ਸੰਘਰਸ਼ ਅਤੇ ਆਤਮ-ਵਿਕਾਸ ਬਾਰੇ

ਫਿਲੀਪੀਨਜ਼ ਵਿੱਚ ਸੁਤੰਤਰ ਵਿਦੇਸ਼ੀ ਨੀਤੀ ਨੂੰ ਅੱਗੇ ਵਧਾਉਣ ਲਈ ਸੁਤੰਤਰਤਾ ਦਿਵਸ ਸਮਾਰੋਹ ਦੌਰਾਨ ਕਾਰਕੁਨਾਂ ਨੇ ਇੱਕ ਰੈਲੀ ਕੀਤੀ। ਫੋਟੋ: ਓਬੇਟ ਡੀ ਕਾਸਟਰੋ ।  ਸਰੋਤ: ਫੇਸਬੁੱਕ

ਇਹ ਲੇਖ ਮੂਲ ਰੂਪ ਵਿੱਚ ਫਿਲੀਪੀਨਜ਼ ਦੀ ਵਿਕਲਪਕ ਖ਼ਬਰਾਂ ਦੀ ਇੱਕ ਵੈਬਸਾਈਟ ‘ਬੁਲਟਲਾਟ’ ਤੇ ਪ੍ਰਕਾਸ਼ਤ ਹੋਇਆ ਸੀ।

ਕਾਰਕੁਨਾਂ ਨੂੰ ਅਕਸਰ ਕੱਟੜ ਖੂਹ ਦੇ ਡੱਡੂਆਂ ਦੇ ਰੂਪ ਵਿੱਚ ਚਿਤਰਿਆ ਜਾਂਦਾ ਹੈ ਜੋ ਰੈਲੀਆਂ ਕਰਕੇ ਅਵੈੜ ਖੁਸ਼ੀ ਪ੍ਰਾਪਤ ਕਰਦੇ ਹਨ। ਹਾਲਾਂਕਿ ਇਹ ਸੱਚ ਹੈ ਕਿ ਸਮੂਹਿਕ ਅਭਿਆਸ ਵਿੱਚ ਜਨਤਿਕ ਭਾਗੀਦਾਰੀ ਇੱਕ ਰੋਮਾਂਚਕਾਰੀ ਅਨੁਭਵ ਹੁੰਦਾ ਹੈ, ਖਾਸਕਰ ਜੇ ਇਸ ਵਿੱਚ ਸਮਾਜ ਦੇ ਖਲਨਾਇਕਾਂ ਨੂੰ ਪ੍ਰਤੀਕਾਤਮਕ ਤੌਰ ਤੇ ਭਜਾ ਦੇਣਾ ਸ਼ਾਮਿਲ ਹੋਵੇ, ਸੰਘਰਸ਼ ਨੂੰ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿੱਚ ਭਾਗ ਲੈਣ ਤੱਕ ਘਟਾ ਦੇਣਾ ਸਹੀ ਨਹੀਂ ਹੈ।

