
ਐਤਵਾਰ ਨੂੰ ਮਾਂਡਲੇ ‘ਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ’ ਤੇ ਸੁਰੱਖਿਆ ਬਲਾਂ ਦੀ ਕੀਤੀ ਗੋਲੀਬਾਰੀ ਨਾਲ ਜ਼ਖਮੀ ਹੋਏ ਇਕ ਨਾਗਰਿਕ ਨੂੰ ਲੈ ਕੇ ਜਾਂਦੇ ਹੋਏ ਬਚਾਅ ਕਰਮਚਾਰੀ। ਫੋਟੋ ਅਤੇ ਕੈਪਸ਼ਨ: ਦ ਇਰਾਵਾਡੀ
ਇਹ ਲੇਖ ਅਸਲ ਵਿੱਚ ਮਿਆਂਮਾਰ ਵਿੱਚ ਇੱਕ ਸੁਤੰਤਰ ਖ਼ਬਰਾਂ ਦੀ ਵੈਬਸਾਈਟ ਦ ਇਰਾਵਾਡੀ ਵਿੱਚ ਪ੍ਰਕਾਸ਼ਤ ਹੋਇਆ ਸੀ, ਅਤੇ ਸਮਗਰੀ ਸਾਂਝ ਸਮਝੌਤੇ ਦੇ ਹਿੱਸੇ ਵਜੋਂ ਗਲੋਬਲ ਵੋਆਇਸਿਸ `ਤੇ ਸੰਪਾਦਿਤ ਰੂਪ ਪ੍ਰਕਾਸ਼ਤ ਹੋਇਆ ਹੈ।
ਅੱਪਡੇਟ: ਐਤਵਾਰ ਤੋਂ ਹੁਣ ਤੱਕ ਬੱਤੀ ਹੋਰ ਮੌਤਾਂ ਦੀ ਖ਼ਬਰ ਮਿਲੀ ਹੈ, ਜਿਨ੍ਹਾਂ ਨਾਲ਼ ਕੁਲ ਗਿਣਤੀ 71 ਹੋ ਗਈ ਹੈ ਅਤੇ 1 ਫਰਵਰੀ ਦੇ ਤਖ਼ਤਾ ਪਲਟ ਤੋਂ ਬਾਅਦ ਇਹ ਸਭ ਤੋਂ ਖੂਨੀ ਦਿਹਾੜਾ ਬਣ ਗਿਆ ਹੈ, ਅਤੇ ਮਿਆਂਮਾਰ ਦੀ ਸਰਕਾਰ ਨੇ ਪ੍ਰਦਰਸ਼ਨਕਾਰੀਆਂ ‘ਤੇ ਆਪਣੀ ਦਮਨ ਵਧਾ ਦਿੱਤਾ ਹੈ। ਸੋਮਵਾਰ (15 ਮਾਰਚ) ਦੁਪਹਿਰ ਤੱਕ ਮਰਨ ਵਾਲਿਆਂ ਦੀ ਕੁੱਲ ਗਿਣਤੀ 167 ਹੋ ਗਈ।
ਮਿਆਂਮਾਰ ਵਿੱਚ ਐਤਵਾਰ ਰੋਸ ਪ੍ਰਦਰਸ਼ਨ ਨਾਲ ਸਬੰਧਤ ਮੌਤਾਂ ਦਾ ਇੱਕ ਹੋਰ ਰਿਕਾਰਡ-ਤੋੜ ਦਿਨ ਸੀ। ਸੁਰੱਖਿਆ ਬਲਾਂ ਨੇ ਦੇਸ਼ ਭਰ ਵਿੱਚ 39 ਤੋਂ ਵੱਧ ਹਕੂਮਤ-ਵਿਰੋਧੀ ਪ੍ਰਦਰਸ਼ਨਕਾਰੀਆਂ ਦੀ ਹੱਤਿਆ ਕਰ ਦਿੱਤੀ ਸੀ। ਇਸ ਨਾਲ਼ ਪਿਛਲੇ ਮਹੀਨੇ ਦੇ ਤਖ਼ਤਾ ਪਲਟ ਤੋਂ ਬਾਅਦ ਹੋਈਆਂ ਮੌਤਾਂ ਦੀ ਕੁੱਲ ਗਿਣਤੀ 134 ਹੋ ਗਈ ਹੈ।
ਇਸ ਦੱਖਣ-ਪੂਰਬੀ ਏਸ਼ੀਆਈ ਦੇਸ਼ ਦਾ ਪਿਛਲਾ ਸਭ ਤੋਂ ਖ਼ੂਨੀ ਦਿਨ 3 ਮਾਰਚ ਸੀ, ਜਦੋਂ ਜੁੰਡਲੀ-ਵਿਰੋਧੀ ਰੋਸ ਪ੍ਰਦਰਸ਼ਨਾਂ ਦੌਰਾਨ ਦੇਸ਼ ਭਰ ਵਿੱਚ ਸੈਨਿਕਾਂ ਅਤੇ ਪੁਲਿਸ ਨੇ 28 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਸੀ।
