ਸੀਰੀਆ ਤੋਂ ਸੰਸਾਰ ਤੱਕ: ਜ਼ੁਲਮ, ਯੁੱਧ ਅਤੇ ਨਿਰਾਸ਼ਾ ਬਾਰੇ

ਫ਼ੋਟੋਗਰਾਫ਼ਰ, ਕਾਰਾਬੋ ਸਪੇਨ ਅਤੇ ਤਸਵੀਰ Pixabay ਤੋਂ ਲਈ ਗਈ ਹੈ

ਲੇਖਕ: ਜੇਹਾਦ ਐਦਿਨ ਰਮਜ਼ਾਨ

ਅਸਲ ਘਟਨਾਵਾਂ ਅਤੇ ਲੇਖਕ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਸਮੇਤ ਸੀਰੀਆ ਦੇ ਲੋਕਾਂ ਦੀਆਂ ਸੱਚੀਆਂ ਕਹਾਣੀਆਂ ਦੇ ਅਧਾਰ ਤੇ, ਇਹ ਲਿਖਤ ਸੀਰੀਆ ਦੇ ਦੁਖਾਂਤ ਦੇ ਬਹੁਤ ਸਾਰੇ ਪਹਿਲੂਆਂ ਨੂੰ ਪਰਗਟ ਕਰਦੀ ਹੈ ਅਤੇ ਸੀਰੀਆ ਦੇ ਜੀਵਨ ਦੇ ਭੁਰਭੁਰਪਣੇ ਬਾਰੇ ਚਾਨਣਾ ਪਾਉਂਦੀ ਹੈ। ਉਹ ਕੂਕ ਕੂਕ ਕੇ ਸਾਫ਼ ਸਾਫ਼ ਕਹਿ ਰਹੇ ਹਨ ਕਿ ਸੀਰੀਆ ਦੇ ਲੋਕ ਸੰਸਾਰ ਦੇ ਸਭ ਲੋਕਾਂ ਵਾਂਗ ਸ਼ਾਂਤੀ, ਗੌਰਵ ਅਤੇ ਆਜ਼ਾਦੀ ਨਾਲ ਰਹਿਣ ਦੇ ਹੱਕਦਾਰ ਹਨ। ਲਿਖਤ ਦਾ ਅਨੁਵਾਦ ਮੂਲ ਅਰਬੀ ਤੋਂ ਤੇਸਬੀਹ ਹਬਲ ਨੇ ਕੀਤਾ ਸੀ।

‘ਮੈਂ ਇਕ ਬੱਚਾ ਹਾਂ, ਸੀਰੀਆ ਦੇ ਪੂਰਬ, ਪੱਛਮ, ਦੱਖਣ, ਉੱਤਰ ਜਾਂ ਕਿਧਰੇ ਵਿੱਚ ਵਿਚਾਲੇ ਇੱਕ ਐਲੀਮੈਂਟਰੀ ਸਕੂਲ ਵਿਚ ਪੜ੍ਹ ਰਿਹਾ ਹਾਂ। ਇਹ ਅਸਲ ਵਿੱਚ ਕੋਈ ਮਾਇਨੇ ਨਹੀਂ ਰੱਖਦਾ ਕਿ ਮੇਰਾ ਸਕੂਲ ਕਿੱਥੇ ਹੈ। ਮੈਂ ਇਕ ਵਾਰ ਅਧਿਆਪਕ ਬਣਨ ਦਾ ਸੁਪਨਾ ਲਿਆ ਸੀ। ਮੇਰਾ ਸਕੂਲ ਅਤੇ ਮੇਰੇ ਸੁਪਨੇ ਖੰਡਰਾਂ ਵਿੱਚ ਤਬਦੀਲ ਹੋ ਗਏ। ਮੈਨੂੰ ਅਚਾਨਕ ਪਤਾ ਲੱਗਾ ਕਿ ਮੈਂ ਉੱਜੜ ਗਿਆ, ਸੁਪਨਿਆਂ ਦੀਆਂ ਲਾਸ਼ਾਂ ਸੰਗ, ਕਿਸੇ ਕੈਂਪ ਵਿੱਚ ਪਨਾਹਗੀਰ ਬਣ ਗਿਆ ਹਾਂ।’

