ਇਹ ਪੋਸਟ ਮੂਲ ਰੂਪ ਵਿੱਚ EurasiaNet.org ਲਈ ਇਜਾਜ਼ਤ ਨਾਲ ਮੁੜ-ਪ੍ਰਕਾਸ਼ਿਤ ਕੀਤੀ ਗਈ ਹੈ।
ਕਜ਼ਾਖ਼ਸਤਾਨ ਦੀ ਲਾਤੀਨੀ ਵਰਨਮਾਲਾ ਵੱਲ ਯੋਜਨਾਬੱਧ ਸ਼ਿਫਟ ਨਾਲ ਕਈ ਗੁੰਝਲ ਸਵਾਲ ਖੜ੍ਹੇ ਹੁੰਦੇ ਹਨ। ਚਾਹੇ ਵਰਨਮਾਲਾਵਾਂ ਆਪਣੇ ਆਪ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਨਾ ਹੋਣ ਪਰ ਇਹ ਦੁਨੀਆਂ ਵਿੱਚ ਕਿਸੇ ਮੁਲਕ ਦਾ ਸਥਾਨ ਨਿਸ਼ਚਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
ਇੱਕ ਤੁਰਕੋਲੋਜਿਸਟ ਹੋਣ ਦੇ ਨਾਤੇ, ਮੈਂ ਨਿਯਮਿਤ ਤੌਰ ਉੱਤੇ ਰੁਨੀਫੋਰਮ (ਪੁਰਾਤਨ) ਤੁਰਕੀ ਵਰਨਮਾਲਾ, ਉਈਗੂਰ ਵਰਨਮਾਲਾ, ਅਰਬੀ ਵਰਨਮਾਲਾ ਅਤੇ ਹੋਰਾਂ ਦੀ ਵਰਤੋਂ ਕਰਦਿਆਂ ਕਈ ਇਤਿਹਾਸਕ ਤੁਰਕੀ ਭਾਸ਼ਾਵਾਂ ਦੀ ਪੜ੍ਹਾਉਂਦਾ ਹਾਂ। ਤੁਰਕੋਲੋਜਿਸਟ ਸੀਰੀਆਕ , ਅਰਮੀਨੀਆਈ, ਇਬਰਾਨੀ, ਯੂਨਾਨੀ ਅਤੇ ਹੋਰ ਵਰਨਮਾਲਾਵਾਂ ਵਿੱਚ ਲਿਖੀਆਂ ਜਾਂਦੀਆਂ ਵੱਖ-ਵੱਖ ਤੁਰਕੀ ਭਾਸ਼ਾਵਾਂ ਦਾ ਵੀ ਅਧਿਐਨ ਕਰਦੇ ਹਨ।
ਸੰਖੇਪ ਰੂਪ ਵਿਚ ਦੱਸਿਆ ਜਾਵੇ ਤਾਂ ਤੁਸੀਂ ਤੁਰਕੀ ਭਾਸ਼ਾਵਾਂ ਲਿਖਣ ਲਈ ਬਹੁਤ ਸਾਰੇ ਵੱਖ ਵੱਖ ਅੱਖਰ ਵਰਤ ਸਕਦੇ ਹੋ। ਤਕਨੀਕੀ ਦ੍ਰਿਸ਼ਟੀਕੋਣ ਤੋਂ, ਸਿਰਫ਼ ਇਹ ਪ੍ਰਸ਼ਨ ਹੈ ਕਿ ਕੋਈ ਵਿਸ਼ੇਸ਼ ਵਰਨਮਾਲਾ ਭਾਸ਼ਾ ਦੀਆਂ ਧੁਨੀਆਂ ਨੂੰ ਕਿੰਨੇ ਦਰੁਸਤ ਤੌਰ ਉੱਤੇ ਪੇਸ਼ ਕਰਦੀ ਹੈ।