ਐਤਵਾਰ ਨੂੰ ਯਾਂਗਨ ਦੇ ਪੱਛਮੀ ਹਲੇਂਗ ਥਾਰ ਯਾਰ ਟਾਊਨਸ਼ਿਪ ਵਿੱਚ ਸ਼ਾਸਨ ਖ਼ਿਲਾਫ਼ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨਾਂ ਤੇ ਘਾਤਕ ਕਾਰਵਾਈਆਂ ਦੀ ਲੜੀ ਵਿੱਚ, ਸੁਰੱਖਿਆ ਬਲਾਂ ਨੇ ਹਕੂਮਤ-ਵਿਰੋਧੀ ਪ੍ਰਦਰਸ਼ਨਕਾਰੀਆਂ ਉੱਤੇ ਹਮਲਾ ਕਰਨ ਲਈ ਗੋਲ਼ੀਆਂ, ਅੱਥਰੂ ਗੈਸ ਅਤੇ ਸੁੰਨ ਕਰ ਦੇਣ ਵਾਲ਼ੇ ਗ੍ਰੇਨੇਡਾਂ ਦੀ ਵਰਤੋਂ ਕੀਤੀ। ਸੁਰੱਖਿਆ ਬਲਾਂ ਨੇ ਸਵੇਰੇ 9:30 ਵਜੇ ਤੋਂ ਦੇਰ ਸ਼ਾਮ ਤੱਕ ਗੋਲੀਆਂ ਚਲਾਈਆਂ।
ਟਾਊਨਸ਼ਿਪ ਹਸਪਤਾਲ ਵਿੱਚ ਜ਼ਖਮੀਆਂ ਦੀ ਦੇਖਭਾਲ ਕਰਨ ਵਾਲ਼ੀ ਇੱਕ ਡਾਕਟਰ ਦੇ ਫੇਸਬੁੱਕ ਪੇਜ ਦੇ ਅਨੁਸਾਰ ਐਤਵਾਰ ਸ਼ਾਮ ਨੂੰ 18 ਪ੍ਰਦਰਸ਼ਨਕਾਰੀਆਂ ਦੀ ਗੋਲ਼ੀਆਂ ਲੱਗਣ ਨਾਲ਼ ਮੌਤ ਹੋਈ ਅਤੇ ਅਨੇਕਾਂ ਹੋਰ ਜ਼ਖਮੀ ਹੋਏ। ਉਸਨੇ ਕਿਹਾ ਕਿ ਸਿਰ ਵਿੱਚ ਗੋਲ਼ੀ ਲੱਗੀ ਵਾਲ਼ੇ ਦੋ ਪ੍ਰਦਰਸ਼ਨਕਾਰੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕਾਂ ਦੀ ਗਿਣਤੀ ਵੱਧਣ ਦਾ ਖਦਸ਼ਾ ਹੈ ਕਿਉਂਕਿ ਪੁਲਿਸ ਦੀ ਗੋਲ਼ੀਬਾਰੀ ਦੌਰਾਨ ਹੋਰ ਕੀ ਜਣੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ।
ਪੂਰਬੀ ਯਾਂਗੋਂ ਦੇ ਸਾਊਥ ਡਗੋਂ ਟਾਊਨਸ਼ਿਪ ਵਿਚ, 15 ਸਾਲਾ ਇੱਕ ਲੜਕੀ ਸਮੇਤ ਤਿੰਨ ਨਾਗਰਿਕਾਂ ਦੀ ਸਿਰ ਅਤੇ ਪੇਟ ਵਿਚ ਗੋਲ਼ੀਆਂ ਲੱਗਣ ਨਾਲ ਮੌਤ ਹੋਈ। ਪ੍ਰਦਰਸ਼ਨਕਾਰੀਆਂ ਵਿਚੋਂ ਇਕ ਦੇ ਅਨੁਸਾਰ, ਪੁਲਿਸ ਅਤੇ ਸਿਪਾਹੀਆਂ ਨੇ ਸਵੇਰੇ 6 ਵਜੇ ਪ੍ਰਦਰਸ਼ਨਕਾਰੀਆਂ ‘ਤੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ ਅਤੇ ਸਵੇਰੇ 11:00 ਵਜੇ ਤੱਕ ਜਾਰੀ ਰਹੀ। ਪ੍ਰਦਰਸ਼ਨਕਾਰੀ ਨੇ ਕਿਹਾ ਕਿ 15 ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਕੁਲ ਮਿਲਾ ਕੇ, ਦੱਖਣੀ ਡਗੋਂ ਵਿਚ ਤਕਰੀਬਨ 50 ਲੋਕ ਜ਼ਖ਼ਮੀ ਹੋਏ ਸਨ।
Makeshift barriers placed by residents at Bayintnaung Junction in #Yangon’s Mayangone were burning on Monday morning. The barriers were to prevent police and soldiers from sending reinforcements to Hlaing Thar Yar, where at least 30 anti-coup protesters were killed on Sunday. pic.twitter.com/F0MMn7MeY4
— The Irrawaddy (Eng) (@IrrawaddyNews) March 15, 2021
#ਯਾਂਗੋਂ ਦੇ ਮਯਾਂਗੋਂ ਦੇ ਬਾਈਇੰਟਨੌਂਗ ਜੰਕਸ਼ਨ ਵਿਖੇ ਵਸਨੀਕਾਂ ਦੁਆਰਾ ਖੜੇ ਕੀਤੇ ਗਏ ਕੰਮਚਲਾਊ ਬੈਰੀਅਰ ਸੋਮਵਾਰ ਸਵੇਰੇ ਜਲ ਰਹੇ ਸਨ। ਇਹ ਬੈਰੀਅਰ ਪੁਲਿਸ ਅਤੇ ਸਿਪਾਹੀਆਂ ਨੂੰ ਹਲਾਇੰਗ ਥਾਰ ਯਾਰ ਵਿਖੇ ਮੁੜ ਭੇਜਣ ਤੋਂ ਰੋਕਣ ਲਈ ਸਨ, ਜਿੱਥੇ ਐਤਵਾਰ ਨੂੰ ਘੱਟੋ-ਘੱਟ 30 ਤਖਤਾ-ਪਲਟ-ਵਿਰੋਧੀਆਂ ਦੀ ਮੌਤ ਹੋ ਗਈ ਸੀ। pic.twitter.com/F0MMn7MeY4
- ਦ ਇਰਾਵੱਡੀ (ਇੰਗ) (@IrrawaddyNews) 15 ਮਾਰਚ, 2021
ਸੁਰੱਖਿਆ ਬਲਾਂ ਨੇ ਐਤਵਾਰ ਸਵੇਰੇ ਬਾਗੋ ਵਿਖੇ ਵਿਦਿਆਰਥੀਆਂ ਦੇ ਸਰਕਾਰ- ਵਿਰੋਧੀ ਪ੍ਰਦਰਸ਼ਨ ਤੇ ਵੀ ਹੱਲਾ ਬੋਲ ਦਿੱਤਾ। ਕਰੈਕ ਡਾਊਨ ਦੌਰਾਨ ਇਕ ਜਵਾਨ ਲੜਕੇ ਦੀ ਗੋਲ਼ੀ ਲੱਗਣ ਨਾਲ਼ ਹੱਤਿਆ ਹੋ ਗਈ, ਜਦੋਂ ਕਿ ਤਿੰਨ ਹੋਰ ਲੋਕ ਜ਼ਖਮੀ ਹੋ ਗਏ। ਐਤਵਾਰ ਦੀ ਦੁਪਹਿਰ ਨੂੰ ਸੁਰੱਖਿਆ ਬਲਾਂ ਨੇ ਇਕ ਔਰਤ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੀ ਲਾਸ਼ ਨਾਲ਼ੇ ਵਿੱਚ ਸੁੱਟ ਦਿੱਤੀ।
