ਇਹ ਲੇਖ ਦਾ ਮੌਲਿਕ ਰੂਪ ਵਿੱਚ ਮਿਆਂਮਾਰ ਵਿੱਚ ਇੱਕ ਸੁਤੰਤਰ ਖ਼ਬਰਾਂ ਦੀ ਵੈਬਸਾਈਟ ‘ਦ ਇਰਾਵਾਡੀ’ ਵਿੱਚ ਪ੍ਰਕਾਸ਼ਤ ਹੋਇਆ ਸੀ, ਅਤੇ ‘ਦ ਇਰਾਵਾਡੀ’ ਨਾਲ ਇੱਕ ਸਮਗਰੀ ਸਾਂਝ ਸਮਝੌਤਾ ਹੋਣ ਕਾਰਨ ਗਲੋਬਲ ਵੋਆਇਸਿਸ ਉੱਤੇ ਇਸ ਦਾ ਸੰਪਾਦਿਤ ਰੂਪ ਪ੍ਰਕਾਸ਼ਤ ਕੀਤਾ ਗਿਆ ਹੈ।
“#How_Many_Dead_Bodies_UN_Need_To_Take_Action?” ਹੈਸ਼ਟੈਗ ਹੈ ਜੋ ਨਯੀ ਨਯੀ ਔਂਗ ਹਤੇਤ ਨਾਇੰਗ, ਨੇ ਸ਼ਨੀਵਾਰ ਰਾਤ ਨੂੰ, 27 ਫਰਵਰੀ ਨੂੰ ਆਪਣੇ ਫੇਸਬੁੱਕ ਖਾਤੇ ਉੱਤੇ ਪੋਸਟ ਕੀਤਾ।
ਮਿਆਂਮਾਰ ਦੀ ਫੌਜੀ ਤਾਨਾਸ਼ਾਹੀ ਨੂੰ ਰੋਕਣ ਲਈ ਸੰਯੁਕਤ ਰਾਸ਼ਟਰ ਦੇ ਦਖ਼ਲ ਲਈ ਪ੍ਰਸਿੱਧ ਸੋਸ਼ਲ ਮੀਡੀਆ ਸਾਈਟ ਉੱਤੇ ਉਸ ਦਾ ਸੱਦਾ ਉਸਦੀ ਆਖਰੀ ਪੋਸਟ ਸੀ।
ਐਤਵਾਰ ਦੀ ਸਵੇਰ ਨੂੰ, 23 ਸਾਲਾ ਨੈਟਵਰਕ ਇੰਜੀਨੀਅਰ ਨੇ ਆਪਣੀ ਜ਼ਿੰਦਗੀ ਦੀ ਕੁਰਬਾਨੀ ਦੇ ਕੇ ਇਸ ਸੱਦੇ ਨੂੰ ਹੋਰ ਬੁਲੰਦ ਕੀਤਾ।
ਉਹ ਯਾਂਗੋਂ (ਰੰਗੂਨ) ਦੇ ਹਲੇਦਾਨ ਵਿੱਚ ਦੇਸ਼ ਦੇ ਫੌਜੀ ਸ਼ਾਸਨ ਦੇ ਵਿਰੋਧ-ਪ੍ਰਦਰਸ਼ਨ ਵਿੱਚ ਸ਼ਾਮਲ ਸੀ ਜਦੋਂ ਮਿਆਂਮਾਰ ਦੇ ਸੁਰੱਖਿਆ ਬਲਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਗੋਲੀ ਉਸ ਦਾ ਸੀਨਾ ਵਿੰਨ੍ਹ ਗਈ ਸੀ।
ਮਿਆਂਮਾਰ ਦੇ ਸੈਨਿਕ-ਵਿਰੋਧੀ-ਵਿਰੋਧ ਪ੍ਰਦਰਸ਼ਨ ਐਤਵਾਰ ਨੂੰ ਖ਼ੂਨੀ ਸੂਰਤ ਅਖਤਿਆਰ ਕਰ ਗਏ ਜਦੋਂ ਸੁਰੱਖਿਆ ਬਲਾਂ ਨੇ ਦੇਸ਼ ਭਰ ਵਿੱਚ ਮਾਰਚ ਕਰਦੇ ਆਮ ਨਾਗਰਿਕਾਂ ਉੱਤੇ ਗੋਲੀਆਂ ਦੀ ਬੁਛਾੜ ਕਰ ਦਿੱਤੀ।
ਸਪੱਸ਼ਟ ਹੈ ਕਿ ਇਹ ਹਿੰਸਾ ਫੌਜੀ ਜੁੰਡਲੀ ਵਲੋਂ ਪਿਛਲੇ ਹਫ਼ਤੇ ਤੋਂ ਸੈਨਿਕ ਰਾਜ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਕਰ ਰਹੇ ਮਿਆਂਮਾਰ ਦੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਸੀ। ਜੇ ਟੀਚਾ ਇਹ ਸੀ, ਤਾਂ ਇਹ ਅਸਫਲ ਰਿਹਾ।