‘ਮੈਂ ਇਕ ਨਿੱਕਾ ਬਾਲਕ ਹਾਂ। ਮੈਂ ਆਪਣੇ ਸੱਤ ਭਰਾਵਾਂ ਦੇ ਨਾਲ ਇੱਕ ਤਰਸਯੋਗ ਗ਼ਰੀਬੜੇ ਜਿਹੇ ਘਰ ਵਿੱਚ ਰਹਿੰਦਾ ਹਾਂ। ਪਰ ਮੈਂ ਆਪਣੇ ਘਰ ਨੂੰ ਪਿਆਰ ਕਰਦਾ ਹਾਂ। ਇਹ ਮੇਰਾ ਸਵਰਗ ਹੈ; ਮੇਰੀ ਸੁਰੱਖਿਅਤ ਪਨਾਹ। ਫਿਰ ਇੱਕ ਹਨੇਰੀ ਰਾਤ ਨੂੰ, ਮਨੁੱਖੀ ਚੰਮ ਪਹਿਨਕੇ ਜੰਗਲੀ ਦਰਿੰਦੇ ਆਏ। ਬੂਹੇ ਭੰਨ ਅੰਦਰ ਵੜ ਆਏ। ਉਨ੍ਹਾਂ ਨੇ ਮੇਰੇ ਭਰਾਵਾਂ ਸਮੇਤ ਮੈਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ; ਅੱਬਾ, ਉਨ੍ਹਾਂ ਨੇ ਇਹ ਬੱਸ ਇਸ ਲਈ ਕੀਤਾ ਕਿਉਂਕਿ ਤੁਸੀਂ “ਨਹੀਂ” ਕਹਿ ਦਿੱਤਾ ਸੀ।’

‘ਮੈਂ ਇੱਕ ਜ਼ਿੱਦੀ ਬੱਚਾ ਹਾਂ। ਮੈਂ ਰਮਜ਼ਾਨ ਦੇ ਹਰ ਦਿਨ ਆਪਣੀ ਮਾਂ ਨੂੰ ਈਦ ਦੇ ਕੱਪੜੇ ਅਤੇ ਨਵੇਂ ਜੁੱਤੇ ਖਰੀਦਣ ਲਈ ਚਿੜ ਚਿੜ ਕਰਦਾ ਰਹਿੰਦਾ ਹਾਂ। ਮੇਰੀ ਚਿੜ ਚਿੜ ਸਿਰਫ਼ ਉਦੋਂ ਹੀ ਰੁਕੀ ਜਦੋਂ ਮੈਂ ਨਵੇਂ ਕੱਪੜੇ ਅਤੇ ਨਵੇਂ ਜੁੱਤੇ ਪਹਿਨ ਲਏ। ਮੈਂ ਕੀ ਵੇਖਦਾ ਹਾਂ ਕਿ ਮੇਰੀ ਮਾਂ ਮੇਰੇ ਨਵੇਂ ਕੱਪੜੇ ਪੇਟੀ ਵਿੱਚ ਛੁਪਾ ਦਿੰਦੀ ਹੈ — ਉਹ ਕੱਪੜਿਆਂ ਨੂੰ ਅਗਲੀ ਈਦ ਲਈ ਲਕੋ ਰਹੀ ਹੈ। ਤਦ, ਅੱਖ ਝਪਕਦੇ ਹੀ, ਇੱਕ ਮਿਜ਼ਾਈਲ ਮੇਰੇ ਸਰੀਰ ਵਿੱਚ ਦੀ ਲੰਘ ਗਈ। ਮੇਰੀਆਂ ਲੇਰਾਂ ਸੁਣਨ ਤੋਂ ਬਚਣ ਲਈ, ਮੇਰੀ ਮਾਂ ਨੇ ਮੇਰੇ ਈਦ ਵਾਲੇ ਕੱਪੜੇ ਅਤੇ ਮੇਰੇ ਨਵੇਂ ਜੁੱਤੇ ਮੇਰੀ ਕਬਰ ਉੱਤੇ ਰੱਖ ਦਿੱਤੇ।’