ਬੰਦ ਮੁੱਠੀ ਅਤੇ ਰੋਹੀਲੀ ਦਿੱਖ ਵਾਲੇ ਵਿਅਕਤੀ ਦੇ ਇੰਸਟਾਗ੍ਰਾਮ ਤੇ ਵਰਤੇ ਜਾਣ ਯੋਗ ਚਿੱਤਰ ਦੇ ਪਿੱਛੇ ਉਹ ਵਿਅਕਤੀ ਹੁੰਦਾ ਹੈ ਜੋ ਲਗਾਤਾਰ ਇਨਕਲਾਬੀ ਰਾਜਨੀਤੀ ਪ੍ਰਤੀ ਆਪਣੀ ਵਫ਼ਾਦਾਰੀ ਨੂੰ ਤਰਕਸ਼ੀਲ ਅਤੇ ਦ੍ਰਿੜ ਬਣਾ ਰਿਹਾ ਹੁੰਦਾ ਹੈ। ਸੰਘਰਸ਼ ਇਕ ਰਾਜਨੀਤਿਕ ਦ੍ਰਿਸ਼ਟੀ ਹੈ ਜਿਸ ਦਾ ਉਦੇਸ਼ ਵਿਸ਼ਵ ਨੂੰ ਅਤੇ – ਵਧੇਰੇ ਹਕੀਕੀ ਪਰ ਬਹੁਤ ਘੱਟ ਮੰਨਿਆ ਜਾਂਦਾ ਹੈ — ਆਪਣੇ ਆਪ ਨੂੰ ਬਦਲਣਾ ਹੈ। ਅਸਹਿਮਤੀ ਦੇ ਵਿਸ਼ਾਲ ਟੀਚੇ ਅਸਾਨੀ ਨਾਲ ਅਤੇ ਵਿਆਪਕ ਰੂਪ ਵਿੱਚ ਦਰਸਾਏ ਜਾਂਦੇ ਹਨ; ਜਿਸ ਪੱਖ ਨੂੰ ਪ੍ਰਤੱਖ ਪੇਸ਼ ਕਰਨਾ ਮੁਸ਼ਕਲ ਹੈ ਉਹ ਹੈ ਖੁਦ ਵਿਅਕਤੀ ਦਾ ਲਗਪਗ ਚਮਤਕਾਰੀ ਢੰਗ ਨਾਲ ਕਾਇਆਕਲਪ ਹੋ ਜਾਣਾ।

ਕੋਈ ਵੀ ਵਿਅਕਤੀ ਪਲ ਭਰ ਦੀ ਉਤਸੁਕਤਾ ਅਤੇ ਇਕ ਗੈਰ ਰਵਾਇਤੀ ਗਤੀਵਿਧੀ ਵਿਚ ਸ਼ਾਮਲ ਹੋਣ ਦੀ ਇੱਛਾ ਤੋਂ ਇਲਾਵਾ ਕਾਜ਼ ਨਾਲ ਬਿਨਾਂ ਕਿਸੇ ਵਚਨਬੱਧਤਾ ਦੇ ਰਾਜਨੀਤਿਕ ਕਾਰਵਾਈ ਵਿਚ ਹਿੱਸਾ ਲੈ ਕੇ ਕਾਰਕੁਨ ਹੋਣ ਦਾ ਅਨੁਭਵ ਚੱਖ ਸਕਦਾ ਹੈ। ਪਰ ਅਸਲ ਸੰਘਰਸ਼ ਵਿਚ ਸ਼ਾਮਲ ਹੋਣ ਲਈ, ਰਾਜਨੀਤਿਕ ਉਦੇਸ਼ ਦੇ ਸੰਬੰਧ ਆਪਣੇ-ਆਪ ਦੇ ਸੰਕਲਪ ਬਾਰੇ ਸੰਪੂਰਨ ਮੁੜ-ਵਿਚਾਰ ਕਰਨ ਤੋਂ ਬਿਨਾਂ ਉੱਕਾ ਨਹੀਂ ਸਰ ਸਕਦਾ।

ਰਾਸ਼ਟਰਪਤੀ ਰੋਡਰਿਗੋ ਦੁਤੇਰਤੇ ਦੀ ਸਰਕਾਰ ਦੇ ਅਧੀਨ ਗੁੰਮਸ਼ੁਦਗੀ ਦੇ ਵੱਧ ਰਹੇ ਕੇਸਾਂ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਫਿਲੀਪੀਨਜ਼ ਵਿਚਲੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ। ਸਰੋਤ: ਗਲੋਬਲ ਵੋਆਇਸਿਸ ਦੇ ਸਮਗਰੀ ਭਾਈਵਾਲ, ਕੋਡਾਓ ਪ੍ਰੋਡਕਸ਼ਨਸ। ਇਜਾਜ਼ਤ ਨਾਲ ਵਰਤਿਆ।