ਫ਼ਾਰਸੀ ਲਈ ਜੋੜੇ ਵਾਧੂ ਅੱਖਰਾਂ ਸਹਿਤ ਅਰਬੀ ਵਰਨਮਾਲਾ ਦਾ ਕਲਾਸਿਕ ਸੰਸਕਰਣ – ਤੁਰਕ ਭਾਸ਼ਾਵਾਂ ਦੇ ਸਵਰਾਂ ਨੂੰ ਸਹੀ ਢੰਗ ਨਾਲ ਪੇਸ਼ ਨਹੀਂ ਕਰਦਾ। ਫਿਰ ਵੀ, ਇਸਦੀ ਵਰਤੋਂ 20ਵੀਂ ਸਦੀ ਦੇ ਅਰੰਭ ਤੱਕ ਮੱਧ ਏਸ਼ੀਆ ਵਿੱਚ ਚਗਤਾਈ ਤੁਰਕੀ ਲਈ ਅਤੇ ਓਟੋਮਨ ਸਾਮਰਾਜ ਵਿੱਚ ਓਟੋਮਨ ਤੁਰਕੀ ਲਈ ਸਫਲਤਾਪੂਰਵਕ ਕੀਤੀ ਗਈ ਸੀ। 19ਵੀਂ ਸਦੀ ਦੇ ਅਖੀਰ ਅਤੇ 20ਵੀਂ ਸਦੀ ਦੇ ਅਰੰਭ ਵਿੱਚ, ਸਵਰਾਂ ਨੂੰ ਵਧੇਰੇ ਸਹੀ ਢੰਗ ਨਾਲ ਪੇਸ਼ ਕਰਨ ਲਈ ਨਵੀਆਂ ਕਾਢਾਂ ਕੀਤੀਆਂ ਗਈਆਂ ਸਨ, ਅਤੇ ਇਸਦੀ ਉਦਾਹਰਨ ਉਇਗੂਰ ਲਈ ਵਰਤੀ ਜਾਂਦੀ ਸੁਧਾਰੀ ਗਈ ਅਰਬੀ ਵਰਨਮਾਲਾ ਵਿੱਚ ਦੇਖਣ ਨੂੰ ਮਿਲਦੀ ਹੈ।
ਤੁਰਕੀ ਭਾਸ਼ਾਵਾਂ ਲਈ ਲਾਤੀਨੀ ਵਰਨਮਾਲਾ ਦੀ ਵਰਤੋਂ ਕਰਨਾ ਕੋਈ ਨਵਾਂ ਵਰਤਾਰਾ ਨਹੀਂ ਹੈ। ਇਸਦੀ ਵਰਤੋਂ 14ਵੀਂ ਸਦੀ ਦੇ ਅਰੰਭ ਵਿੱਚ ਕਿਪਚਕ ਤੁਰਕ ਦੀ ਇੱਕ ਉਪਭਾਸ਼ਾ ਵਿੱਚ ਕੋਡੈਕਸ ਕੁਮੇਨਿਕਸ ਲਿਖਣ ਲਈ ਕੀਤੀ ਗਈ ਸੀ। ਤੁਰਕੀ ਨੇ 1928 ਵਿੱਚ ਲਾਤੀਨੀ ਵਰਨਮਾਲਾ ਦਾ ਇੱਕ ਸੰਸਕਰਣ ਅਪਣਾਇਆ, ਅਤੇ ਸੋਵੀਅਤ ਯੂਨੀਅਨ ਦੇ ਟੁੱਟ ਜਾਣ ਤੋਂ ਬਾਅਦ ਅਜ਼ਰਬਾਈਜਾਨ ਅਤੇ ਤੁਰਕਮੇਨਿਸਤਾਨ ਨੇ 1991 ਵਿੱਚ, ਅਤੇ ਉਜ਼ਬੇਕਿਸਤਾਨ ਨੇ 2001 ਵਿੱਚ ਲਾਤੀਨੀ ਵਰਨਮਾਲਾ ਨੂੰ ਅਪਣਾਇਆ।