‘ਮੈਂ ਉਨ੍ਹਾਂ ਨੂੰ ਚੌਰਾਹੇ ਵਿੱਚ ਮੇਰੇ ਪਿਤਾ ਅਤੇ ਦੋ ਭਰਾਵਾਂ ਨੂੰ ਬੇਰਹਿਮੀ ਨਾਲ ਕਤਲ ਕਰਦੇ ਹੋਏ ਵੇਖਿਆ ਸੀ ਇਸ ਲਈ ਮੈਂ ਦਿਨਾਂ ਵਿੱਚ ਬਿਰਧ ਹੋ ਗਿਆ ਹਾਂ। ਕਾਸ਼ ਕਿ ਉਨ੍ਹਾਂ ਨੇ ਮੈਨੂੰ ਵੀ ਸੁੰਨੀਆਂ ਠੰਡੀਆਂ ਗਲੀਆਂ ਵਿੱਚ ਭਟਕਣ ਲਈ ਜ਼ਿੰਦਾ ਨਾ ਛੱਡਿਆ ਹੁੰਦਾ। ਓਹ ਰੱਬਾ, ਉਹਨਾਂ ਨੇ ਮੈਨੂੰ ਕਿਉਂ ਨਹੀਂ ਮਾਰਿਆ! ਮੇਰੇ ਤੇ ਹੁਣ ਪਾਗਲਪਣ ਦਾ ਦੋਸ਼ ਤਾਂ ਨਾ ਲੱਗਦਾ …’

‘ਮੈਂ ਇੱਕ ਕਲਾਕਾਰ ਹਾਂ। ਮੈਂ ਵਾਇਲਨ ਵਜਾਉਂਦਾ ਹਾਂ। ਮੈਂ ਆਪਣੇ ਪਿਆਰੇ ਵਤਨ ਲਈ ਤੜਪ ਦੇ ਸਾਰੇ ਗੀਤ ਸਿਰਜੇ। ਮੈਂ ਲੋਕਾਂ ਦੇ ਦਿਲਾਂ ਵਿਚ ਉਮੀਦ ਦੇ ਬੀਜ ਬੀਜੇ। ਅਤੇ ਮੈਂ ਆਪਣੇ ਸੰਗੀਤ ਨਾਲ, ਆਪਣੀਆਂ ਸੁਰਾਂ ਨਾਲ, ਦੁਖ ਅਤੇ ਮੌਤ ਨਾਲ ਉਦੋਂ ਤੱਕ ਲੜਿਆ; ਜਦ ਤਕ ਮੇਰੀ ਰੂਹ ਪੁਰਅਮਨ ਯਾਤਰਾ ਕਰਕੇ ਜੰਨਤ ਵਿੱਚ ਨਾ ਚਲੀ ਗਈ।’

‘ਮੈਂ ਅਜੇ ਵੀ ਨਿਆਣੀ ਉਮਰ ਦੀ ਕੁੜੀ ਹਾਂ, ਪਰ ਮੇਰੇ ਬਲਾਤਕਾਰੀ ਨੇ ਮੈਨੂੰ ਅੱਠ ਸਾਲ ਦੀ ਉਮਰ ਵਿਚ ਇਕ ਔਰਤ ਬਣਾ ਦਿੱਤਾ। ਉਸਨੇ ਸਕੂਲ ਦੇ ਇਕ ਛੋਟੇ ਜਿਹੇ ਕਮਰੇ ਵਿਚ ਮੇਰੇ ਸਰੀਰ ਨੂੰ ਵਲੂੰਦਰ ਧਰਿਆ। ਇਹ ਉਹ ਕਮਰਾ ਹੈ ਜਿਥੇ ਮੈਂ ਕੈਂਡੀਆਂ ਖਰੀਦਣ ਜਾਂਦੀ ਹਾਂ। ਉਸ ਨੇ ਮੈਨੂੰ ਕੈਂਡੀਆਂ ਦਿੱਤੀਆਂ ਅਤੇ ਚਿਪਸ ਦਿੱਤੇ ਅਤੇ ਮੈਨੂੰ ਕਿਹਾ, “ਪੈਸੇ ਦੀ ਚਿੰਤਾ ਨਾ ਕਰ, ਤੂੰ ਮੁਫਤ ‘ਚ ਲੈ ਜਾ ਭਾਵੇਂ।”‘

