ਈਰਾਨੀ ਵਕੀਲ ਨਸਰੀਨ ਸਤੂਦੇਹ ਨੂੰ ਹਿਜਾਬ ਰੋਸ ਪ੍ਰਦਰਸ਼ਨਕਾਰੀਆਂ ਦੀ ਨੁਮਾਇੰਦਗੀ ਕਰਨ ਲਈ ਰਾਸ਼ਟਰੀ ਸੁਰੱਖਿਆ ਦੇ ਦੋਸ਼ਾਂ ਤਹਿਤ ਜੇਲ੍ਹ ਭੇਜਿਆ

ਮਸ਼ਹੂਰ ਮਾਨਵੀ ਅਧਿਕਾਰਾਂ ਦੀ ਵਕੀਲ ਨਸਰੀਨ ਸਤੂਦੇਹ ਨੂੰ ਇਰਾਨ ਵਿਚ ਹਿਜਾਬ ਰੋਸ ਪ੍ਰਦਰਸ਼ਨਕਾਰੀਆਂ ਦੀ ਵਕਾਲਤ ਕਰਨ ਲਈ ਕੈਦ ਕੀਤਾ ਗਿਆ ਹੈ।

ਹੇਠਾਂ ਇਕ ਲੇਖ ਦਾ ਸੰਪਾਦਨ ਕੀਤਾ ਗਿਆ ਸੰਸਕਰਣ ਹੈ ਜੋ ਪਹਿਲੀ ਵਾਰ ਈਰਾਨ ਵਿੱਚ ਮਨੁੱਖੀ ਅਧਿਕਾਰਾਂ ਲਈ ਸੈਂਟਰ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਹੋਇਆ ਸੀ।

ਅਧਿਕਾਰੀਆਂ ਨੇ ਇਰਾਨ ਦੀ ਮਨੁੱਖੀ ਅਧਿਕਾਰਾਂ ਦੀ ਵਕੀਲ ਨਸਰੀਨ ਸਤੂਦੇਹ ਉੱਤੇ ਦੋ ਕੌਮੀ ਸੁਰੱਖਿਆ ਅਪਰਾਧਾਂ ਦੇ ਦੋਸ਼ ਲਗਾਏ ਹਨ ਕਿ ਉਹ ਉਨ੍ਹਾਂ ਔਰਤਾਂ ਦੀ ਪ੍ਰਤਿਨਿਧਤਾ ਕਰਦੀ ਹੈ ਜਿਨ੍ਹਾਂ ਨੇ ਈਰਾਨ ਵਿਚ ਇਸਲਾਮਿਕ ਗਣਤੰਤਰ ਦੇ ਲਾਜ਼ਮੀ ਹਿਜਾਬ ਕਾਨੂੰਨ ਵਿਰੁੱਧ ਸ਼ਾਂਤੀਪੂਰਵਕ ਵਿਰੋਧ ਕਰਨ ਲਈ ਕੈਦ ਕੱਟੀ ਹੈ।

ਸਤੂਦੇਹ ਨੂੰ 13 ਜੂਨ ਨੂੰ ਉਸਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਿਨਾਂ ਕਿਸੇ ਸਪੱਸ਼ਟੀਕਰਨ ਦੇ ਕਿਹਾ ਗਿਆ ਕਿ ਉਸ ਨੂੰ ਪੰਜ ਸਾਲ ਦੀ ਸਜ਼ਾ ਭੁਗਤਣ ਲਈ ਤਹਿਰਾਨ ਵਿਚ ਏਵਿਨ ਜੇਲ੍ਹ ਵਿਚ ਲਿਜਾਇਆ ਜਾ ਰਿਹਾ ਸੀ, ਜਿਸ ਤੋਂ ਉਹ ਅਣਜਾਣ ਸੀ ਕਿਉਂਕਿ ਉਸ ਦੀ ਗੈਰਹਾਜਰੀ ਵਿੱਚ ਉਸ ਤੇ ਮੁਕੱਦਮਾ ਚਲਾਇਆ ਗਿਆ ਸੀ।