ਕਾਹਕਿਨ ਰਾਜ ਦੇ ਜੈਡ ਮਾਈਨਿੰਗ ਕੇਂਦਰ ਹਪਾਕਨ ਵਿਚ ਐਤਵਾਰ ਸਵੇਰੇ ਪ੍ਰਦਰਸ਼ਨਕਾਰੀਆਂ ‘ਤੇ ਗੋਲ਼ੀਬਾਰੀ ਕੀਤੀ ਗਈ ਜਿਸ ਵਿੱਚ ਇਕ 30 ਸਾਲਾ ਵਿਅਕਤੀ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ।
ਐਤਵਾਰ ਬਾਅਦ ਦੁਪਹਿਰ ਨੂੰ ਪੁਲਿਸ ਅਤੇ ਸੈਨਿਕਾਂ ਨੇ ਇਸੇ ਤਰ੍ਹਾਂ ਦੀ ਕਾਰਵਾਈ ਕਰਦਿਆਂ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਵਿੱਚ ਇੱਕ ਔਰਤ ਦੀ ਹੱਤਿਆ ਕਰ ਦਿੱਤੀ ਅਤੇ ਛੇ ਹੋਰ ਲੋਕ ਜ਼ਖਮੀ ਹੋ ਗਏ।
ਯਾਂਗੋਂ ਵਿੱਚ ਐਤਵਾਰ ਨੂੰ ਸਭ ਤੋਂ ਵੱਡਾ ਕਰੈਕਡਾਊਨ ਵੇਖਿਆ ਗਿਆ। ਹਲੇਂਗਥਾਯਾਰ ਵਿੱਚ ਮਾਰੇ ਗਏ 18 ਲੋਕਾਂ ਤੋਂ ਇਲਾਵਾ, ਸ਼ਵੇਪਯਿਥਰ, ਉੱਤਰੀ ਓਕਲਾੱਪਾ, ਸਾਊਥ ਡਗੋਂ, ਇਨਸੇਨ, ਹਲੇਂਗ, ਥਿੰਗਯਾਂਗਿਯੁਨ ਅਤੇ ਉੱਤਰੀ ਡਗੋਂ ਸਣੇ ਯਾਂਗੋਂ ਦੇ ਅਨੇਕਾਂ ਕਸਬਿਆਂ ਵਿੱਚ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਪੁਲਿਸ ਹਮਲੇ ਦੌਰਾਨ 17 ਜਣੇ ਹੋਰ ਮਾਰੇ ਗਏ ਸਨ।
ਯਾਂਗੋਂ ਦੇ ਹਲੇਂਗਥਯਾਰ ਟਾਊਨਸ਼ਿਪ, ਜਿੱਥੇ ਕਈ ਪ੍ਰਦਰਸ਼ਨਕਾਰੀ ਮਾਰੇ ਗਏ ਸਨ, ਪ੍ਰਦਰਸ਼ਨ ਵਿਚ ਹਿੱਸਾ ਲੈਣ ਵਾਲ਼ੇ ਇਕ ਪ੍ਰਦਰਸ਼ਨਕਾਰੀ ਨੇ ਇਰਾਵਾਡੀ ਨੂੰ ਦੱਸਿਆ:
These shooting are totally unacceptable. They are not dispersing the protests. They are just murdering the people with violence.