ਇਸ ਤਰ੍ਹਾਂ, ਇੱਕ ਕਾਰਕੁਨ ਦਾ ਪਹਿਲਾ ਜ਼ਰੂਰੀ ਕੰਮ ਆਪਣੇ ਆਪੇ ਨੂੰ ਨਵੇਂ ਸਾਂਚੇ ਵਿੱਚ ਢਾਲਣਾ ਹੁੰਦਾ ਹੈ। ਇਹ ਇੱਕ ਮੁਸ਼ਕਲ ਕੰਮ ਹੈ ਜਿਸ ਵਿੱਚ ਸਿੱਖਣ ਦੀ ਅਤੇ ਇੱਕ ਖ਼ਾਸ ਵਿਸ਼ਵ-ਦ੍ਰਿਸ਼ਟੀਕੋਣ ਨੂੰ ਭੁੱਲ ਜਾਣ ਦੀ ਨਿਰੰਤਰ ਪ੍ਰਕਿਰਿਆ ਸ਼ਾਮਲ ਹੁੰਦੀ ਹੈ ਅਤੇ ਆਧੁਨਿਕ ਸੰਸਾਰ ਵਿੱਚ ਸਫਲ ਹੋਣ ਲਈ ਲੋੜੀਂਦੀਆਂ ਆਦਤਾਂ ਅਤੇ ਇੱਛਾਵਾਂ ਨੂੰ ਤਿਆਗ ਦੇਣਾ ਸ਼ਾਮਲ ਪੈਂਦਾ ਹੈ। ਇਸ ਲਈ ‘ਮਾਲ ਸੇਵਾਵਾਂ’ ਤੋਂ ਜਾਣ-ਬੁੱਝ ਕੇ ਪਾਸੇ ਹੋਣਾ ਅਤੇ ਜ਼ਮੀਨੀ ਪੱਧਰ ‘ਤੇ ਆਪਣੇ ਆਪੇ ਨੂੰ ਲੀਨ ਕਰ ਦੇਣ ਦੀ ਜ਼ਰੂਰਤ ਹੁੰਦੀ ਹੈ।

ਤੀਖਣ ਰਾਜਨੀਤੀਕਰਨ ਅਤੇ ਸਮਾਜਿਕ ਜ਼ਮੀਰ ਦੇ ਵਿਕਾਸ ਨੂੰ ਕਈ ਵਾਰੀ ਗ਼ਲਤੀ ਨਾਲ ਸਹਿਜੇ ਸਹਿਜੇ ਬ੍ਰੇਨਵਾਸ਼ਿੰਗ ਅੱਗੇ ਗੋਡੇ ਦੇਕ ਦੇਣਾ ਮੰਨ ਲਿਆ ਜਾਂਦਾ ਹੈ। ਪਰ ਨੌਜਵਾਨ ਕਾਰਕੁੰਨ ਦੇ ਸਖ਼ਤ ਅਤੇ ਦ੍ਰਿੜ੍ਹ ਸੰਕਲਪ ਪਿੱਛੇ ਇਕ ਨਿਰੰਤਰ ਵਿਵਾਦਪੂਰਨ ਵਿਚਾਰਾਂ ਅਤੇ ਭਾਵਨਾਵਾਂ ਨਾਲ ਜੂਝ ਰਿਹਾ ਇੱਕ ਵਿਅਕਤੀ ਹੁੰਦਾ ਹੈ। ਕੀ ਮੈਂ ਇਸ ਢੰਗ ਦੀ ਜ਼ਿੰਦਗੀ ਜੀ ਸਕਦਾ ਹਾਂ? ਕੀ ਮੈਂ ਸੱਚਮੁੱਚ ਜ਼ਿੰਦਗੀ ਦਾ ਆਰਾਮ ਅਤੇ ਮੁੱਖਧਾਰਾ ਵਾਲੇ ਸਮਾਜ ਵਿੱਚ ਪ੍ਰਸਿੱਧੀ ਅਤੇ ਦੌਲਤ ਪ੍ਰਾਪਤ ਕਰਨ ਦਾ ਮੌਕਾ ਛੱਡਣ ਲਈ ਤਿਆਰ ਹਾਂ? ਕੀ ਹੋਰ ਕੋਈ ਵਿਕਲਪ ਨਹੀਂ ਹਨ ਜੋ ਘੱਟ ਕੁਰਬਾਨੀ ਦੀ ਮੰਗ ਕਰਦੇ ਹੋਣ?