“ਪੁੱਛਗਿੱਛ ਦੌਰਾਨ, ਉਸ ਨੂੰ ਦੱਸਿਆ ਗਿਆ ਸੀ ਕਿ ਉਸ ਦੇ ਖਿਲਾਫ ਦੋਸ਼ ‘ਰਾਜ ਦੇ ਵਿਰੁੱਧ ਪ੍ਰਚਾਰ’ ਅਤੇ ‘ਇਕਠੇ ਹੋਣਾ ਅਤੇ ਮਿਲੀਭੁਗਤ’ ਹਨ ਕਿਉਂਕਿ ਉਹ ਕਾਸ਼ਾਨ ਦੀ ਅਦਾਲਤ ਵਿੱਚ ਮੁਕੱਦਮੇ ਵਿਚ ਮਿਸ ਸ਼ੈਪਰੈਕ [ਸ਼ਜ਼ਾਰੀਜ਼ਾਦੇ]  ਨਾਲ ਤਾਲਮੇਲ ਕੀਤਾ ਸੀ,” ਸਤੂਦੇਹ ਦੇ ਪਤੀ ਰੇਜ਼ਾ ਖਾਨ ਨੇ ਇਰਾਨ ਵਿਚ ਮਨੁੱਖੀ ਅਧਿਕਾਰਾਂ ਲਈ ਕੇਂਦਰ (ਸੀ.ਆਰ.ਆਈ.) ਨੂੰ ਦੱਸਿਆ।

“ਇਹ ਕਹਿਣਾ ਅਤਿਅੰਤ ਹਾਸੋਹੀਣੀ ਗੱਲ ਹੈ ਕਿ ਇਕ ਵਕੀਲ ਆਪਣੇ ਕਲਾਇੰਟ ਨੂੰ ਮਿਲਿਆ ਅਤੇ ਉਸ ਨਾਲ ਮਿਲੀਭੁਗਤ ਕੀਤੀ,” ਉਸ ਨੇ ਅੱਗੇ ਕਿਹਾ। “ਇੱਕ ਕਲਾਇੰਟ ਨੂੰ ਮਿਲਣਾ ਇੱਕ ਵਕੀਲ ਦੀ ਨੌਕਰੀ ਦਾ ਮੁਢਲਾ ਹਿੱਸਾ ਹੈ। ਪਰ ਵਧੇਰੇ ਦਿਲਚਸਪ ਗੱਲ ਇਹ ਹੈ ਕਿ ਸ਼ਾਪਰਕ ਨੂੰ (ਤਹਿਰਾਨ ਤੋਂ 152 ਮੀਲ ਦੱਖਣ ਵੱਲ) ਕਾਸ਼ਾਨ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਨਸਰੀਨ ਉੱਥੇ ਜਾ ਸਕਣ ਦੇ ਯੋਗ ਨਹੀਂ ਸੀ ਅਤੇ ਇਸ ਲਈ ਕਾਸ਼ਾਨ ਕਚਹਿਰੀਆਂ ਵਿਚ ਕੋਈ ਮੀਟਿੰਗ ਨਹੀਂ ਹੋਈ। “

ਦਸੰਬਰ 2017 ਤੋਂ ਲੈ ਕੇ ਸ਼ਜ਼ੀਰਾਜਦੇਹ ਸਮੇਤ ਈਰਾਨੀ ਔਰਤਾਂ ਨੂੰ ਈਰਾਨ ਵਿਚ ਇਸਲਾਮਿਕ ਗਣਤੰਤਰ ਦੇ ਲਾਜ਼ਮੀ ਹਿਜਾਬ ਕਾਨੂੰਨ ਵਿਰੁੱਧ ਵਿਅਸਤ ਸੜਕਾਂ ਤੇ ਆਪਣੇ ਸਿਰਾਂ ਤੋਂ ਚੁੰਨੀਆਂ ਲਾਹ ਕੇ ਅਤੇ ਲਹਿਰਾ ਕੇ ਸ਼ਾਂਤੀਪੂਰਵਕ ਵਿਰੋਧ ਕਰਨ ਲਈ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ “ਕ੍ਰਾਂਤੀ ਸਟਰੀਟ ਦੀਆਂ ਲੜਕੀਆਂ,” ਵਜੋਂ ਜਾਣੀਆਂ ਜਾਂਦੀਆਂ, ਘੱਟ ਤੋਂ ਘੱਟ ਤਿੰਨ ਔਰਤਾਂ ਨੂੰ ਸਿਵਲ ਨਾਫਰਮਾਨੀ ਦੇ ਕੰਮ ਲਈ ਅਧਿਕਾਰਤ ਤੌਰ ਤੇ ਚਾਰਜ ਕੀਤਾ ਗਿਆ ਹੈ।