ਇਹ ਗੋਲ਼ੀਬਾਰੀ ਮੂਲੋਂ ਮਾੜੀ ਗੱਲ ਹੈ। ਉਹ ਵਿਰੋਧ ਪ੍ਰਦਰਸ਼ਨਾਂ ਨੂੰ ਖਿੰਡਾ ਨਹੀਂ ਰਹੇ। ਉਹ ਹਿੰਸਾ ਨਾਲ ਲੋਕਾਂ ਦਾ ਕਤਲਾਮ ਕਰ ਰਹੇ ਹਨ।
ਯਾਂਗੋਂ ਦੇ ਟਾਮਵੇ ਟਾਊਨਸ਼ਿਪ ਵਿੱਚ, ਇੱਕ ਜੂਨੀਅਰ ਮੈਡੀਕਲ ਵਿਦਿਆਰਥੀ ਨੂੰ ਟਾਊਨਸ਼ਿਪ ਪੁਲਿਸ ਸਟੇਸ਼ਨ ਦੇ ਸੁਰੱਖਿਆ ਬਲਾਂ ਨੇ ਗੋਲ਼ੀ ਮਾਰ ਦਿੱਤੀ। ਵੀਡਿਓ ਰਿਕਾਰਡਾਂ ਵਿੱਚ ਪੁਲਿਸ ਇੱਕ ਨੌਜਵਾਨ ਦੀ ਜ਼ਖਮੀ, ਖੂਨ ਨਾਲ਼ ਲਥਪਥ ਲਾਸ਼ ਨੂੰ ਧੂੰਹਦੀ ਹੋਈ, ਅਤੇ ਵਿਦਿਆਰਥੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਇੱਕ ਔਰਤ ਨੂੰ ਕੁੱਟਦੀ ਤੇ ਠੇਡੇ ਮਾਰਦੀ ਨਜ਼ਰ ਆਉਂਦੀ ਹੈ। ਉਸ ਔਰਤ ਨੂੰ ਪੁਲਿਸ ਨੇ ਆਪਣੇ ਨਾਲ ਲੈ ਗਈ। ਨਜ਼ਦੀਕੀ ਦੋਸਤਾਂ ਅਨੁਸਾਰ ਐਤਵਾਰ ਸ਼ਾਮ ਤੱਕ ਵੀ ਵਿਦਿਆਰਥੀ ਦੀ ਹਾਲਤ ਅਜੇ ਗੰਭੀਰ ਸੀ।
1 ਫਰਵਰੀ ਨੂੰ ਇੱਕ ਤਖਤਾ-ਪਲਟ ਤੋਂ ਬਾਅਦ ਮਿਆਂਮਾਰ ਵਿੱਚ ਹਕੂਮਤ ਵਿਰੋਧੀ ਮੁਜ਼ਾਹਰੇ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਭੜਕੇ ਹੋਏ ਹਨ। ਫਰਵਰੀ ਦੇ ਅੱਧ ਤੋਂ, ਜੁੰਡਲੀ ਦੇਸ਼ ਭਰ ਵਿੱਚ ਪ੍ਰਦਰਸ਼ਨਕਾਰੀਆਂ ਉੱਤੇ ਹਿੰਸਕ ਹੱਲੇ ਤੇਜ਼ ਕਰ ਰਹੀ ਹੈ ਅਤੇ ਦਾਅਵੇ ਇਹ ਕਰਦੀ ਹੈ ਕਿ ਭੀੜ ਦੇ ਨਿਯੰਤਰਣ ਲਈ “ਤਾਕਤ ਦੀ ਘੱਟੋ ਘੱਟ ਵਰਤੋਂ” ਕੀਤੀ ਜਾ ਰਹੀ ਹੈ।