ਸਾਨੂੰ ਇਹ ਵੀ ਯਾਦ ਕਰਨਾ ਚਾਹੀਦਾ ਹੈ ਕਿ ਸੋਵੀਅਤ ਕਾਲ ਦੇ ਸ਼ੁਰੂ ਵਿਚ ਯੂਨੀਅਨ ਦੀਆਂ ਜ਼ਿਆਦਾਤਰ ਤੁਰਕੀ ਭਾਸ਼ਾਵਾਂ ਇੱਕ ਆਮ ਲਾਤੀਨੀ ਵਰਨਮਾਲਾ – ਅਖੌਤੀ ‘ਯਾਂਗਾਲਿਫ’ ਦੀ ਵਰਤੋਂ ਕਰਦੀਆਂ ਸਨ – ਜਿਸਦੀ ਸ਼ੁਰੂਆਤ 1926 ਵਿੱਚ ਹੋਈ ਸੀ। ਪਰ ਇਸ ਵਰਨਮਾਲਾ ਦੀ ਥਾਂ ਛੇਤੀ ਹੀ ਅੱਡ ਅੱਡ ਸਿਰਲਿਕ-ਅਧਾਰਿਤ ਵਰਨਮਾਲਾਵਾਂ ਨੇ ਲੈ ਲਈ।
ਕਜ਼ਾਖ਼ਸਤਾਨ ਦੇ ਲਾਤੀਨੀ ਵਰਨਮਾਲਾ ਵਿਚ ਯੋਜਨਾਬੱਧ ਬਦਲਾਅ ਨੂੰ ਸਮਰਥਨ ਕਰਨ ਵਾਲੇ ਕਈ ਭਾਸ਼ਾਈ ਕਾਰਕ ਹਨ। ਇਕ ਕਾਰਨ, ਬੇਸ਼ਕ, ਇਹ ਹੈ ਕਿ ਲਾਤੀਨੀ ਵਰਨਮਾਲਾ ਨੂੰ, ਸਿਰੀਲਿਕ ਵਰਨਮਾਲਾ ਦੇ ਮੁਕਾਬਲੇ, ਜਾਣਨ ਵਾਲੇ ਵਿਅਕਤੀਆਂ ਦੀ ਗਿਣਤੀ ਕਿਤੇ ਵੱਧ ਹੈ। ਇਹ ਇੰਟਰਨੈਟ ਅਤੇ ਸੈਲੂਲਰ ਟੈਲੀਫੋਨ ਉੱਤੇ ਸੰਚਾਰ ਲਈ ਵੀ ਵਿਆਪਕ ਤੌਰ ਉੱਤੇ ਵਰਤੀ ਜਾਂਦੀ ਹੈ।
ਮੇਰੇ ਲਈ ਨਿੱਜੀ ਤੌਰ ਉੱਤੇ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਇਕ ਹੋਰ ਵਰਤਾਰਾ ਹੈ ਜੋ ਮੈਂ ਅਕਸਰ ਦੇਖਿਆ ਹੈ। ਕਾਜ਼ਾਨ ਤਤਾਰ – ਮੈਂ ਖੁਦ ਕਾਜ਼ਾਨ ਤਾਤਾਰ ਵਿਰਾਸਤ ਦਾ ਹਾਂ – ਕਜ਼ਾਖ਼ ਅਤੇ ਹੋਰ ਭਾਸ਼ਾਵਾਂ ਦੇ ਬੁਲਾਰੇ ਜੋ ਸ਼ਾਇਦ ਆਪਣੀ ਮੂਲ ਭਾਸ਼ਾ ਨੂੰ ਰਵਾਨਗੀ ਨਾਲ ਨਹੀਂ ਜਾਣਦੇ ਸਨ ਅਕਸਰ ਖੁਦ ਆਪਣੀ ਭਾਸ਼ਾ ਉੱਪਰ ਰੂਸੀ ਭਾਸ਼ਾ ਅਤੇ ਸਿਰੀਲਿਕ ਵਰਨਮਾਲਾ ਦੇ ਉਚਾਰਨ ਅਤੇ ਧੁਨੀ ਸੰਬੰਧੀ ਨਿਯਮਾਂ ਨੂੰ ਥੋਪਦੇ ਹਨ।