ਈਰਾਨ ਦੇ ਇਸਲਾਮਿਕ ਪੀਨਲ ਕੋਡ ਦੇ ਅਨੁਛੇਦ 638 ਦੇ ਅਨੁਸਾਰ, “ਉਹ ਔਰਤਾਂ, ਜੋ ਜਨਤਕ ਸਥਾਨਾਂ ਅਤੇ ਸੜਕਾਂ ਤੇ ਇਸਲਾਮਿਕ ਹਿਜਾਬ ਪਹਿਨਣ ਤੋਂ ਬਗੈਰ ਆਉਣ, ਉਨ੍ਹਾਂ ਨੂੰ 10 ਦਿਨ ਤੋਂ ਦੋ ਮਹੀਨੇ ਦੀ ਕੈਦ ਜਾਂ 500 ਤੋਂ 50,000 ਰਾਇਲ ਦਾ ਜੁਰਮਾਨਾ ਕੀਤਾ ਜਾਵੇਗਾ।”

ਅੱਗੇ ਕਿਹਾ ਗਿਆ ਹੈ: “ਜਨਤਕ ਸਥਾਨਾਂ ਅਤੇ ਸੜਕਾਂ ਤੇ ਜੋ ਖੁੱਲ੍ਹੇ ਤੌਰ ਤੇ ਹਰਾਮ [ਪਾਪ] ਕਰਦਾ ਹੈ, ਇਸ ਕਾਨੂੰਨ ਦੇ ਤਹਿਤ ਦਿੱਤੀ ਗਈ ਸਜ਼ਾ ਤੋਂ ਇਲਾਵਾ ਦੋ ਮਹੀਨਿਆਂ ਦੀ ਕੈਦ ਜਾਂ 74 ਕੋੜਿਆਂ ਦੀ ਸਜ਼ਾ ਦਿੱਤੀ ਜਾਵੇਗੀ; ਅਤੇ ਜੇਕਰ ਉਹ ਕੋਈ ਅਜਿਹਾ ਕੰਮ ਕਰਦਾ ਹੈ ਜਿਸ ਦੀ ਸਜ਼ਾ ਨਾ ਹੋਵੇ ਪਰ ਜਨਤਕ ਸੁਹਿਰਦਤਾ ਦੀ ਉਲੰਘਣਾ ਕਰੇ, ਤਾਂ ਉਨ੍ਹਾਂ ਨੂੰ ਸਿਰਫ਼ 10 ਦਿਨ ਤੋਂ ਦੋ ਮਹੀਨਿਆਂ ਦੀ ਕੈਦ ਜਾਂ 74 ਕੋੜਿਆਂ ਦੀ ਸਜ਼ਾ ਦਿੱਤੀ ਜਾਵੇਗੀ।”