ਖ਼ੂਨ ਦੇ ਪਿਆਸੇ ਸੁਰੱਖਿਆ ਬਲਾਂ ਦੀ ਮੌਜੂਦਗੀ ਦੇ ਬਾਵਜੂਦ ਐਤਵਾਰ ਨੂੰ ਦਿਨ-ਭਰ ਸੜਕਾਂ ਉੱਤੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਹੋਰ ਵੀ ਵਧਦੀ ਗਈ। ਸਖਤੀ ਦੀ ਰਣਨੀਤੀ ਨੇ ਦੇਸ਼ ਭਰ ਦੇ ਲੋਕਾਂ ਨੂੰ ਫੌਜ ਦੇ ਵਿਰੁੱਧ ਹੋਰ ਵੀ ਇਕਜੁੱਟ ਕਰਨ ਵਿੱਚ ਚੰਗੀ ਸਹਾਇਤਾ ਕੀਤੀ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਮਿਆਂਮਾਰ ਦੇ ਸ਼ਾਸਨ ਅਤੇ ਲੋਕਾਂ ਵਿੱਚ ਲੜਾਈ ਹੋਰ ਤਿੱਖੀ ਹੋ ਗਈ।
ਸਰਕਾਰ-ਵਿਰੋਧੀ ਰੈਲੀਆਂ ਤਿੰਨ ਹਫਤੇ ਪਹਿਲਾਂ ਸ਼ੁਰੂ ਹੋਈਆਂ ਸਨ, ਉਸ ਤੋਂ ਬਾਅਦ ਇਸ ਐਤਵਾਰ ਨੂੰ ਇਕ ਹੀ ਦਿਨ ਵਿੱਚ ਵਿਰੋਧ-ਪ੍ਰਦਰਸ਼ਨ ਦੌਰਾਨ ਸਭ ਤੋਂ ਵੱਧ ਜਾਨਾਂ ਗਈਆਂ। ਦੇਸ਼ ਭਰ ਵਿੱਚੋਂ ਕਈ ਥਾਵਾਂ – ਦੇਸ਼ ਦੇ ਦੂਰ ਦੱਖਣ ਵਿੱਚ ਦਵੇਈ ਤੋਂ ਲੈ ਕੇ ਮਿਆਂਮਾਰ ਦੇ ਸਭ ਤੋਂ ਵੱਡੇ ਸ਼ਹਿਰ ਯਾਂਗੋਂ, ਦਿਹਾਤ ਅੰਦਰ ਮਾਂਡਲੇ ਅਤੇ ਹੋਰ ਇਲਾਕਿਆਂ ਤੋਂ ਜਾਨਲੇਵਾ ਗੋਲੀਬਾਰੀ ਦੀਆਂ ਖ਼ਬਰਾਂ ਮਿਲੀਆਂ ਹਨ।
ਪਿਛਲੇ ਮਹੀਨੇ ਦੇ ਸ਼ੁਰੂ ਵਿੱਚ ਸੈਨਿਕ ਰਾਜਪਲਟੇ ਤੋਂ ਬਾਅਦ ਮਿਆਂਮਾਰ ਵਿੱਚ ਸ਼ਾਸਨ ਵਿਰੋਧੀ ਜਨਤਕ ਰੈਲੀਆਂ ਰੋਜ਼ਾਨਾ ਜ਼ੋਰ ਫੜਦੀਆਂ ਗਈਆਂ ਹਨ। ਸੈਨਿਕ ਤਾਨਾਸ਼ਾਹੀ ਦੀ ਨਿੰਦਾ ਕਰਦਿਆਂ, ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੋਂ ਨਜ਼ਰਬੰਦ ਕੀਤੇ, ਲੋਕਤੰਤਰੀ ਢੰਗ ਨਾਲ਼ ਚੁਣੇ ਗਏ ਨੇਤਾਵਾਂ, ਰਾਸ਼ਟਰਪਤੀ ਯੂ ਵਿੱਨ ਮਾਇਨਟ, ਸਟੇਟ ਕੌਂਸਲਰ ਡਾਓ ਔਂਗ ਸੈਨ ਸੂ ਕੀ ਅਤੇ ਹੋਰਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਇਸ ਐਤਵਾਰ ਤੋਂ ਪਹਿਲਾਂ ਵੀ ਵਿਰੋਧ-ਪ੍ਰਦਰਸ਼ਨਾਂ ਨੇ ਰਾਜਧਾਨੀ ਨੈਪੀਟੌ ਅਤੇ ਮਾਂਡਲੇ ਸਮੇਤ ਦੇਸ਼ ਦੇ ਹੋਰ ਹਿੱਸਿਆਂ ਵਿੱਚ ਖ਼ੂਨ ਖਰਾਬਾ ਹੋ ਚੁੱਕਾ ਸੀ। ਇਨ੍ਹਾਂ ਥਾਵਾਂ ਉੱਤੇ ਪਿਛਲੇ ਹਫ਼ਤੇ ਪੁਲਿਸ ਅਤੇ ਸੈਨਿਕਾਂ ਨੇ ਇੱਕ 16 ਸਾਲਾ ਲੜਕੇ ਸਮੇਤ ਪੰਜ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਦਿੱਤੀ ਸੀ।
ਐਤਵਾਰ ਨੂੰ, ਹਕੂਮਤ ਖਿਲਾਫ ਮਿਆਂਮਾਰ ਦੀ ਦੂਜੀ ਆਮ ਹੜਤਾਲ ਵਿੱਚ ਸ਼ਾਮਲ ਹੋਣ ਦੇ ਵਿਰੋਧ-ਪ੍ਰਦਰਸ਼ਨਕਾਰੀਆਂ ਦੇ ਸੱਦੇ ਦੇ ਹੁੰਗਾਰੇ ਵਜੋਂ ਲੋਕ ਸੜਕਾਂ ਉੱਤੇ ਉਤਰ ਆਏ। ਇਹ ਮਿਲਕ ਟੀ ਗੱਠਜੋੜ, ਜੋ ਕਿ ਥਾਈਲੈਂਡ, ਹਾਂਗ ਕਾਂਗ ਅਤੇ ਤਾਈਵਾਨ ਵਿੱਚ ਕਾਰਕੁਨਾਂ ਦਾ ਇੱਕ ਗੱਠਜੋੜ ਹੈ, ਹੈਸ਼ਟੈਗ #MilkTeaAlliance ਦੀ ਵਰਤੋਂ ਕਰਦਿਆਂ ਉਨ੍ਹਾਂ ਦੀ ਯਕਜਹਿਤੀ ਲਈ ਲੋਕਤੰਤਰ ਪੱਖੀ ਕਾਰਕੁੰਨਾਂ ਦੀ ਬੇਨਤੀ ਨਾਲ ਵੀ ਮੇਲ ਖਾਂਦਾ ਸੀ। ਗੱਠਜੋੜ ਦਾ ਨਾਮ ਪੂਰੇ ਖੇਤਰ ਵਿੱਚ ਵਰਤੀਆਂ ਜਾਣ ਵਾਲੀਆਂ ਅਨੇਕ ਕਿਸਮਾਂ ਦੀਆਂ ਦੁੱਧ ਵਾਲੀਆਂ ਚਾਹਾਂ ਨੂੰ ਦਰਸਾਉਂਦਾ ਹੈ। ਇਹ ਗੱਠਜੋੜ ਚੀਨ ਦੇ ਵੱਧ ਰਹੇ ਪ੍ਰਭਾਵ ਦਾ ਵਿਰੋਧ ਕਰਦਾ ਹੈ।
ਯਾਂਗੋਂ ਵਿੱਚ, ਪੁਲਿਸ ਅਤੇ ਸੈਨਿਕਾਂ ਨੇ ਸਵੇਰੇ ਸ਼ੁਰੂ ਹੋਏ ਵਿਰੋਧ-ਪ੍ਰਦਰਸ਼ਨਕਾਰੀਆਂ ਉੱਤੇ ਅੱਤਿਆਚਾਰ ਸ਼ੁਰੂ ਕਰ ਦਿੱਤੇ ਸਨ, ਜਿਸ ਨਾਲ਼ ਘੱਟੋ ਘੱਟ ਚਾਰ ਲੋਕਾਂ ਦੀ ਮੌਤ ਹੋ ਗਈ। ਯਾਂਗੋਂ ਦੇ ਇਕ ਸਰਕਾਰੀ ਜਨਰਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਦੇ ਮੁਖੀ ਅਨੁਸਾਰ ਤਿੰਨ ਜਣਿਆਂ ਦੀ ਸਿਰ ਅਤੇ ਪੇਟ ਵਿੱਚ ਗੋਲੀਆਂ ਲੱਗਣ ਨਾਲ ਮੌਤ ਹੋ ਗਈ।