ਇਸ ਨੂੰ ਤਕਨੀਕੀ ਸ਼ਬਦਾਂ ਵਿਚ ਸਮਝਿਆ ਜਾਵੇ ਤਾਂ, ਰੂਸੀ ਵਿੱਚ ਸਾਹਮਣੇ ਵਾਲੇ ਸਵਰ ਆਪਣੇ ਤੋਂ ਪਹਿਲਾਂ ਆਏ ਵਿਅੰਜਨ ਨੂੰ ਤਾਲਵੀ ਬਣਾ ਦਿੰਦੇ ਹਨ। ਇਸ ਲਈ ਇਨ੍ਹਾਂ ਤੁਰਕੀ ਭਾਸ਼ਾਵਾਂ ਦੇ ਬੁਲਾਰੇਇਸ ਤਰੀਕੇ ਨਾਲ ਸ਼ਬਦ ਬੋਲਦੇ ਹਨ ਜਿਵੇਂ ਕਿ ਉਹ ਰੂਸੀ ਵਿੱਚ ਲਿਖੇ ਹੋਣ – ਹੂਬਹੂ “ਸਪੈਲਿੰਗ ਉਚਾਰਨ” ਕਰਦੇ ਹਨ। ਦੂਜੇ ਸ਼ਬਦਾਂ ਵਿਚ, ਉਹ ਆਪਣੀ ਭਾਸ਼ਾ ਵਿਚ ਸ਼ਬਦਾਂ ਦਾ ਉਚਾਰਨ “ਰੂਸੀ ਲਹਿਜ਼ੇ” ਨਾਲ ਕਰਦੇ ਹਨ। ਮੈਨੂੰ ਕਜ਼ਾਖ਼ ਬੋਲਣ ਵਾਲੇ ਤੁਰਕੀ ਸਿਖਣ ਵਾਲੇ ਵੀ ਮਿਲੇ ਹਨ ਜੋ ਰੂਸੀ ਉਚਾਰਨ ਦੇ ਨਿਯਮਾਂ ਅਨੁਸਾਰ ਤੁਰਕੀ ਦਾ ਉਚਾਰਨ ਕਰਦੇ ਹਨ। ਪੂਰੀ ਸੰਭਾਵਨਾ ਹੈ ਕਿ ਸਕੂਲੀ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਲਾਤੀਨੀ ਵਰਨਮਾਲਾ ਸਿਖਾਉਣ ਨਾਲ ਇਹ ਵਰਤਾਰਾ ਭੰਗ ਹੋ ਜਾਵੇਗਾ।
ਹਾਂ, ਮੈਂ ਕਜ਼ਾਖ਼ ਭਾਸ਼ਾ ਲਈ ਸਿਰੀਲਿਕ ਵਰਨਮਾਲਾ ਦੀ ਥਾਂ ਉੱਤੇ ਲਾਤੀਨੀ ਵਰਨਮਾਲਾ ਦੀ ਵਰਤੋਂ ਦੇ ਹੱਕ ਵਿਚ ਹਾਂ।
ਭਾਸ਼ਾਈ ਵਰਤਾਰਿਆਂ ਤੋਂ ਇਲਾਵਾ ਕਈ ਵਿਚਾਰਨਯੋਗ ਰਾਜਨੀਤਿਕ, ਸਭਿਆਚਾਰਕ ਅਤੇ ਵਿਚਾਰਧਾਰਕ ਤੱਤ ਵੀ ਹਨ। ਦੂਜੇ ਸ਼ਬਦਾਂ ਵਿਚ, ਕੀ ਕਜ਼ਾਖ਼ਸਤਾਨ ਸਦਾ ਲਈ ਰੂਸੀ ਸਾਮਰਾਜ ਅਤੇ ਉਸ ਬਾਅਦ ਬਣੇ ਸੋਵੀਅਤ ਯੂਨੀਅਨ ਨਾਲ ਜੋੜ ਕੇ ਪਛਾਣਿਆ ਜਾਂਦਾ ਰਹੇਗਾ? ਜਾਂ ਕੀ ਇਹ ਯੂਰਪੀਅਨ ਕਮਿਊਨਿਟੀ, ਜਿਸਦਾ ਇਹ ਵੀ ਇੱਕ ਹਿੱਸਾ ਵੀ ਹੈ ਸਮੇਤ ਇੱਕ ਵਿਸ਼ਾਲ ਵਿਸ਼ਵ ਭਾਈਚਾਰੇ ਦੇ ਹਿੱਸੇ ਵਜੋਂ ਵੇਖਿਆ ਜਾਣਾ ਚਾਹੇਗਾ?
