੁਨੀਆ ਭਰ ਦੇ ਪੰਜਾਬੀਆਂ ਦੇ ਆਨਲਾਈਨ ਭਾਈਚਾਰਿਆਂ ਦਾ ਗਠਨ ਹੋਇਆ ਹੈ ਜਿੱਥੇ ਲਾਤੀਨੀ ਲਿਪੀ ਬਹੁਤ ਸਾਰੇ ਪੰਜਾਬੀਆਂ ਲਈ ਸਭ ਤੋਂ ਆਸਾਨ ਲਿਖਣ ਪ੍ਰਣਾਲੀ ਬਣ ਗਈ ਹੈ, ਖ਼ਾਸ ਕਰਕੇ ਜਦੋਂ ਸਰਹੱਦਾਂ ਤੋਂ ਪਾਰ ਗੱਲਬਾਤ ਹੁੰਦੀ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕੁਝ ਸਾਲ ਪਹਿਲਾਂ ਸੰਗਮ ਨਾਂ ਦਾ ਇੱਕ ਲਿਪੀ ਪਰਿਵਰਤਨ ਟੂਲ ਬਣਾਇਆ ਜੋ ਇਨ੍ਹਾਂ ਵਿੱਚੋਂ ਕੁਝ ਪਾੜਿਆਂ ਨੂੰ ਭਰਨ ਵਿੱਚ ਮਦਦ ਕਰ ਰਿਹਾ ਹੈ।

ਇੱਕ ਹੋਰ ਵੱਡੀ ਚੁਣੌਤੀ ਇਹ ਹੈ ਕਿ ਪੰਜਾਬੀ ਸ਼ਬਦਾਂ ਦੀ ਬਹੁਗਿਣਤੀ ਲਈ ਮਿਆਰੀ ਸ਼ਬਦ-ਜੋੜ ਨਹੀਂ ਹਨ।

ਆਰ.ਵੀ.: ਗਲੋਬਲ ਵੁਆਇਸਿਸ ‘ਪੰਜਾਬੀ ਲਿੰਗੂਆ’ ਵਿੱਚ ਆਪਣੀ ਭੂਮਿਕਾ ਬਾਰੇ ਸਾਨੂੰ ਦੱਸੋ। ਕੀ ਤੁਸੀਂ ਕਿਸੇ ਚੁਣੌਤੀ ਦਾ ਸਾਹਮਣਾ ਕੀਤਾ ਹੈ?

ਐੱਸ.ਜੀ.: ਮੈਨੂੰ ਗਲੋਬਲ ਵਾਇਸਜ਼ ਦਾ ਸਿਟੀਜ਼ਨ ਮੀਡੀਆ ਮਾਡਲ ਪਸੰਦ ਹੈ ਅਤੇ 2017 ਵਿੱਚ ਮੈਨੂੰ ਪੰਜਾਬੀ ਵਿੱਚ ਗਲੋਬਲ ਵੁਆਇਸਿਸ (GV) ਸ਼ੁਰੂ ਕਰਨ ਵਿੱਚ ਮਦਦ ਕਰਨ ਲਈ ਪ੍ਰੇਰਿਤ ਕੀਤਾ ਗਿਆ ਸੀ। ਮੈਂ ਗਲੋਬਲ ਵੁਆਇਸਿਸ ਪੰਜਾਬੀ ਟੀਮ ਵਿੱਚ ਸ਼ਾਮਲ ਹੋਣ ਲਈ ਆਪਣੇ ਕੁਝ ਦੋਸਤਾਂ ਅਤੇ ਸਾਥੀ ਵਿਕੀਮੀਡੀਅਨਾਂ ਨੂੰ ਇਕੱਠਾ ਕਰਨ ਦੇ ਯੋਗ ਸੀ। ਅਸੀਂ ਮੁੱਖ ਤੌਰ ‘ਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੀਆਂ ਕਹਾਣੀਆਂ ਦਾ ਅਨੁਵਾਦ ਕਰਨ ‘ਤੇ ਧਿਆਨ ਕੇਂਦਰਿਤ ਕੀਤਾ ਜਿਨ੍ਹਾਂ ਬਾਰੇ ਰਾਸ਼ਟਰੀ ਮੀਡੀਆ ਵਿੱਚ ਘੱਟ ਹੀ ਸੁਣਿਆ ਜਾਂ ਗੱਲ ਕੀਤੀ ਜਾਂਦੀ ਹੈ।

ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ ਉਦੋਂ ਤੋਂ ਅਸੀਂ ਕੁਝ ਵਧੇਰੇ ਸਰਗਰਮ ਨਹੀਂ ਰਹੇ ਕਿਉਂਕਿ ਇਸ ਨੇ ਸਾਡੀ ਸਾਰੀ ਊਰਜਾ ਖ਼ਤਮ ਕਰ ਦਿੱਤੀ ਹੈ ਪਰ ਮੈਂ ਟੀਮ ਨੂੰ ਮੁੜ ਸੁਰਜੀਤ ਕਰਨ ਅਤੇ ਨਿਯਮਤ ਤੌਰ ‘ਤੇ ਇੱਕ ਵਾਰ ਫਿਰ ਤੋਂ ਟੀਮ ਨੂੰ ਜੋੜਨ ਤੇ ਦੁਬਾਰਾ ਕੰਮ ਸ਼ੁਰੂ ਕਰਨ ਦੀ ਉਮੀਦ ਕਰ ਰਿਹਾ ਹਾਂ।

ਆਰ.ਵੀ.: ਪੰਜਾਬੀ ਵਿਕੀਪੀਡੀਆ ਜਾਂ ਪੰਜਾਬੀ ਲਿੰਗੂਆ ਵਰਗੇ ਪ੍ਰੋਜੈਕਟਾਂ ਵਿੱਚ ਸ਼ਾਮਲ ਹੋਣ ਲਈ ਨੌਜਵਾਨ ਅਤੇ ਬਜ਼ੁਰਗ ਪੰਜਾਬੀ ਬੋਲਣ ਵਾਲਿਆਂ ਲਈ ਤੁਹਾਡੇ ਕੋਲ ਸੇਧ ਦੇਣ ਲਈ ਕਿਹੜੇ ਸ਼ਬਦ ਹਨ? ਸਵੈ-ਇੱਛਤ ਭਾਗੀਦਾਰੀ ਤੁਹਾਡੀ ਭਾਸ਼ਾ ਨੂੰ ਕਿਵੇਂ ਅਮੀਰ ਬਣਾ ਸਕਦੀ ਹੈ?

ਐੱਸ.ਜੀ.: ਮੈਂ ਸਭ ਦਾ ਇਸ ਗੱਲ ਵੱਲ ਧਿਆਨ ਦਿਵਾਉਣਾ ਚਾਹਾਂਗਾ ਕਿ ਇੰਟਰਨੈਟ ਉਹੀ ਹੈ ਜੋ ਅਸੀਂ ਸਿਰਜਦੇ ਹਾਂ। ਵਿਕੀਪੀਡੀਆ ਜਾਂ ਗਲੋਬਲ ਵੁਆਇਸਸ ਵਰਗੇ ਪ੍ਰੋਜੈਕਟ ਕੁਝ ਭਾਗੀਦਾਰਾਂ ਅਤੇ ਨਾਗਰਿਕਾਂ ਦੁਆਰਾ ਸੰਚਾਲਿਤ ਪ੍ਰੋਜੈਕਟ ਹਨ ਜੋ ਸਾਨੂੰ ਦਿਖਾਉਂਦੇ ਹਨ ਕਿ ਗਿਆਨ ਦੇ ਪ੍ਰਤੀ ਭਾਵੁਕ ਲੋਕਾਂ ਦਾ ਇਕੱਠੇ ਹੋਣਾ ਅਤੇ ਆਪਣੇ ਸੁਪਨਿਆਂ ਦੇ ਡਿਜੀਟਲ ਸਮਾਜ ਦਾ ਨਿਰਮਾਣ ਕਰਨਾ ਕਿੰਨਾ ਪ੍ਰਭਾਵਸ਼ਾਲੀ ਹੋ ਸਕਦਾ ਹੈ।