ਸਤੂਦੇਹ ਦੇ ਪਤੀ ਨੇ ਆਪਣੀ ਗੱਲ ਅੱਗੇ ਤੋਰੀ: “ਜੇ ਤੁਸੀਂ ਮੈਨੂੰ ਪੁੱਛੋ ਕਿ ਪ੍ਰਸ਼ਾਸਨ ਆਪਣੇ ਅੰਦਰ ਡੂੰਘਾ ਕੀ ਸੋਚ ਰਿਹਾ ਹੈ, ਤਾਂ ਮੈਂ ਦੱਸਾਂਗਾ ਕਿ ਉਹ ਚਾਹੁੰਦੇ ਹਨ ਕਿ ਨਸਰੀਨ ਘਰ ਵਿਚ ਬੈਠ ਜਾਵੇ ਅਤੇ ਕ੍ਰਾਂਤੀ ਦੀ ਗਲੀ ਦੀਆਂ ਕੁੜੀਆਂ ਵਰਗੇ ਮਾਮਲਿਆਂ ਤੋਂ ਦੂਰ ਰਹੇ ਅਤੇ ਸਿਵਲ ਅਤੇ ਰਾਜਨੀਤਿਕ ਕਾਰਕੁੰਨਾਂ ਦੀ ਵਕਾਲਤ ਨਾ ਕਰੇ ਅਤੇ ਮੀਡੀਆ ਨੂੰ ਇੰਟਰਵਿਊ ਨਾ ਦੇਵੇ।”

“ਮੈਨੂੰ ਸੱਚਮੁੱਚ ਲੱਗਦਾ ਹੈ ਕਿ ਉਹ ਉਲਝੇ ਹੋਏ ਹਨ,” ਉਸ ਨੇ ਕਿਹਾ। “ਉਨ੍ਹਾਂ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਹੁਣ ਉਹ ਉਸ ਵਿਰੁੱਧ ਮਨਘੜਤ ਕੇਸ ਬਣਾ ਰਹੇ ਹਨ।”

ਖਾਨਦਨ ਨੇ ਕਿਹਾ ਕਿ ਸਤੂਦੇਹ ਆਪਣੀ ਹੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਇਰਾਨ ਦੇ ਹਿਜਾਬ ਰੋਸ ਪ੍ਰਦਰਸ਼ਨਕਾਰੀਆਂ ਦੇ ਵਿੱਚ ਸ਼ਾਮਲ ਹੋਣ ਬਾਰੇ ਵਿਚਾਰ ਕਰ ਰਹੀ ਹੈ।

“ਨਸਰੀਨ ਨੇ ਅੱਜ [17 ਜੂਨ] ਮੁਲਾਕਾਤ ਦੌਰਾਨ ਮੈਨੂੰ ਦੱਸਿਆ ਕਿ ਉਸਨੇ ਆਪਣੇ ਤਿੰਨ ਕਲਾਇੰਟਸ—ਕ੍ਰਾਂਤੀ ਗਲੀ ਵਾਲੀਆਂ ਕੁੜੀਆਂ—ਦੇ ਵਿਰੁੱਧ ਕੇਸਾਂ ਤੇ ਸਖ਼ਤ ਮਿਹਨਤ ਕੀਤੀ ਹੈ ਅਤੇ ਮੰਨਦੀ ਹੈ ਕਿ ਲਾਜ਼ਮੀ ਹਿਜਾਬ ਅਮਾਨਵੀ ਹੈ ਅਤੇ ਮਨੁੱਖੀ ਅਧਿਕਾਰਾਂ ਦੇ ਵਿਰੁੱਧ ਹੈ ਅਤੇ ਜੇਕਰ ਉਸ ਦੀ ਨਜ਼ਰਬੰਦੀ ਜਾਰੀ ਰਹਿੰਦੀ ਹੈ, ਤਾਂ ਉਹ ਵੀ, ਜੇਲ੍ਹ ਵਿਚ ਹਿਜਾਬ ਹਟਾ ਦੇਵੇਗੀ, “ਉਸ ਨੇ ਕਿਹਾ।