ਭਾਵੇਂ ਰਾਜਨੀਤਿਕ ਸਿੱਖਿਆ – ਅਧਿਐਨ ਸੈਸ਼ਨਾਂ, ਕਮਿਊਨਿਟੀ ਆਯੋਜਿਤ ਪ੍ਰੋਗਰਾਮਾਂ, ਵੱਡੇ ਪੱਧਰ ਤੇ ਚਲਾਈਆਂ ਮੁਹਿੰਮਾਂ ਦੇ ਜ਼ਰੀਏ ਦਿੱਤੀ ਜਾਂਦੀ ਹੈ – ਇਹ ਅਜੇ ਵੀ ਵਿਅਕਤੀ ਹੀ ਹੁੰਦਾ ਹੈ ਜੋ ਆਖਰਕਾਰ ਇਹ ਚੁਣਦਾ ਹੈ ਕਿ ਉਸਨੇ ਅੱਗੇ ਵਧਣਾ ਹੈ ਅਤੇ ਕ੍ਰਾਂਤੀਕਾਰੀ ਹੋਣ ਦੀਆਂ ਚੁਣੌਤੀਆਂ ਨੂੰ ਅਪਣਾਉਣਾ ਹੈ ਜਾਂ ਨਹੀਂ।ਭਾਵੇਂ ਰਾਜਨੀਤਿਕ ਸਿੱਖਿਆ – ਅਧਿਐਨ ਸੈਸ਼ਨਾਂ, ਕਮਿਊਨਿਟੀ ਆਯੋਜਿਤ ਪ੍ਰੋਗਰਾਮਾਂ, ਵੱਡੇ ਪੱਧਰ ਤੇ ਚਲਾਈਆਂ ਮੁਹਿੰਮਾਂ ਦੇ ਜ਼ਰੀਏ ਦਿੱਤੀ ਜਾਂਦੀ ਹੈ – ਇਹ ਅਜੇ ਵੀ ਵਿਅਕਤੀ ਹੀ ਹੁੰਦਾ ਹੈ ਜੋ ਆਖਰਕਾਰ ਇਹ ਚੁਣਦਾ ਹੈ ਕਿ ਉਸਨੇ ਅੱਗੇ ਵਧਣਾ ਹੈ ਅਤੇ ਕ੍ਰਾਂਤੀਕਾਰੀ ਹੋਣ ਦੀਆਂ ਚੁਣੌਤੀਆਂ ਨੂੰ ਅਪਣਾਉਣਾ ਹੈ ਜਾਂ ਨਹੀਂ। ਤੇ ਫਿਰ ਕੁੱਲਵਕਤੀ ਕਾਰਕੁਨ ਬਣਨ ਦਾ ਫੈਸਲਾ ਲੈਣ ਤੋਂ ਬਾਅਦ ਵੀ ਡਾਵਾਂਡੋਲਤਾ ਨਿਰੰਤਰ ਬਣੀ ਰਹਿੰਦੀ ਹੈ। ਪਰਿਵਾਰ, ਮਿੱਤਰਾਂ ਅਤੇ ਉਨ੍ਹਾਂ ਬਹੁਗਿਣਤੀ ਲੋਕਾਂ ਤੋਂ ਅਲੱਗ ਹੋਣ ਦੀ, ਜੋ ਯਥਾ-ਸਥਿਤੀ ਦਾ ਅਨੰਦ ਮਾਣ ਰਹੇ ਹੁੰਦੇ ਹਨ ਅਤੇ ਸੰਘਰਸ਼ ਨੂੰ ਤਿਆਗ ਦੇਣ, ਆਪਣੇ ਪੁਰਾਣੇ ਜੀਵਨ ਨੂੰ ਮੁੜ ਆਪਣਾ ਲੈਣ ਦੇ ਅਤੇ ਸ਼ਾਨੋ ਸ਼ੌਕਤ ਅਤੇ ਪਦਾਰਥਕ ਅਮੀਰੀ ਲਈ ਆਪਣੇ ਯਤਨ ਮੁੜ ਸੇਧ ਦੇਣ ਦੇ ਹਮੇਸ਼ਾਂ ਭਰਮਾਉਣ ਵਾਲੇ ਅਤੇ ਆਸਾਨ ਕਲਪਨਾ ਕਰੋ।