‘ਮੈਂ ਸੁਹਣਾ ਜਵਾਨ ਹਾਂ। ਮੈਂ ਆਪਣੇ ਦੇਸ਼ ਦੀ ਰੱਖਿਆ ਲਈ ਹਥਿਆਰ ਚੁੱਕੇ। ਮੈਨੂੰ ਪਤਾ ਸੀ ਕਿ ਮੇਰੇ ਦੁਸ਼ਮਣ ਅਤੇ ਦੋਸਤ ਕੌਣ ਸਨ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰਾ ਭਰਾ ਅਤੇ ਕੈਂਪ-ਵਾਸੀ ਮੇਰਾ ਕਤਲ ਕਰ ਦੇਣਗੇ। ਜਦੋਂ ਉਹ ਮੇਰੇ ਸ਼ਹਿਰ ਦੇ ਨੇੜੇ ਸ਼ਹੀਦਾਂ ਦੇ ਕਬਰਸਤਾਨ ਵਿਚ ਮੈਨੂੰ ਦਫ਼ਨਾ ਰਹੇ ਸਨ, ਮੈਂ ਆਪਣੇ ਕਾਤਲ ਦਾ ਚਿਹਰਾ ਦੇਖਿਆ। ਉਹ ਰੋ ਰਿਹਾ ਸੀ; ਉਹ ਮੇਰਾ ਭਰਾ ਸੀ; ਮੇਰਾ ਆਪਣਾ ਮਾਸ ਅਤੇ ਲਹੂ। ਉਹ ਕੁਝ ਡਾਲਰਾਂ ਲਈ ਮੈਨੂੰ ਦਗਾ ਦੇ ਗਿਆ।’

‘ਮੈਂ 50 ਸਾਲਾਂ ਤੋਂ ਜ਼ਿਆਦਾ ਉਮਰ ਦਾ ਪਿਤਾ ਹਾਂ। ਮੇਰਾ ਇੱਥੇ ਕੋਈ ਪਰਿਵਾਰ ਜਾਂ ਰਿਸ਼ਤੇਦਾਰ ਨਹੀਂ ਬਚਿਆ। ਮੈਂ ਅਕਸਰ ਆਪਣੇ ਪੁੱਤਰ ਬਾਰੇ ਸੋਚਦਾ ਹਾਂ ਜੋ ਸਮੁੰਦਰ ਤੋਂ ਪਾਰ ਚਲਾ ਗਿਆ। ਜਦੋਂ ਮੈਂ ਪਾਰਕ ਦੀ ਬੈਂਚ ਤੇ ਬੈਠਾ ਹੁੰਦਾ ਹਾਂ, ਮੈਂ ਉਸ ਨਾਲ ਹਰ ਰੋਜ਼, ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਹਾਂ। ਮੈਂ ਉਸ ਲਈ ਗਾਉਂਦਾ ਹਾਂ: “ਮੈਂ ਤੈਨੂੰ ਰੋਜ਼ ਦੇਖਣਾ ਚਾਹੁੰਦਾ ਹਾਂ, ਮੇਰੇ ਪਿਆਰੇ।”‘

‘ਮੈਂ ਇਕ ਬਾਲਕ ਹਾਂ। ਮੇਰੀ ਮਾਂ ਮੇਰੀ ਜਾਨ ਬਚਾਉਣ ਲਈ ਮੈਨੂੰ ਇੱਕ ਕਬਾੜ ਹੋ ਰਹੀ ਕਿਸ਼ਤੀ ਵਿੱਚ ਲੈ ਤੁਰੀ। ਮੇਰੇ ਮਾਪੇ, ਸਮੁੰਦਰੀ ਕਿਸ਼ਤੀ (ਬਾਲਮ) ‘ਤੇ ਸਵਾਰ ਯਾਤਰੀ, ਅਤੇ ਹੋਰ ਸਭ ਮਰ ਗਏ ਹਨ। ਲਹਿਰਾਂ ਨੇ ਮੈਨੂੰ ਕਿਨਾਰੇ ਸੁੱਟ ਦਿੱਤਾ, ਉਸ ਜਗ੍ਹਾ ਤੋਂ ਬਹੁਤ ਦੂਰ ਨਹੀਂ ਸੀ ਜਿੱਥੋਂ ਸਾਨੂੰ ਤਸਕਰ ਲੈ ਕੇ ਗਿਆ ਸੀ। ਤਸਕਰ ਫ਼ਰਾਰ ਹੋ ਗਿਆ। ਸਾਰੀ ਦੁਨੀਆਂ ਮੇਰੀ ਹਮਦਰਦ ਹੈ, ਪਰ ਮੇਰੀ ਕਹਾਣੀ ਜਲਦੀ ਹੀ ਅਲੋਪ ਹੋ ਗਈ; ਬੱਸ ਬਾਕੀ ਕੁਝ ਬਚਿਆ ਹੈ ਤਾਂ ਮਨੁੱਖੀ ਵਹਿਸ਼ੀਆਂ ਦੇ ਕਤਲ ਕੀਤੇ “ਈਲਾਨ” ਨਾਮ ਦੇ ਡੁੱਬਦੇ ਬੱਚੇ ਦੀ ਇੱਕ ਤਸਵੀਰ।’

‘ਮੈਂ ਇਕ ਨਿਤਾਣਾ ਕਵੀ ਹਾਂ। ਉਨ੍ਹਾਂ ਨੇ ਮੈਨੂੰ ਹਨੇਰੇ ਤਹਿਖ਼ਾਨੇ ਵਿਚ ਬੰਦ ਕਰ ਦਿੱਤਾ ਕਿਉਂਕਿ ਮੈਂ “ਮਾਲਕ” ਦੇ ਸੋਹਿਲੇ ਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਨੇ ਮੈਨੂੰ ਤਸੀਹੇ ਦਿੱਤੇ, ਮੈਨੂੰ ਬਿਜਲੀਆਂ ਲਾਈਆਂ, ਮੇਰੀਆਂ ਅੱਖਾਂ ਕੱਢ ਲਈਆਂ ਅਤੇ ਮੇਰੇ ਨਾਲ ਬਲਾਤਕਾਰ ਕੀਤਾ। ਜਦੋਂ ਮੈਨੂੰ ਰਿਹਾ ਕੀਤਾ ਗਿਆ, ਉਦੋਂ ਮੈਂ ਸਿਰਫ਼ ਆਪਣੇ ਦਿਲ ਨਾਲ ਅਤੇ ਅਹਿਸਾਸਾਂ ਨਾਲ ਵੇਖ ਸਕਦਾ ਸੀ। ਲੋਕ ਮੈਨੂੰ ਇੱਕ ਖੋਖਲੇ ਪ੍ਰਾਣੀ ਦੇ ਤੌਰ ‘ਤੇ ਬੇਸਮਝ ਅਤੇ ਸੰਵੇਦਨਹੀਣ ਸਮਝਣ ਲੱਗੇ।’

‘ਮੈਂ ਇਕ ਮਾਸੂਮ ਬੱਚਾ ਹਾਂ। ਉਨ੍ਹਾਂ ਨੇ ਮੈਨੂੰ ਮਲਬੇ ਵਿੱਚੋਂ ਬਾਹਰ ਕੱਢ ਲਿਆ ਅਤੇ ਮੇਰੀਆਂ ਫ਼ਿਲਮਾਂ ਬਣਾਈਆਂ। ਮੈਨੂੰ ਨਹੀਂ ਪਤਾ ਕਿ ਮੇਰੇ ਸਿਰ ਉਪਰਲਾ ਘਰ ਕਿਸ ਨੇ ਤਬਾਹ ਕੀਤਾ। ਮੈਨੂੰ ਨਹੀਂ ਪਤਾ ਕਿ ਕਿਸਨੇ ਮੈਨੂੰ ਬਚਾਇਆ, ਅਤੇ ਮੈਨੂੰ ਨਕਲ ਕਰਨੀ ਜਾਂ ਅਦਾਕਾਰੀ ਨਹੀਂ ਆਉਂਦੀ। ਤੁਸੀਂ ਮੈਨੂੰ ਏਨੀ ਜਲਦੀ ਫ਼ਿਲਮੀ ਸਟਾਰ ਕਿਉਂ ਬਣਾ ਦਿੱਤਾ ਹੈ?!’