ਇਕ ਹੋਰ ਪ੍ਰਸ਼ਨ ਇਹ ਹੈ ਕਿ ਕੀ ਕਜ਼ਾਖ਼ ਦੇਸ਼ ਨੂੰ – ਅਤੇ ਮੈਂ ਇਥੇ ਸਾਰੇ ਕਜ਼ਾਖ਼ਸਤਾਨੀਆਂ ਦੀ ਬਜਾਏ ਨਸਲੀ ਕਜ਼ਾਖ਼ਾਂ ਬਾਰੇ ਸੋਚ ਰਿਹਾ ਹਾਂ – ਬਾਕੀ ਤੁਰਕੀ ਦੁਨੀਆਂ ਤੋਂ ਵੱਖ ਰਹਿਣਾ ਚਾਹੀਦਾ ਹੈ। ਤੁਰਕੀ, ਅਜ਼ਰਬਾਈਜਾਨ ਅਤੇ ਤੁਰਕਮੇਨਿਸਤਾਨ ਸਾਰਿਆਂ ਨੇ ਕੁਝ ਭਿੰਨਤਾਵਾਂ ਨਾਲ ਸਹੀ ਪਰ ਲਾਤੀਨੀ ਵਰਨਮਾਲਾ ਨੂੰ ਅਪਣਾਇਆ ਹੈ। ਕਿਰਗੀਸਤਾਨ ਵੀ ਇਸ ਉੱਤੇ ਵਿਚਾਰ ਕਰ ਰਿਹਾ ਹੈ। ਕਜ਼ਾਖ਼ਸਤਾਨ ਲਈ ਤੁਰਕੀ ਜਗਤ ਦੇ ਇਸ ਵੱਡੇ ਹਿੱਸੇ ਤੋਂ ਅਲੱਗ ਥਲਗ ਰਹਿਣ ਦੀ ਕੀ ਤੁਕ ਹੋਵੇਗੀ, ਖ਼ਾਸਕਰ ਜਦੋਂ ਤੁਰਕੀ ਜਗਤ ਦੇ ਦੂਸਰੇ ਹਿੱਸਿਆਂ ਵਿਚ ਲਾਤੀਨੀ ਵਰਨਮਾਲਾ ਨੂੰ ਅਪਣਾਉਣ ਦੀ ਭਾਵਨਾ ਹੈ? (ਇਹ ਮੰਨਿਆ ਜਾਂਦਾ ਹੈ ਕਿ ਤਾਤਾਰਸਤਾਨ ਵੀ ਤਬਦੀਲੀ ਉੱਤੇ ਵਿਚਾਰ ਕਰੇਗਾ ਜੇ ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਹਾਲਾਂਕਿ ਇਹ ਇਸ ਸਮੇਂ ਰੂਸ ਵਿੱਚ ਸਿਰੀਲਿਕ ਤੋਂ ਇਲਾਵਾ ਕਿਸੇ ਹੋਰ ਵਰਨਮਾਲਾ ਦੀ ਵਰਤੋਂ ਦੇ ਕਨੂੰਨ ਦੇ ਵਿਰੁੱਧ ਹੈ)
ਲਾਤੀਨੀ ਨੂੰ ਅਪਣਾਉਣ ਦੇ ਵਿਰੁੱਧ ਤਰਕ ਸੁਭਾਵਕ ਤੌਰ ਉੱਤੇ ਰੂਸੀ ਸਾਮਰਾਜੀ ਜਾਂ ਸੋਵੀਅਤ ਵਿਚਾਰਧਾਰਾ ਉੱਤੇ ਅਧਾਰਤ ਹਨ।
19ਵੀਂ ਸਦੀ ਦੇ ਅੰਤ ਵਿੱਚ, ਰੂਸ ਦੇ ਸਾਮਰਾਜ ਦੇ ਵੱਖ ਵੱਖ ਮੁਸਲਿਮ ਤੁਰਕੀ ਲੋਕ ਆਧੁਨਿਕ ਪਛਾਣਾਂ ਦੀ ਭਾਲ ਕਰਨ ਲੱਗੇ ਸਨ। ਮੈਂ ਕਿਤੇ ਹੋਰ ਦਲੀਲ ਦਿੱਤੀ ਹੈ ਕਿ ਅੱਜ ਦੇ ਕਾਜਾਨ ਤਾਤਾਰਾਂ ਨੇ 19ਵੀਂ ਸਦੀ ਵਿੱਚ ਹੀ ਇੱਕ ਤਾਤਾਰ ਖੇਤਰੀ ਦੇਸ਼ ਦੀ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ ਸੀ, ਜਦੋਂ ਕਿ ਰੂਸੀ ਸਾਮਰਾਜ ਵਿੱਚ ਹੋਰ ਬਹੁਤ ਸਾਰੇ ਮੁਸਲਮਾਨ ਤੁਰਕਾਂ ਨੇ ਸਾਰੇ ਤੁਰਕੀ ਜਗਤ ਵਿੱਚ ਅਤੇ ਹੋਰ ਵੀ ਵਿਆਪਕ ਤੌਰ ਉੱਤੇ ਮੁਸਲਮਾਨ ਜਗਤ ਵਿੱਚ ਗੈਰ-ਖੇਤਰੀ ਅਧਾਰ ਉੱਤੇ ਸਾਂਝੀ ਤੁਰਕ ਪਛਾਣ ਦੀ ਵਕਾਲਤ ਕੀਤੀ ਸੀ।
ਬਾਅਦ ਵਾਲੇ ਵਿਚਾਰ ਨੇ ਮਗਰਲੇ ਰੂਸੀ ਸਾਮਰਾਜ ਦੇ ਅਧਿਕਾਰੀਆਂ ਵਿੱਚ “ਸਰਬ-ਤੁਰਕਵਾਦ” ਅਤੇ “ਸਰਬ-ਇਸਲਾਮਵਾਦ” ਸੰਬੰਧੀ ਚਿੰਤਾਵਾਂ ਪੈਦਾਕੀਤੀਆਂ – ਜੋ ਸੋਵੀਅਤ ਯੁੱਗ ਦੌਰਾਨ ਅਤੇ ਇਸ ਤੋਂ ਵੀ ਬਾਦ ਤੱਕ ਬਣੀਆਂ ਰਹੀਆਂ।
ਕਜ਼ਾਖ਼ ਭਾਸ਼ਾਵਾਂ ਦੇ ਲਾਤੀਨੀ ਅਪਣਾਉਣ ਵਿਰੁੱਧ ਵਿਚਾਰਾਂ ਵਿੱਚੋਂ ਇੱਕ ਤੁਰਕੀ ਬੋਲਣ ਵਾਲੇ ਲੋਕਾਂ ਦੀ ਏਕਤਾ ਦਾ ਬਸਤੀਵਾਦੀ ਦੌਰ ਦਾ ਤਰਕਹੀਣ ਡਰ ਹੈ।
2009 ਵਿੱਚ ਤੁਰਕੀ-ਬੋਲਣ ਵਾਲੇ ਰਾਜਾਂ ਦੀ ਸਹਿਕਾਰਤਾ ਕੌਂਸਲ – ਜਿਸਦੀ ਸਥਾਪਨਾ ਅਜ਼ਰਬਾਈਜਾਨ, ਕਜ਼ਾਖ਼ਸਤਾਨ, ਕਿਰਗਿਸਤਾਨ, ਅਤੇ ਤੁਰਕੀ ਨੇ ਕੀਤੀ ਸੀ – ਰਾਹੀਂ ਤੁਰਕ ਜਗਤ ਦੀ ਵਧ ਰਹੀ ਸਭਿਆਚਾਰਕ ਸਾਂਝ ਅਤੇ ਸਮੁੱਚੇ ਤੁਰਕ ਜਗਤ ਦੀ ਇੱਕ ਨਵੀਂ ਸੱਭਿਆਚਾਰਕ ਰਾਜਧਾਨੀ ਵਜੋਂ ਅਸਟਾਨਾ ਦੀ ਵਧ ਰਹੀ ਭੂਮਿਕਾ ਨੂੰ ਦੇਖਦੇ ਹੋਏ, ਕਜ਼ਾਖ਼ਸਤਾਨ ਸਾਂਝੀ ਵਰਨਮਾਲਾ ਰਾਹੀਂ ਦੂਜੇ ਤੁਰਕੀ ਗਣਰਾਜਾਂ ਨਾਲ ਨੇੜਿਓਂ ਸਭਿਆਚਾਰਕ ਸੰਪਰਕ ਵਿਕਸਿਤ ਕਰਨ ਦੀ ਕੋਸ਼ਿਸ਼ ਕਿਉਂ ਨਾ ਕਰੇ?