ਪੰਜਾਬੀ ਵਿਕੀਪੀਡੀਆ ਨੂੰ ਪਿਛਲੇ ਸਾਲ ਪ੍ਰਤੀ ਮਹੀਨਾ ਔਸਤਨ 750,000 ਪੰਨੇ ਵਿਊਜ਼ ਮਿਲੇ ਸਨ। ਇਹ ਸਾਨੂੰ ਦੱਸਦਾ ਹੈ ਕਿ ਇਹ ਪਲੇਟਫਾਰਮ ਪੰਜਾਬੀ ਇੰਟਰਨੈਟ ਵਰਤੋਂਕਾਰਾਂ ਲਈ ਕਿੰਨਾ ਮਹੱਤਵਪੂਰਨ ਹੈ। ਵਰਤਮਾਨ ਵਿੱਚ, ਪੰਜਾਬੀ ਵਿਕੀਪੀਡੀਆ ‘ਤੇ ਸਿਰਫ਼ 20-25 ਸੰਪਾਦਕ ਹਨ ਅਤੇ ਜਿੰਨੀ ਇਹ ਸੰਖਿਆ ਵਧੇਗੀ, ਓਨੀ ਹੀ ਬਿਹਤਰ ਸਮੱਗਰੀ ਦੀ ਗੁਣਵੱਤਾ ਹੋਵੇਗੀ ਅਤੇ ਗਿਣਤੀ ਵਿੱਚ ਵੀ ਵਾਧਾ ਹੋਵੇਗਾ।

ਵਿਕੀਪੀਡੀਆ ਦੇ ਹੋਰ ਸਿਸਟਰ ਪ੍ਰੋਜੈਕਟ ਵੀ ਹਨ ਜਿਵੇਂ ਕਿ ਵਿਕੀਸੋਰਸ, ਜੋ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਖ਼ਾਸ ਤੌਰ ‘ਤੇ ਦੁਨੀਆ ਦੀਆਂ ਕੁਝ ਘੱਟ ਨੁਮਾਇੰਦਗੀ ਵਾਲੀਆਂ ਭਾਸ਼ਾਵਾਂ ਲਈ। ਪੰਜਾਬੀ ਵਿਕੀਸਰੋਤ ਪੰਜਾਬੀ ਭਾਸ਼ਾ ਲਈ ਇੱਕੋ-ਇੱਕ ਟ੍ਰਾਂਸਕ੍ਰਿਪਸ਼ਨ ਪਲੇਟਫਾਰਮ ਹੈ (ਜੋ ਸਕੈਨ ਕੀਤੀਆਂ ਕਿਤਾਬਾਂ ਤੋਂ ਡਿਜੀਟਲ, ਕਾਪੀ ਕਰਨ ਯੋਗ ਫਾਰਮੈਟ ਬਣਾਉਣ ਵਿੱਚ ਮਦਦ ਕਰਦਾ ਹੈ)। ਇਹ ਇੰਟਰਨੈੱਟ ‘ਤੇ ਮੌਜੂਦ ਵਿਰਲੀਆਂ ਵੈੱਬਸਾਈਟਾਂ ਵਿੱਚੋਂ ਇੱਕ ਹੈ ਜਿੱਥੇ ਮੈਂ ਆਪਣੇ ਕਿੰਡਲ ਲਈ ਪੰਜਾਬੀ ਕਿਤਾਬਾਂ ਡਾਊਨਲੋਡ ਕਰ ਸਕਦਾ ਹਾਂ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.