‘ਮੈਂ ਕਣਕ ਦਾ ਖੇਤ ਹਾਂ, ਹਵਾ ਵਿੱਚ ਝੂਮ ਰਿਹਾ ਹਾਂ, ਵਾਢੀ ਲਈ ਤਿਆਰ। ਮੈਂ ਆਪਣੇ ਕਿਸਾਨ ਦਾ ਇੰਤਜ਼ਾਰ ਕਰ ਰਿਹਾ ਹਾਂ ਕਿ ਉਹ ਆਪਣੀ ਸੁੱਚੀ ਦਾਤਰੀ ਨਾਲ ਮੇਰੀਆਂ ਬੱਲੀਆਂ ਨੂੰ ਕੱਟ ਲਵੇ। ਮੈਂ ਆਪਣੇ ਦਾਣਿਆਂ ਨੂੰ ਭੁੱਖਿਆਂ ਲਈ ਰੋਟੀ ਬਣਦੇ ਵੇਖ ਸਕਦਾ ਹਾਂ। ਪਰ ਘਿਨਾਉਣੇ ਪ੍ਰਾਣੀਆਂ ਨੇ ਵਾਢੀ ਦੇ ਮੌਸਮ ਮੈਨੂੰ ਅੱਗ ਲਾਕੇ ਸਾੜ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਕਿਸੇ ਨੇ ਸਿਗਰਟ ਸੁੱਟ ਦਿੱਤੀ ਜਿਸਨੇ ਮੇਰੇ ਦੇਸ਼ ਦੇ ਸਾਰੇ ਖੇਤ ਸਾੜ ਦਿੱਤੇ।’

‘ਮੈਂ ਅਬੂ ਅਲ-ਅਲਾ’ ਅਲ’-ਮਾ'ਅਰੀ ਦਾ ਸਿਰ, ਬੇਲ ਮੰਦਰ, ਅਤੇ ਘੋੜੇ ਤੇ ਸਵਾਰ ਇਬਰਾਹੀਮ ਹਨਾਨੋ ਦਾ ਬੁੱਤ ਹਾਂ। ਮੈਨੂੰ ਉਨ੍ਹਾਂ ਹੇੜਾਂ ਨੇ ਤਬਾਹ ਕੀਤਾ ਸੀ ਜੋ ਸੰਸਾਰ ਭਰ ਵਿੱਚੋਂ ਆਈਆਂ ਸਨ; ਹੇੜਾਂ ਜੋ ਝੰਡਿਆਂ ਅਤੇ ਚੜ੍ਹਾਈਆਂ ਦੇ ਕਦੀਮੀ ਯੁੱਗਾਂ ਵਿੱਚੋਂ ਆਈਆਂ ਸੀ। ਉਨ੍ਹਾਂ ਨੇ ਮੇਰੇ ਖੰਡਰਾਂ ਉੱਤੇ ਆਪਣੇ ਕਾਲੇ ਝੰਡੇ ਗੱਡ ਦਿੱਤੇ। ਉਨ੍ਹਾਂ ਨੇ ਮੰਦਰ ਅਤੇ ਮੂਰਤੀ ਨੂੰ ਤਬਾਹ ਕਰ ਦਿੱਤਾ ਅਤੇ ਘੋੜੇ ਨੂੰ ਮਾਰ ਦਿੱਤਾ, ਇਹ ਦਾਅਵਾ ਕੀਤਾ ਕਿ ਉਹ ਰੱਬ ਦੀ ਬਜਾਏ ਪੂਜਣ ਵਾਲੀਆਂ ਮੂਰਤੀਆਂ ਸਨ।’