ਮੇਰੇ ਸਵਰਗਵਾਸੀ ਪਿਤਾ ਇਸ ਬਾਰੇ ਗੱਲ ਕਰਿਆ ਕਰਦੇ ਸਨ ਕਿ ਕਿਵੇਂ ਕਾਜਾਨ ਤਾਤਾਰ ਇਕ ਪੀੜ੍ਹੀ ਦੌਰਾਨ ਦੋ ਵਾਰ ਅਨਪੜ੍ਹ ਹੋ ਗਏ, ਪਹਿਲਾਂ ਜਦੋਂ ਅਰਬੀ ਲਿੱਪੀ ਨੂੰ ਯਾਂਗਲੀਫ ਦੇ ਹੱਕ ਵਿਚ ਤਿਆਗ ਦਿੱਤਾ ਗਿਆ, ਅਤੇ ਫਿਰ ਜਦੋਂ ਇਹ “ਨਵੀਂ ਵਰਨਮਾਲਾ” ਸਿਰੀਲਿਕ ਦੇ ਹੱਕ ਵਿਚ ਛੱਡ ਦਿੱਤੀ ਗਈ। 1930 ਵਿਆਂ ਵਿੱਚ ਸੋਵੀਅਤ ਤੁਰਕੀ ਭਾਸ਼ਾਵਾਂ ਲਈ ਅੱਡ ਅੱਡ ਸੀਰੀਲਿਕ ਵਰਨਮਾਲਾਵਾਂ ਲਾਗੂ ਕੀਤੀਆਂ ਗਈਆਂ ਸਨ; ਕਜ਼ਾਖ਼ ਨੇ ਤਾਂ 1940 ਵਿਚ ਹੀ ਸਿਰੀਲਿਕ ਵਰਨਮਾਲਾ ਨੂੰ ਅਪਣਾਇਆ ਸੀ।
ਇਸ ਤਬਦੀਲੀ ਦੀਆਂ ਅਟੱਲ ਸਮਾਜਕ ਲਾਗਤਾਂ ਹਨ, ਜਿਵੇਂ ਕਿ ਪੁਰਾਣੀ ਪੀੜ੍ਹੀ ਦਾ ਮਜਬੂਰੀ ਵੱਸ ਅਨਪੜ੍ਹ ਹੋ ਜਾਣਾ, ਜਾਂ ਘੱਟੋ ਘੱਟ ਫਾਡੀ ਰਹਿ ਜਾਣਾ। ਫਿਰ ਸਭਿਆਚਾਰਕ ਲਾਗਤ ਹੈ, ਜਿਵੇਂ ਕਿ ਨੌਜਵਾਨ ਪੀੜ੍ਹੀ ਦਾ – ਦੂਜੀ ਜਾਂ ਤੀਜੀ ਵਾਰ – ਆਪਣੇ ਅਤੀਤ ਤੋਂ ਟੁੱਟ ਜਾਣਾ! ਤੁਰਕੀ ਦੇ ਇਸ ਸਦਮੇ ਦੀ ਸ਼ੁਰੂਆਤ 1928 ਤੋਂ ਸ਼ੁਰੂ ਹੋਈ ਸੀ, ਅਤੇ ਅਜੇ ਵੀ ਇਸ ਉੱਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾ ਹੋਇਆ। ਹਾਲਾਂਕਿ ਤੁਰਕੀ ਨੇ ਇਸ ਨੂੰ ਇਕ ਕਿਸਮ ਦੀ “ਸਦਮੇ ਦੇ ਇਲਾਜ” ਵਜੋਂ ਸ਼ੁਰੂ ਕੀਤਾ, ਕਜ਼ਾਖ਼ਸਤਾਨ ਨੇ ਸਾਲ 2017 ਦੇ ਅੰਤ ਤੱਕ ਵਰਨਮਾਲਾ ਦਾ ਅੰਤਮ ਰੂਪ ਚੁਣ ਕੇ, ਨਵੀਂ ਵਰਨਮਾਲਾ ਵਿਚ ਸਿਖਲਾਈ ਦੇਣ ਵਾਲਿਆਂ ਨੂੰ ਸਿਖਲਾਈ ਦੇ ਕੇ, ਅਤੇ ਅੰਤ ਵਿਚ ਲਾਤੀਨੀ ਵਰਨਮਾਲਾ ਵਿਚ ਤਬਦੀਲੀ 2025 ਤੱਕ ਮੁਕੰਮਲ ਕਰਨ ਦਾ ਇਕ ਸਹਿਜੇ ਸਹਿਜੇ ਕੰਮ ਕਰਨ ਦਾ ਮਾਰਗ ਚੁਣਿਆ ਹੈ।