Out of 19 wounded people we have treated today, 15 were hit with live bullets. Two are in critical condition as they were hit in the throat and abdomen.
ਜ਼ਖਮੀ ਹੋਏ 19 ਵਿਅਕਤੀਆਂ ਵਿੱਚੋਂ ਜਿਨ੍ਹਾਂ ਦਾ ਅਸੀਂ ਅੱਜ ਇਲਾਜ ਕੀਤਾ ਹੈ, 15 ਵਿਅਕਤੀਆਂ ਨੂੰ ਗੋਲੀਆਂ ਲੱਗੀਆਂ ਸੀ। ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ ਕਿਉਂਕਿ ਉਨ੍ਹਾਂ ਦੇ ਗਲੇ ਅਤੇ ਪੇਟ ਵਿੱਚ ਗੋਲੀਆਂ ਲੱਗੀਆਂ ਸਨ।
ਯਾਂਗੋਂ ਵਿੱਚ ਮੈਡੀਕਲ, ਫਾਰਮਾਸਿਟੀਕਲ ਅਤੇ ਪੈਰਾ ਮੈਡੀਕਲ ਯੂਨੀਵਰਸਿਟੀਆਂ ਦੇ ਡਾਕਟਰਾਂ, ਨਰਸਾਂ ਅਤੇ ਵਿਦਿਆਰਥੀਆਂ ਦੇ ਸਾਂਝੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਹਿਰ ਦੀ ਯਾਨਕਿਨ ਟਾਊਨਸ਼ਿਪ ਵਿੱਚ ਸੈਨਿਕਾਂ ਅਤੇ ਪੁਲਿਸ ਨੇ ਹਮਲਾ ਕੀਤਾ ਸੀ। ਹਜ਼ਾਰਾਂ ਮੁਜ਼ਾਹਰਾਕਾਰੀਆਂ ਵਿੱਚੋਂ 211 ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਕਈਆਂ ਨੂੰ ਡਾਂਗਾਂ ਨਾਲ ਮਾਰਨ ਤੋਂ ਬਾਅਦ ਮੋਢੇ ਦੀਆਂ ਹੱਡੀਆਂ ਉੱਤੇ ਜਾਂ ਖੋਪੜੀ ਦੀਆਂ ਸੱਟਾਂ ਲੱਗੀਆਂ ਸਨ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੂੰ ਦੁਪਹਿਰ ਨੂੰ ਰਿਹਾ ਕਰ ਦਿੱਤਾ ਗਿਆ ਸੀ, ਪਰੰਤੂ ਇੱਕ ਕਾਗਜ਼ ਉੱਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਗਿਆ ਸੀ ਜਿਸ ਵਿੱਚ ਲਿਖਿਆ ਗਿਆ ਸੀ ਕਿ ਉਹ ਦੁਬਾਰਾ ਵਿਰੋਧ-ਪ੍ਰਦਰਸ਼ਨਾਂ ਵਿੱਚ ਸ਼ਾਮਲ ਨਹੀਂ ਹੋਣਗੇ।
ਹਿਰਾਸਤ ਵਿੱਚ ਲਏ ਗਏ ਲੋਕਾਂ ਵਿੱਚ ਸ਼ਾਮਲ ਇੱਕ 30 ਸਾਲਾ ਡਾਕਟਰ ਨੇ ਆਪਣੀ ਕਹਾਣੀ ਸਾਂਝੀ ਕੀਤੀ।
They just directly charged on us. Not even bothering to warn us to disperse.