‘ਮੈਂ ਇੱਕ ਵਿਅੰਗ ਕਲਾਕਾਰ ਹਾਂ। ਮੈਂ ਦੋਖੀ ਜ਼ਾਲਮ ਨੇਤਾ ਦੀ ਤਸਵੀਰ ਬਣਾਈ। ਇਹ ਇਕ ਭੈੜਾ ਸੁਪਨਾ ਸੀ। ਉਨ੍ਹਾਂ ਨੇ ਮੇਰੀਆਂ ਪੇਂਟਿੰਗਾਂ ਨੂੰ ਸਾੜ ਦਿੱਤੀਆਂ ਅਤੇ ਮੇਰੇ ਪੈੱਨ ਅਤੇ ਪੇਂਟ ਬਰੱਸ਼ ਜ਼ਬਤ ਕਰ ਲਏ। ਉਨ੍ਹਾਂ ਨੇ ਮੈਨੂੰ ਕੁੱਟਿਆ ਅਤੇ ਮੇਰੀਆਂ ਉਂਗਲਾਂ ਤੋੜ ਦਿੱਤੀਆਂ ਅਤੇ ਕਿਹਾ, “ਇਹ ਉਸ ਦੀ ਸਜ਼ਾ ਹੈ ਜੋ ਸਾਡੇ ਸਭ ਤੋਂ ਸੁਹਣੇ ਨੇਤਾ ਦਾ ਅਪਮਾਨ ਕਰਦਾ ਹੈ। ਨੇਤਾ ਦੇ ਸਬਰ ਦਾ ਪਿਆਲਾ ਹੁਣ ਭਰ ਚੁੱਕਾ ਹੈ, ਅਤੇ ਸਮਾਂ ਆ ਗਿਆ ਹੈ ਕਿ ਤੁਸੀਂ ਉਸ ਨੂੰ ਪੇਂਟ ਕਰਨੋਂ ਹਟ ਜਾਵੋ, ਨਹੀਂ ਤਾਂ ਅਸੀਂ ਧਰਤੀ ਤੋਂ ਤੇਰਾ ਦਾ ਨਾਮੋ-ਨਿਸ਼ਾਨ ਮਿਟਾ ਦੇਵਾਂਗੇ।”‘

‘ਮੈਂ ਸੀਰੀਆਈ ਹਾਂ ਜੋ ਦੁਨੀਆ ਦੇ ਵਿਰੁੱਧ ਖੜ੍ਹਾ ਹੋ ਗਿਆ ਅਤੇ ਚੀਕਿਆ, “ਮੈਂ ਮਨੁੱਖ ਹਾਂ, ਜਾਨਵਰ ਨਹੀਂ।” ਪਰ ਬਦਲੇ ਵਿਚ ਮੈਨੂੰ ਕੀ ਮਿਲਿਆ? “ਬਹੁਤ ਗੰਭੀਰਤਾ ਨਾਲ ਚਿੰਤਤ” ਬਾਨ ਕੀ-ਮੂਨ ਦੀਆਂ ਗੱਲਾਂ, ਅਤੇ “ਟਰੰਪ ਦੀ ਇੱਕ ਪੋਲੀ ਜਿਹੀ ਟਵੀਟ”: “ਹਾਂ, ਸੱਚਮੁੱਚ! ਉਹ (ਅਲ-ਅਸਦ) ਦਰਿੰਦਾ ਹੈ – ਤੁਸੀਂ ਨਹੀਂ।”‘