ਖਾਨਦਨ ਨੇ ਵੀ ਸੀਐਚਆਰਆਈ ਨੂੰ ਦੱਸਿਆ ਕਿ ਸਤੂਦੇਹ ਨੇ ਨਿਆਂਪਾਲਿਕਾ ਵਲੋਂ  ਹਕੂਮਤ ਵਲੋਂ ਪ੍ਰਵਾਨਿਤ 20 ਵਕੀਲਾਂ – ਦੀ ਹਾਲ ਹੀ ਵਿੱਚ ਲਿਆਂਦੀ ਗਈ ਸੂਚੀ, ਕਿ ਸਿਰਫ ਉਹੀ ਇਰਾਨ ਵਿੱਚ ਸਿਆਸੀ ਤੌਰ ਤੇ ਪ੍ਰੇਰਿਤ ਦੋਸ਼ਾਂ ਦੇ ਤਹਿਤ ਹਿਰਾਸਤ ਵਿੱਚ ਲਏ ਲੋਕਾਂ ਦੀ ਵਕਾਲਤ ਕਰ ਸਕਣਗੇ – ਦੇ ਖਿਲਾਫ਼ ਰੋਸ ਵਜੋਂ ਆਪਣੀ ਵਕਾਲਤ ਲਈ ਡਿਫੈਂਸ ਅਟਾਰਨੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

17 ਜੂਨ ਨੂੰ ਖਾਨਦਨ ਅਤੇ ਬਚਾਅ ਪੱਖ ਦੇ ਵਕੀਲ ਅਰਾਸ਼ ਕੇਖ਼ੋਸਰਾਵੀ ਅਤੇ ਪਾਇਮ ਦੇਰਾਫਸ਼ਨ ਅਤੇ ਕਈ ਨਾਗਰਿਕ ਅਧਿਕਾਰ ਕਾਰਕੁੰਨ ਉਸ ਦੀ ਗ੍ਰਿਫਤਾਰੀ ਵਿਰੁੱਧ ਪ੍ਰਦਰਸ਼ਨ ਕਰਨ ਲਈ ਏਵਿਨ ਜੇਲ੍ਹ ਦੇ ਦਰਵਾਜ਼ੇ ਦੇ ਬਾਹਰ ਜੁੜੇ ਸਨ।

ਕੇਖ਼ੋਸਰਾਵੀ ਅਤੇ ਦੇਰਾਫਸ਼ਨ ਫਰਵਰੀ 2018 ਵਿਚ ਏਵਿਨ ਜੇਲ੍ਹ ਵਿਚ ਸ਼ੱਕੀ ਹਾਲਾਤ ਵਿਚ ਮਾਰੇ ਗਏ ਇਰਾਨੀ ਕੈਨੇਡੀਅਨ ਅਕਾਦਮਿਕ ਅਤੇ ਵਾਤਾਵਰਨਵਾਦੀ ਕਵਾਊ ਸਯਦ-ਇਮਾਮੀ ਦੇ ਪਰਿਵਾਰ ਦੀ ਨੁਮਾਇੰਦਗੀ ਕਰ ਰਹੇ ਹਨ।

ਸੁਰੱਖਿਆ ਏਜੰਟਾਂ ਨੇ ਰੋਸ ਪ੍ਰਦਰਸ਼ਨਕਾਰੀਆਂ ਨੂੰ ਕੁੱਟਿਆ ਅਤੇ ਉਨ੍ਹਾਂ ਵਿਚੋਂ 9 ਨੂੰ ਕਈ ਘੰਟਿਆਂ ਲਈ ਹਿਰਾਸਤ ਵਿਚ ਰੱਖਿਆ। ਕੇਖ਼ੋਸਰਾਵੀ ਅਤੇ ਦੇਰਾਫਸ਼ਨ ਅਤੇ ਦੋ ਹੋਰ ਪ੍ਰਦਰਸ਼ਨਕਾਰੀਆਂ ਨੇ “ਬਹੁਤ ਸਾਰੀਆਂ ਸੱਟਾਂ ਲੱਗੀਆਂ”,ਖਾਨਦਨ ਨੇ ਕਿਹਾ।