ਇਨਕਲਾਬ ਦਾ ਮਾਰਗ ਤਿਆਗ ਦੇਣ ਦਾ ਲਾਲਚ ਹਰ ਵਾਰ ਉਭਰਦਾ ਹੈ ਜਦੋਂ ਵੀ ਕਦੇ ਕਾਰਕੁੰਨ ਨੂੰ ਰਾਜਨੀਤਿਕ ਜੀਵਨ ਵਿੱਚ ਰੁਕਾਵਟ ਦਾ ਟਾਕਰਾ ਕਰਨਾ ਪੈਂਦਾ ਹੈ – ਜਨਤਕ ਮੁਹਿੰਮ ਦੀ ਅਸਫਲਤਾ, ਰਾਸ਼ਟਰੀ ਸਥਿਤੀ ਦਾ ਤੇਜ਼ੀ ਨਾਲ ਵਿਗਾੜ, ਰਾਜਕੀ ਫਾਸ਼ੀਵਾਦ, ਦਲਗਤ ਰਾਜਨੀਤੀ ਦਾ ਨਿਰਾਸ਼ਾਜਨਕ ਪ੍ਰਭਾਵ। ਇਸ ਲਈ ਇੱਕ ਸੱਚੇ ਕਾਰਕੁੰਨ ਦੀ ਪਰੀਖਿਆ, ਸਿਰਫ ਸਿਧਾਂਤਾਂ ਦੇ ਇੱਕ ਸਮੂਹ ਨੂੰ ਬਿਆਨ ਕਰਨ ਦੀ ਹੀ ਨਹੀਂ, ਬਲਕਿ ਉਹ ਵਿਅਕਤੀ ਬਣਨ ਦੀ ਸਮਰੱਥਾ ਹੁੰਦੀ ਹੈ ਜੋ ਹਰ ਔਕੜ ਦੇ ਬਾਵਜੂਦ ਖੜ ਜਾਂਦਾ ਹੈ ਅਤੇ ਖੜਾ ਰਹਿੰਦਾ ਹੈ ਅਤੇ ਬਿਖੜੇ ਪੈਂਡੇ ਦੇ ਬਾਵਜੂਦ ਇਨਕਲਾਬ ਪ੍ਰਤੀ ਵਚਨਬੱਧਤਾ ਦ੍ਰਿੜਾਉਂਦਾ ਅਤੇ ਮੁੜ-ਦ੍ਰਿੜਾਉਂਦਾ ਰਹਿੰਦਾ ਹੈ।

ਕਾਰਕੁੰਨ ਆਪਣੇ ਆਪ ਨੂੰ ਨਵੀਂ ਰਾਜਨੀਤੀ ਦੇ ਸਮੂਹਕ ਸੰਘਰਸ਼ ਨਾਲ ਅਭੇਦ ਹੋਣ ਰਾਹੀਂ ਨਿੱਜੀ ਦੁਖਾਂਤਾਂ ਅਤੇ ਅੜੀਅਲ ਸ਼ੰਕਿਆਂ ਨੂੰ ਸਰ ਕਰਦਾ ਹੈ। ਇਸ ਨੂੰ ਕਿਸੇ ਗ਼ੈਰ-ਸ਼ਖਸੀ ਸ਼ਕਤੀ (ਪਾਰਟੀ, ਸਮੂਹ, ਅਵਾਮ) ਦੁਆਰਾ ਆਪੇ ਨੂੰ ਡੁੱਬੋ ਲੈਣ ਦੇ ਰੂਪ ਵਿੱਚ ਬਿਆਨ ਕਰਨਾ ਅਸਾਨ ਹੈ। ਪਰ ਇਹ ਓਨਾ ਆਪਣੇ ਆਪੇ ਦਾ ਮਿਟਣਾ ਨਹੀਂ ਹੁੰਦਾ, ਜਿੰਨਾ ਇੱਕ ਲੋਕ ਲਹਿਰ ਦੇ ਸੰਦਰਭ ਵਿੱਚ ਨਵੇਂ ਆਪੇ ਦਾ ਮੁੜ ਉਭਰਨਾ ਹੁੰਦਾ ਹੈ।