‘ਮੈਂ ਬੇਕਰ ਹਾਂ। ਮੈਂ ਬਰੈੱਡ ਅਤੇ ਪਨੀਰ ਅਤੇ ਜ਼ਾਤਰ ਪਾਈ ਬਣਾਉਂਦਾ ਹਾਂ। ਮੈਂ ਇਕ ਯਾਫ਼ਵੀ ਸੰਤਰਿਆਂ ਜਾਂ ਜੈਤੂਨਾਂ ਦੇ ਬਾਗ਼ ਦਾ ਸੁਪਨਾ ਵੇਖਦਾ ਹਾਂ। ਉਨ੍ਹਾਂ ਨੇ ਮੈਨੂੰ “ਅਲ-ਯਾਰਮੂਕ ਕੈਂਪ” ਵਿਚ ਘੇਰ ਲਿਆ ਅਤੇ ਮੈਨੂੰ ਕਣਕ, ਆਟੇ ਅਤੇ ਬਰੈੱਡ ਤੋਂ ਵਾਂਝਾ ਕਰ ਦਿੱਤਾ। ਉਨ੍ਹਾਂ ਨੇ ਮੇਰਾ ਸ਼ਿਕਾਰ ਕਰਨ ਲਈ ਬਰੈੱਡ ਘੇਰੇ ਦੀ ਵਾੜ ‘ਤੇ ਲਟਕਾ ਦਿੱਤੀ, ਜਿਵੇਂ ਕਿ ਉਹ ਕੁਝ ਬੁਰਕੀਆਂ ਨਾਲ ਚੂਹੇ ਦਾ ਸ਼ਿਕਾਰ ਕਰਦੇ ਹਨ। ਹਰ ਵਾਰ ਜਦੋਂ ਮੈਨੂੰ ਭੁੱਖ ਲੱਗਦੀ ਤੇ ਮੈਂ ਰਾਬੰਦੀ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਤਾਂ ਉਹਬਰੈੱਡ ਤੱਕ ਪਹੁੰਚਣ ਤੋਂ ਪਹਿਲਾਂ ਹੀ ਮੇਰੇ ‘ਤੇ ਗੋਲੀ ਚਲਾਉਂਦੇ। ’

‘ਮੈਂ ਇੱਕ ਆਮ ਸੀਰੀਆ ਵਾਸੀ ਹਾਂ। ਮੈਂ ਜ਼ੁਲਮ ਦੇ ਸਾਹਮਣੇ ਡਟ ਗਿਆ। ਅੱਤਵਾਦ ਨੂੰ ਹਰਾਉਣ ਦੇ ਨਾਂ ‘ਤੇ ਬ੍ਰਹਿਮੰਡ ਵਲੋਂ ਮੇਰੇ ‘ਤੇ ਹਮਲਾ ਕੀਤਾ ਗਿਆ ਹਾਲਾਂਕਿ ਮੈਂ ਇਸਦਾ ਪਹਿਲਾ ਸ਼ਿਕਾਰ ਹਾਂ। ਮੈਨੂੰ ਸਾਰੀਆਂ ਕੌਮਾਂ ਅਤੇ ਧਰਮਾਂ ਨੇ ਬਰਬਾਦ ਕੀਤਾ ਹੈ। ਪਰ ਤੁਸੀਂ ਮੈਨੂੰ ਨਹੀਂ ਹਰਾ ਸਕਦੇ। ਤੁਸੀਂ ਮੇਰੇ ਦ੍ਰਿੜ ਇਰਾਦੇ ਨੂੰ ਕਮਜ਼ੋਰ ਨਹੀਂ ਕਰ ਸਕਦੇ ਜਾਂ ਮੈਨੂੰ ਇੱਕ ਬਿਹਤਰ ਕੱਲ੍ਹ ਦਾ ਸੁਪਨਾ ਵੇਖਣ ਤੋਂ ਨਹੀਂ ਰੋਕ ਸਕਦੇ – ਜਿਸ ਵਿੱਚ ਸੱਚ ਦਾ ਸੂਰਜ ਚਮਕਦਾ ਹੈ।’

ਜੇਹਾਦ ਐਦੀਨ ਰਮਜ਼ਾਨ ਸੀਰੀਆਈ ਵਕੀਲ ਅਤੇ ਅਲੇਪੋ ਤੋਂ ਇੱਕ ਲੇਖਕ ਹੈ, ਜੋ ਇਸ ਸਮੇਂ ਵਿਆਨਾ ਵਿੱਚ ਇੱਕ ਸ਼ਰਨਾਰਥੀ ਵਜੋਂ ਰਹਿ ਰਿਹਾ ਹੈ। ਤੇਸਬੀਹ ਹਬਲ ਇੱਕ ਸੀਰੀਆਈ ਖੋਜਕਰਤਾ ਅਤੇ ਸੰਪਾਦਕ ਹੈ, ਜੋ ਇਸ ਸਮੇਂ ਸ਼ਿਕਾਗੋ ਯੂਨੀਵਰਸਿਟੀ ਵਿੱਚ ਰਹਿੰਦਾ ਹੈ।

 

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.