ਨਾਲ ਹੇ, ਇਸ ਪ੍ਰਕਿਰਿਆ ਦਾ ਇੱਕ ਰਾਜਨੀਤਿਕ ਪਹਿਲੂ ਹੈ। ਰੂਸ ਦੀਆਂ ਰੂਸੀ ਬੋਲਣ ਵਾਲੀ ਦੁਨੀਆ ਬਾਰੇ ਅਤੇ ਇਸਦੇ ਅੰਦਰ ਆਪਣੀ ਦਬਦਬਾ ਦੀ ਸਥਿਤੀ ਬਾਰੇ ਬਹੁਤ ਤਕੜੀਆਂ ਭਾਵਨਾਵਾਂ ਹਨ, ਹਾਲਾਂਕਿ ਇਸ ਦੀਆਂ ਕਾਰਵਾਈਆਂ ਨੇ ਅਕਸਰ ਇਸ ਸੰਬੰਧ ਵਿੱਚ ਇਸਦੇ ਹਿੱਤਾਂ ਨੂੰ ਢਾਹ ਲਾਈ ਹੈ। ਰੂਸ ਕੁਦਰਤੀ ਤੌਰ ਉੱਤੇ ਕਜ਼ਾਖ਼ਸਤਾਨ ਵਲੋਂ ਸਿਰੀਲਿਕ ਦਾ ਤਿਆਗ ਨਾ ਕਰਨਾ ਪਸੰਦ ਕਰੇਗਾ। ਕੀ ਇਸ ਦੇ ਹੋਣ ਤੋਂ ਰੋਕਣ ਲਈ ਇਹ ਕੋਈ ਕਦਮ ਚੁੱਕੇਗੀ ਜਲਦੀ ਹੀ ਪਤਾ ਲੱਗ ਜਾਵੇਗਾ। ਮੈਂ ਉਮੀਦ ਨਹੀਂ।
ਹੁਣ ਕਜ਼ਾਖ਼ਸਤਾਨ ਵਿੱਚ ਦਫ਼ਤਰੀ ਨੀਤੀ ਹੈ ਕਿ ਵਿਦਿਅਕ ਪ੍ਰਣਾਲੀ ਰਾਹੀਂ ਤਿੰਨ ਭਾਸ਼ਾਵਾਂ ਨੂੰ ਉਤਸ਼ਾਹਤ ਕੀਤਾ ਜਾਏ – ਅਰਥਾਤ ਕਜ਼ਾਖ਼, ਰੂਸੀ ਅਤੇ ਅੰਗਰੇਜ਼ੀ। ਮੇਰਾ ਖਿਆਲ ਹੈ ਕਿ ਇਹ ਹੁਣ ਤੱਕ ਚੰਗੀ ਤਰ੍ਹਾਂ ਸਾਹਮਣੇ ਆ ਗਿਆ ਹੈ ਕਿ ਸੋਵੀਅਤ ਯੂਨੀਅਨ ਦੇ ਪੁਰਾਣੇ ਪ੍ਰਦੇਸ਼ਾਂ ਵਿਚ ਰੂਸੀ ਬੋਲਣ ਵਾਲੀ ਜਗ੍ਹਾ ਘਟ ਰਹੀ ਹੈ। ਪਰ ਤਾਤਾਰਸਤਾਨ ਵਾਂਗ ਕਜ਼ਾਖਸਤਾਨ, ਏਨੇ ਜ਼ੋਰ ਨਾਲ ਦੋਭਾਸ਼ੀ ਹੈ ਕਿ ਮੈਨੂੰ ਬਹੁਤੀ ਚਿੰਤਾ ਨਹੀਂ ਹੈ ਕਿ ਕਜ਼ਾਖਸਤਾਨ ਵਿੱਚ ਨੇੜ ਭਵਿੱਖ ਕਿਸੇ ਸਮੇਂ ਰੂਸੀ ਦੀ ਵਰਤੋਂ ਘਟ ਜਾਵੇਗੀ। ਅਸਲ ਚੁਣੌਤੀ ਇਹ ਯਕੀਨੀ ਬਣਾਉਣਾ ਹੈ ਕਿ ਕਜ਼ਾਖਸਤਾਨ ਦੀ ਸਰਕਾਰੀ ਭਾਸ਼ਾ ਵਜੋਂ ਕਜ਼ਾਖ ਦੀ ਵਰਤੋਂ ਸੰਭਵ ਹੋ ਸਕੇ।
ਤੁਰਕੀ ਜਾਂ ਕਹਿ ਲਓ ਉਜ਼ਬੇਕਿਸਤਾਨ ਦੇ ਉਲਟ, ਕਜ਼ਾਖ਼ ਨੂੰ ਕਜ਼ਾਖ਼ਸਤਾਨ ਦੇ ਨਾਗਰਿਕਾਂ ਵਿਚ ਆਪਣੀ ਪਸੰਦੀਦਾ ਮੂਲ ਭਾਸ਼ਾ ਬਣਨ ਤੋਂ ਪਹਿਲਾਂ ਲੰਮਾ ਪੰਧ ਮਾਰਨਾ ਪਵੇਗਾ।
1 ਟਿੱਪਣੀ
ਲਿੱਪੀਆਂ ਦੇ ਮਹੱਤਵ ਨੂੰ ਸਮਝਣ ਲਈ ਬੜਾ ਕੰਮ ਦਾ ਲੇਖ ਹੈ।