ਕਾਰਕੁੰਨ ਨੂੰ ਇਸ ਮਾਰਗ ਤੇ ਚੱਲਣ ਤੋਂ ਮਿਲਦਾ ਹੈ: ਜ਼ਿੰਦਗੀ ਦਾ ਇਕ ਨਵਾਂ ਉਦੇਸ਼, ਦੁਨੀਆਂ ਜਿਵੇਂ ਹੈ ਅਤੇ ਇਹ ਜਿਵੇਂ ਹੋਣੀ ਚਾਹੀਦੀ ਹੈ, ਉਸ ਨੂੰ ਦੇਖਣ ਲਈ ਲੋੜੀਂਦੇ ਦਾਰਸ਼ਨਿਕ ਸੰਦ, ਸੰਘਰਸ਼ ਸਾਥੀ ਅਤੇ ਇਨਕਲਾਬੀ, ਅਤੇ ਦ੍ਰਿੜਤਾ ਨਾਲ ਸੰਘਰਸ਼ ਦੀ ਜ਼ਿੰਮੇਵਾਰੀ ਨਿਭਾਉਣ ਦਾ ਅਹਿਸਾਸ। ਜਨਤਾ ਦੇ ਸੰਘਰਸ਼ ਤੋਂ, ਜਿਨ੍ਹਾਂ ਦਾ ਗ਼ਰੀਬੀ, ਬੇਇਨਸਾਫ਼ੀ ਅਤੇ ਹੋਰ ਰੋਕਣਯੋਗ ਦੁੱਖਾਂ ਦੀ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਤੋਂ ਇਲਾਵਾ ਹੋਰ ਕੋਈ ਦਾਅਵਾ ਨਹੀਂ ਹੁੰਦਾ, ਕਾਰਕੁੰਨ ਨੂੰ ਪ੍ਰੇਰਨਾ ਮਿਲਦੀ ਹੈ, ਕਿਸਾਨ ਅਤੇ ਮਜ਼ਦੂਰ ਆਗੂਆਂ ਦੇ ਰੂਪ ਵਿੱਚ ਨਵੇਂ ਪਰਪੱਕ ਸਲਾਹਕਾਰ ਮਿਲਦੇ ਹਨ, ਜਿਨ੍ਹਾਂ ਦਾ ਜੀਵਨ ਮਿਸਾਲੀ ਹੁੰਦਾ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਫਿਲੀਪੀਨੀਆਂ ਦੇ ਕਹਿਣ ਵਾਂਗ “simpleng pamumuhay at puspusang pakikibaka” ਯਾਨੀ “ਸਾਦਾ ਜੀਵਨ ਅਤੇ ਘਣੇ ਸੰਘਰਸ਼” ਦੇ ਮਾਰਗ ਤੇ ਚੱਲਣ ਦਾ ਕੀ ਮਤਲਬ ਹੁੰਦਾ ਹੈ।

ਅਚਾਨਕ, ਕਾਰਕੁੰਨ ਦਾ ਜੀਵਨ ਸਿਰਫ ਰੋਜ਼ਾਨਾ ਮੁਸੀਬਤਾਂ ਦਾ ਵੇਰਵਾ ਹੀ ਨਹੀਂ ਰਹਿ ਜਾਂਦਾ ਹੈ, ਕਿਉਂਕਿ ਹੁਣ ਇਹ ਸਮਝ ਮਿਲਦੀ ਹੈ ਕਿ ਇਨ੍ਹਾਂ ਮੁਸੀਬਤਾਂ ਨੂੰ ਸਹਿਣਾ ਦੂਜਿਆਂ ਦੇ ਦੁੱਖ ਨੂੰ ਸੌਖਾ ਕਰ ਸਕਦਾ ਹੈ ਅਤੇ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਇੱਕ ਨਵੀਂ ਦੁਨੀਆਂ ਦੇ ਉਭਾਰ ਨੂੰ ਤੇਜ਼ ਕਰ ਸਕਦਾ ਹੈ।