“ਅਸੀਂ ਅੱਜ [17 ਜੂਨ] ਸਵੇਰੇ ਲਗਭਗ 10 ਵਜੇ ਏਵਿਨ ਵਿਖੇ ਇੱਕਠੇ ਹੋਏ ਪਰ ਏਜੰਟਾਂ ਨੇ ਸਾਨੂੰ ਪਾਸੇ ਧੱਕ ਦਿੱਤਾ ਅਤੇ ਅਸਲ ਵਿੱਚ ਇਕੱਠ ਏਵਿਨ ਦੇ ਨੇੜੇ ਪੁਲ ਦੇ ਹੇਠਾਂ ਹੋਇਆ,” ਖਾਨਦਨ ਨੇ ਕਿਹਾ। “ਜਿਉਂ ਹੀ ਸਾਡੇ ਦੋਸਤਾਂ ਨੇ ਨਾਅਰੇ ਲਗਾਉਣਾ ਸ਼ੁਰੂ ਕੀਤਾ ਅਤੇ ਆਪਣੇ ਬੈਨਰ ਉੱਪਰ ਚੁੱਕੇ, ਏਜੰਟਾਂ ਨੇ ਸਾਡੇ ਉੱਤੇ ਮੁੱਕਿਆਂ ਤੇ ਠੁੱਡਿੱਆਂ ਨਾਲ ਹਮਲਾ ਕਰ ਦਿੱਤਾ ਅਤੇ ਸਾਡੇ ਵਿੱਚੋਂ ਨੌਂਆਂ ਨੂੰ ਗ੍ਰਿਫਤਾਰ ਕਰ ਲਿਆ।”

“ਅਸੀਂ ਇਕ ਘੰਟੇ ਲਈ ਇਕ ਪੁਲਸ ਵੈਨ ਦੇ ਅੰਦਰ ਸੀ ਅਤੇ ਫਿਰ ਸਾਨੂੰ ਅਦਾਲਤ ਵਿੱਚ ਭੇਜਿਆ ਗਿਆ ਅਤੇ ਅਖੀਰ ਸਾਨੂੰ ਦੋ ਘੰਟਿਆਂ ਬਾਅਦ ਰਿਹਾਅ ਕਰ ਦਿੱਤਾ ਗਿਆ,” ਉਸ ਨੇ ਅੱਗੇ ਕਿਹਾ। “ਫਿਰ ਮੈਂ ਤੁਰੰਤ ਨਸਰੀਨ ਨੂੰ ਮਿਲਣ ਲਈ ਐਵਿਨ ਜੇਲ੍ਹ ਗਿਆ, ਕਿਉਂਕਿ ਅੱਜ ਕੈਦੀਆਂ ਨਾਲ ਮੁਲਾਕਾਤ ਦਾ ਸਮਾਂ ਸੀ।”

ਰਿਹਾ ਹੋਣ ਤੋਂ ਬਾਅਦ, ਦੇਰਾਫਸ਼ਨ ਨੇ ਨਿਊਜ਼ ਸਾਈਟ ਇਤਮਾਦ ਆਨਲਾਈਨ ਨੂੰ ਦੱਸਿਆ ਕਿ ਏਵਿਨ ਦੇ ਇੱਕ ਜੁਡੀਸ਼ਲ ਅਧਿਕਾਰੀ ਨੇ ਗਲਤ ਸਲੂਕ ਲਈ ਮੁਆਫੀ ਮੰਗੀ ਸੀ।

“ਸੁਰੱਖਿਆ ਬਲਾਂ ਦੁਆਰਾ ਅਣਉਚਿਤ ਟਕਰਾਅ ਤੋਂ ਬਾਅਦ, ਏਵਿਨ ਕੋਰਟਹਾਊਸ ਵਿਚ ਨਿਆਂਪਾਲਿਕਾ ਦੇ ਪ੍ਰਤੀਨਿਧ ਨੇ ਆਪਣੀਆਂ ਗ਼ਲਤੀਆਂ ਲਈ ਮੁਆਫੀ ਮੰਗੀ ਅਤੇ ਕਿਹਾ ਕਿ ਉਹ ਸੁਰੱਖਿਆ ਅਤੇ ਸਹੀ ਸੰਕਟ ਪ੍ਰਬੰਧਨ ਲਈ ਘਟਨਾ ਦੀ ਚੰਗੀ ਤਰ੍ਹਾਂ ਜਾਂਚ ਕਰਨਗੇ,” ਦੇਰਾਫਸ਼ਨ ਨੇ ਦੱਸਿਆ।

 

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.