ਉਨ੍ਹਾਂ ਨੇ ਸਾਡੇ ਉੱਤੇ ਸਿੱਧਾ ਹੀ ਹਮਲਾ ਬੋਲ ਦਿੱਤਾ। ਸਾਨੂੰ ਖਿੰਡ ਜਾਣ ਦੀ ਚੇਤਾਵਨੀ ਦੇਣ ਦੀ ਖੇਚਲ਼ ਵੀ ਨਹੀਂ ਕੀਤੀ।
ਦੂਜੇ ਸਾਲ ਦਾ ਮੈਡੀਕਲ ਵਿਦਿਆਰਥਣ, ਜਿਸ ਨੇ ਆਪਣਾ ਨਾਮ ਵੈਂਡੀ ਦੱਸਿਆ, ਉਸ ਦੇ ਸਿਰ ਉੱਤੇ ਡਾਂਗਾਂ ਮਾਰੀਆਂ ਗਈਆਂ। ਉਸ ਨੂੰ ਸਿਰਫ ਏਨਾ ਯਾਦ ਸੀ ਕਿ ਉਸਦਾ ਡਿਊਟੀ ਵਾਲਾ ਚਿੱਟਾ ਕੋਟ ਅਚਾਨਕ ਉਸਦੇ ਲਹੂ ਨਾਲ ਲਾਲ ਹੋ ਗਿਆ।
I was too scared to feel the pain at the time.
ਮੈਂ ਉਸ ਸਮੇਂ ਏਨੀ ਡਰੀ ਹੋਈ ਸੀ ਕਿ ਮੈਨੂੰ ਦਰਦ ਵੀ ਮਹਿਸੂਸ ਨਹੀਂ ਹੋਇਆ।
ਦੇਸ਼ ਦੇ ਦੂਰ ਦੱਖਣੀ ਤਨਿੰਥਰੀ ਖੇਤਰ ਦੇ ਦਵੇਈ ਤੋਂ ਸਵੇਰ ਨੂੰ ਮੌਤਾਂ ਅਤੇ ਸੱਟਾਂ ਦੀਆਂ ਖ਼ਬਰਾਂ ਆਈਆਂ।
ਤਖਤਾ ਪਲਟ ਦੇ ਵਿਰੋਧੀਆਂ ਉੱਤੇਦੰਗਾ ਪੁਲਿਸ ਦੁਆਰਾ ਕੀਤੇ ਗਏ ਹਿੰਸਕ ਹਮਲੇ ਵਿੱਚ ਘੱਟੋ ਘੱਟ ਚਾਰ ਵਿਅਕਤੀਆਂ ਦੀ ਗੋਲੀਆਂ ਲੱਗਣ ਨਾਲ਼ ਹੱਤਿਆ ਹੋ ਗਈ ਅਤੇ ਲਗਭਗ 40 ਜ਼ਖਮੀ ਹੋਏ।
ਦੁਪਹਿਰ ਨੂੰ, ਮਾਂਡਲੇ ਵਿੱਚ ਇੱਕ ਵਿਰੋਧ-ਪ੍ਰਦਰਸ਼ਨ ਉੱਤੇ ਗੋਲੀਬਾਰੀ ਦੌਰਾਨ ਸਿਰ ਵਿੱਚ ਗੋਲੀ ਲੱਗਣ ਕਾਰਨ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਪ੍ਰਦਰਸ਼ਨਕਾਰੀਆਂ ਦੀ ਮਦਦ ਕਰਨ ਵਾਲੇ ਇੱਕ ਨੌਜਵਾਨ ਵਾਲੰਟੀਅਰ ਸਣੇ ਕਈ ਲੋਕਾਂ ਨੂੰ ਗੋਲੀਆਂ ਲਗੀਆਂ ਅਤੇ ਕਈ ਜਣੇ ਜ਼ਖਮੀ ਹੋ ਗਏ। ਗਲੀ ਵਿੱਚ ਤੁਰੀ ਜਾ ਰਹੀ ਇੱਕ ਔਰਤ ਦੇ ਸਿਰ ਵਿੱਚ ਗੋਲੀ ਲੱਗੀ ਅਤੇ ਉਸ ਸ਼ਾਮ ਮੌਕੇ ਉੱਤੇ ਹੀ ਉਸ ਦੀ ਮੌਤ ਹੋ ਗਈ।