ਮਾਮੂਲੀ ਜਿਹੇ ਲੱਗਦੇ ਉਦੇਸ਼ਾਂ ਤੋਂ ਲੈ ਕੇ ਰਣਨੀਤਕ ਤੱਕ, ਰਾਜਨੀਤਿਕ ਉਦੇਸ਼ਾਂ ਦੇ ਇੱਕ ਸਮੂਹ ਨੂੰ ਸਾਕਾਰ ਕਰਨ ਤੇ ਕੇਂਦ੍ਰਤ, ਕਾਰਕੁੰਨ ਦੀ ਸੰਤੁਸ਼ਟੀ ਦੀ ਭਾਵਨਾ ਪਦਾਰਥਾਂ ਦੀ ਪ੍ਰਾਪਤੀ ਦੀ ਗਿਣਤੀ ਵਿੱਚ ਨਹੀਂ ਹੁੰਦੀ ਬਲਕਿ ਸਮੂਹ ਸੰਗਠਨ ਦੇ ਸੰਪੂਰਨ ਵਾਧੇ ਵਿੱਚ, ਅਤੇ ਇਸ ਧਾਰਣਾ ਵਿੱਚ ਦੀ ਹੈ ਕਿ ਨਿੱਜੀ ਸੰਘਰਸ਼ਾਂ ਨੂੰ ਸੰਬੋਧਿਤ ਹੋਣ ਦਾ ਵਧੀਆ ਤਰੀਕਾ ਕਿਨਾਰਾਕਸ਼ੀ ਅਤੇ ਅਲੱਗ-ਥਲੱਗ ਹੋਣ ਦਾ ਨਹੀਂ, ਸਗੋਂ ਸਾਥੀ-ਬਣੇ ਅਜਨਬੀਆਂ ਦੀ ਸੰਗਤ ਵਿਚ ਮਨੁੱਖੀ ਜ਼ੁਲਮ ਨੂੰ ਖਤਮ ਕਰਨ ਲਈ ਵੱਡੇ ਸਮੂਹਕ ਸੰਘਰਸ਼ ਵਿਚ ਹਿੱਸਾ ਲੈਣ ਦਾ ਹੈ।

ਕਾਰਕੁੰਨ ਨੂੰ ਜੀਵਨ ਦੀ ਪੁਸ਼ਟੀ ਕਰਨ ਵਾਲੀ ਚੇਤਨਾ ਮਿਲਦੀ ਹੈ ਕਿ ਸਵੈ-ਦੇਖਭਾਲ ਉਦੋਂ ਤੱਕ ਕਿਸੇ ਵੀ ਅਰਥਪੂਰਨ ਚੀਜ਼ ਨੂੰ ਅੱਗੇ ਨਹੀਂ ਤੋਰਦੀ ਜਦੋਂ ਤੱਕ ਇਹ ਸਮਾਜਕ ਤੌਰ ਤੇ ਪ੍ਰਤੀਬੱਧ ਵਿਅਕਤੀ ਬਣਨ ਦੀ ਨੈਤਿਕਤਾ ਨਾਲ ਇੱਕ ਨਹੀਂ ਹੁੰਦੀ। ਅਤੇ ਇਸ ਲਈ ਸੰਘਰਸ਼ ਸਵੈ-ਵਿਕਾਸ ਦੇ ਪ੍ਰਸਿੱਧ ਮੰਤਰ ਅਤੇ ਸਮਾਜਿਕ ਤਬਦੀਲੀ ਨੂੰ ਅੱਗੇ ਵਧਾਉਣ ਦੇ ਵਧੇਰੇ ਜ਼ਰੂਰੀ ਕੰਮ ਦੇ ਵਿਚਕਾਰ ਇੱਕ ਨਿਰਣਾਇਕ ਲਿੰਕ ਬਣ ਜਾਂਦਾ ਹੈ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.