ਯਾਂਗੋਂ ਵਿੱਚ ਉਨ੍ਹਾਂ ਦੇ ਹਮਾਇਤੀਆਂ ਵਾਂਗ, ਮਾਂਡਲੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ ਨਾਲ ਝੜਪਾਂ ਸਮੇਂ ਵਧੇਰੇ ਬਚਾਓਕਾਰੀ ਪਹੁੰਚ ਅਪਣਾਈ। ਆਪਣੇ ਆਪ ਨੂੰ ਸਖ਼ਤ ਟੋਪਾਂ, ਚਸ਼ਮਿਆਂ ਅਤੇ ਗੈਸ ਮਾਸਕਾਂ ਨਾਲ ਲੈਸ ਕਰਕੇ, ਉਨ੍ਹਾਂ ਨੇ ਹਰ ਉਸ ਚੀਜ਼ ਨਾਲ ਰੋਡ-ਬਲੌਕ ਲਗਾਏ ਜੋ ਉਨ੍ਹਾਂ ਨੂੰ ਹਮਲਾਵਰ ਦੰਗਾ ਪੁਲਿਸ ਅਤੇ ਸੈਨਿਕਾਂ ਨੂੰ ਦੂਰ ਰੱਖਣ ਲਈ ਮਿਲ ਸਕਦੀ ਸੀ। ਕੁਝ ਬਹਾਦਰ ਜਣਿਆਂ ਨੇ ਆਪਣੇ ਆਪ ਨੂੰ ਅਥਰੂ ਗੈਸ ਦੇ ਗੋਲੇ ਵਾਪਸ ਸੁਰੱਖਿਆ ਬਲਾਂ ਵੱਲ ਨੂੰ ਮੋੜਨ ਲਈ ਰੈਕੇਟ ਲਏ ਹੋਏ ਸਨ। ਕੁਝ ਹੋਰਨਾਂ ਨੇ ਡਿੱਗਣ ਸਾਰ ਗੋਲਿਆਂ ਨੂੰ ਢਕ ਦੇਣ ਲਈ ਗਿੱਲੇ ਕੰਬਲਾਂ ਦੀ ਵਰਤੋਂ ਕੀਤੀ।
ਬਾਗੋ ਅਤੇ ਮੈਗਵੇ ਖੇਤਰਾਂ ਵਿੱਚ ਵੀ ਵਿਰੋਧ ਪ੍ਰਦਰਸ਼ਨ ਨਾਲ ਹੋਈਆਂ ਮੌਤਾਂ, ਜ਼ਖਮੀਆਂ ਅਤੇ ਗਿਰਫ਼ਤਾਰੀਆਂ ਦੀ ਖ਼ਬਰ ਮਿਲੀ ਹੈ।
ਗੋਲੀਆਂ, ਗ੍ਰਨੇਡਾਂ ਅਤੇ ਅੱਥਰੂ ਗੈਸ ਦੀ ਵਰਤੋਂ ਕਰਨ ਦੇ ਬਾਵਜੂਦ, ਪੁਲਿਸ ਐਤਵਾਰ ਨੂੰ ਫੌਜੀ ਸ਼ਾਸਨ ਵਿਰੁੱਧ ਦੇਸ਼ ਵਿਆਪੀ ਆਮ ਹੜਤਾਲ ਵਿੱਚ ਹਿੱਸਾ ਲੈਣ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਵਿੱਚ ਅਸਫਲ ਰਹੀ।
ਘਾਤਕ ਗੋਲੀਬਾਰੀ ਦੇ ਬਾਵਜੂਦ ਦੇਸ਼ ਭਰ ਦੇ ਪ੍ਰਦਰਸ਼ਨਕਾਰੀ ਦੁਬਾਰਾ ਸੰਗਠਿਤ ਹੋਏ ਅਤੇ ਉਨ੍ਹਾਂ ਨੇ ਦੁਪਹਿਰ ਤੱਕ ਮਾਰਚ ਅਤੇ ਧਰਨੇ ਜਾਰੀ ਰੱਖੇ। ਜ਼ਾਹਰ ਹੈ ਕਿ ਉਹ ਆਪਣੇ ਸਾਥੀ ਪ੍ਰਦਰਸ਼ਨਕਾਰੀਆਂ ਦੀ ਮੌਤ ਤੋਂ ਦੁਖੀ ਅਤੇ ਗੁੱਸੇ ਵਿੱਚ ਸਨ, ਉਨ੍ਹਾਂ ਨੇ ਦੂਜੇ ਦਿਨਾਂ ਨਾਲ਼ੋਂ ਵੀ ਬੁਲੰਦ ਸਰਕਾਰ ਵਿਰੋਧੀ ਨਾਅਰੇ ਲਗਾਏ।
ਸ਼ਾਸਨ ਵਿਰੋਧੀ ਲੜਾਕਾ, ਟੈਕਨੋਲੋਜੀਕਲ ਯੂਨੀਵਰਸਿਟੀ ਦਾ 22 ਸਾਲਾ ਸਿਥੂ ਆਂਗ, ਇਸ ਲਈ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਇਆ ਕਿਉਂਕਿ ਉਹ ਤਾਨਾਸ਼ਾਹੀ ਦਾ ਵਿਰੋਧ ਕਰਦਾ ਸੀ। ਉਸ ਨੇ ਦੱਸਿਆ ਕਿ ਉਸ ਨੂੰ ਉਸ ਸੂਰਤ ਵਿੱਚ ਆਪਣੇ ਭਵਿੱਖ ਦਾ ਵੀ ਡਰ ਹੈ ਜੇ ਮਿਆਂਮਾਰ ਨੂੰ ਪਾਬੰਦੀਆਂ ਕਾਰਨ ਦੁਬਾਰਾ ਕੌਮਾਂਤਰੀ ਭਾਈਚਾਰੇ ਤੋਂ ਅਲੱਗ ਕਰ ਦਿੱਤਾ ਗਿਆ।
If we don’t resist out of fear, we would be enslaved by them. I believe others will move the protest ahead even if I am taken down.
ਜੇ ਅਸੀਂ ਡਰਦੇ ਵਿਰੋਧ ਨਹੀਂ ਕਰਦੇ, ਤਾਂ ਉਹ ਸਾਨੂੰ ਗ਼ੁਲਾਮ ਬਣਾ ਲੈਣਗੇ। ਮੇਰਾ ਮੰਨਣਾ ਹੈ ਕਿ ਜੇ ਮੈਨੂੰ ਸੁੱਟ ਵੀ ਲਿਆ ਗਿਆ ਤਾਂ ਦੂਸਰੇ ਅੰਦੋਲਨ ਨੂੰ ਅੱਗੇ ਵਧਾਉਣਗੇ।