
ਤਸਵੀਰ ਵਿੱਚ ਲਿਖਤ ਦਾ ਪੰਜਾਬੀ ਤਰਜਮਾ: ‘ਮੈਂ ਮੋਹਨਾ ਦਾ ਸਾਥ ਨਹੀਂ ਛੱਡਾਂਗੀ।’ ਲੇਖਕ ਦੁਆਰਾ ਚਿਤਰਣ, ਆਗਿਆ ਨਾਲ ਵਰਤਿਆ ਗਿਆ ਹੈ।
ਜਦੋਂ ਮੈਂ ਚਾਰ ਕੁ ਸਾਲਾਂ ਦੀ ਸੀ, ਮੇਰਾ ਪਰਿਵਾਰ ਸਾਡੇ ਬਿਹਾਰ ਦੇ ਪਿੰਡ ਵਿੱਚੋਂ ਪੂਰਬੀ ਭਾਰਤ ਵਿੱਚ ਝਾਰਖੰਡ ਦੇ ਇੱਕ ਕਸਬੇ ਵਿੱਚ ਜਾ ਵਸਿਆ। ਵੱਡੇ ਹੁੰਦੇ ਹੋਏ, ਜਦੋਂ ਵੀ ਮੈਨੂੰ ਮੇਰੀ ਪੜ੍ਹਾਈ ਵਿੱਚ ਕੋਈ ਮੁਸ਼ਕਿਲ ਆਉਂਦੀ ਤਾਂ ਮੇਰੇ ਮਾਤਾ-ਪਿਤਾ ਪਿੰਡ ਜਾਣ ਦੀ ਸੰਭਾਵਨਾ ਦਾ ਜ਼ਿਕਰ ਕਰਦੇ। ਇਹ ਸੰਭਾਵਨਾ, ਇੱਕ ਪਾਸੇ ਤਾਂ ਮੈੈਨੂੰ ਉਤਸ਼ਾਹਿਤ ਕਰਦੀ ਸੀ, ਪਰ ਨਾਲ਼ ਦੀ ਨਾਲ਼ ਉੱਥੇ ਰਹਿ ਰਹੀਆਂ ਮਹਿਲਾਵਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਮੇਰੀਆਂ ਅੱਖਾਂ ਵੀ ਖੋਲ੍ਹਦੀ ਸੀ। ਉੱਥੇ ਛੋਟੀ ਉਮਰ ਵਿੱਚ ਵਿਆਹ ਕਰ ਦਿੱਤੇ ਜਾਂਦੇ ਸਨ, ਮਹਿਲਾਵਾਂ ਦੇ ਆਉਣ-ਜਾਣ ਉੱਤੇ ਰੋਕਾਂ ਸਨ ਅਤੇ ਬਿਜਲੀ ਤੇ ਪਾਣੀ ਵਰਗੀਆਂ ਬੁਨਿਆਦੀ ਚੀਜ਼ਾਂ ਲਈ ਵੀ ਲੋਕ ਤਰਸਦੇ ਸਨ। ਇਹ ਗੱਲ ਮੈਨੂੰ ਹੈਰਾਨ ਕਰਦੀ ਕਿ ਜਿਹੜੀਆਂ ਔਰਤਾਂ ਉੱਥੇ ਪੱਕੇ ਤੌਰ ‘ਤੇ ਰਹਿੰਦੀਆਂ ਹਨ, ਜਿਹਨਾਂ ਨੂੰ ਕਿਸੇ ਹੋਰ ਥਾਂ ਜਾਣ ਦਾ ਮੌਕਾ ਨਹੀਂ ਮਿਲਦਾ, ਉਹ ਅਜਿਹੇ ਚੁਣੌਤੀ ਭਰਪੂਰ ਮਾਹੌਲ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦੀਆਂ ਹਨ।
ਨਿੱਜੀ ਤੌਰ ‘ਤੇ, ਆਪਣੇ ਸੱਭਿਆਚਾਰ ਨੂੰ ਦਸਤਾਵੇਜ਼ੀ ਰੂਪ ਦੇਣ ਦੀ ਮੇਰੀ ਯਾਤਰਾ ਵੀ ਇਸ ਨੁਕਤੇ ਨੂੰ ਬਿਹਤਰ ਸਮਝਣ ਦੀ ਯਾਤਰਾ ਰਹੀ ਹੈ, ਖ਼ਾਸ ਤੌਰ ਮੇਰੇ ਉਸ ਸਵਾਲ ਦਾ ਜਵਾਬ ਲੱਭਣ ਵਿੱਚ ਕਿ ਉਹ ਔਰਤਾਂ ਆਪਣੀਆਂ ਸਥਿਤੀਆਂ ਵਿੱਚ ਕੀ ਕਰਦੀਆਂ ਹਨ। ਅੰਗਿਕਾ ਸੱਭਿਆਚਾਰ ਅਤੇ ਭਾਸ਼ਾ (ਮੇਰੀ ਮਾਂ ਬੋਲੀ) ਨੂੰ ਸਾਂਭਣ ਵਿੱਚ ਯੋਗਦਾਨ ਪਾਉਣ ਲਈ, ਮੈਂ ਇਸਦਾ ਮੌਖਿਕ ਲੋਕ ਸਾਹਿਤ ਰਿਕਾਰਡ ਕਰਦੀ ਹਾਂ ਅਤੇ ਇਸਨੂੰ ਵਿਕੀਮੀਡੀਆ ਕਾਮਨਜ਼ (ਮੀਡੀਆ ਰਿਪੋਜ਼ਟਰੀ) ਅਤੇ ਵਿਕੀਸਰੋਤ (ਮੁਫ਼ਤ ਡਿਜੀਟਲ ਲਾਇਬ੍ਰੇਰੀ ਅਤੇ ਟ੍ਰਾਂਸਕ੍ਰਿਪਸ਼ਨ ਪਲੇਟਫਾਰਮ) ਵਰਗੇ ਮੁਕਤ ਗਿਆਨ ਪਲੇਟਫਾਰਮਾਂ ‘ਤੇ ਅੱਪਲੋਡ ਕਰਦੀ ਹਾਂ। ਲੋਕ ਗਾਇਕਾਂ ਨੂੰ ਰਿਕਾਰਡ ਕਰਨ ਅਤੇ ਵੀਡੀਓਜ਼ ਨੂੰ ਅਪਲੋਡ ਕਰਨ ਤੋਂ ਬਾਅਦ, ਮੈਂ ਸਮੱਗਰੀ ਨੂੰ ਲਿਖਤੀ ਰੂਪ ਵੀ ਦਿੰਦੀ ਹਾਂ ਤਾਂ ਜੋ ਇਸਦੀ ਸੰਭਾਵੀ ਤੌਰ ‘ਤੇ ਖੋਜ ਵਿੱਚ ਅਤੇ ਅੰਗਿਕਾ ਦੀ ਆਨਲਾਈਨ ਡਿਜੀਟਲ ਮੌਜੂਦਗੀ ਨੂੰ ਵਧਾਉਣ ਲਈ ਵੀ ਵਰਤੋਂ ਹੋ ਸਕੇ। ਆਖ਼ਰਕਾਰ, ਸੱਭਿਆਚਾਰਕ ਵਿਰਾਸਤ ਜਿਵੇਂ ਕਿ ਲੋਕ ਗੀਤ, ਕਥਾਵਾਂ, ਮੌਖਿਕ ਇਤਿਹਾਸ ਅਤੇ ਕਹਾਵਤਾਂ, ਉਸ ਸੱਭਿਆਚਾਰ ਦੇ ਲੋਕਾਂ ਦੀ ਵਿਲੱਖਣ ਜੀਵਨ ਸ਼ੈਲੀ, ਤਰਜੀਹਾਂ, ਸੰਘਰਸ਼ਾਂ ਅਤੇ ਕਦਰਾਂ-ਕੀਮਤਾਂ ਨੂੰ ਪ੍ਰਗਟਾਉਂਦੀਆਂ ਹਨ।
2023-24 ਵਿੱਚ, ਮੈਨੂੰ ਵਿਕੀਟੰਗਜ਼ ਦੇ ਲੈਂਗੂਏਜ਼ ਰੀਵਾਟਿਲਾਈਜੇਸ਼ਨ ਐਕਸਲੇਟਰ ਤੋਂ ਮਦਦ ਮਿਲੀ ਅਤੇ ਮੈਂ ਲੋਕ ਸਾਹਿਤ ਦੇ 75 ਹੋਰ ਨਮੂਨਿਆਂ ਦਾ ਦਸਤਾਵੇਜ਼ੀਕਰਨ ਕਰ ਸਕੀ। ਇਸ ਲੇਖ ਵਿੱਚ ਮੈਂ ਭਾਰਤ ਦੇ ਸੂਬੇ ਬਿਹਾਰ ਦੇ ਬਾਂਕਾ ਜ਼ਿਲ੍ਹੇ ਦੀਆਂ ਔਰਤਾਂ ਵੱਲੋਂ ਗਾਏ ਕੁੱਝ ਅੰਗਿਕਾ ਲੋਕ ਗੀਤਾਂ ਦੀ ਚਰਚਾ ਕੀਤੀ ਹੈ। ਜਿਵੇਂ-ਜਿਵੇਂ ਮੈਂ ਆਪਣੇ ਸੱਭਿਆਚਾਰ ਦਾ ਦਸਤਾਵੇਜ਼ੀਕਰਨ ਕੀਤਾ, ਮੈਂ ਕੁਝ ਵਿਸ਼ੇ ਵਾਰ-ਵਾਰ ਦਿਖੇ ਜੋ ਅੰਗਿਕਾ ਲੋਕਾਂ ਦੇ ਰੋਜ਼ਾਨਾ ਜੀਵਨ ਨੂੰ ਦਰਸਾਉਂਦੇ ਹਨ – ਖ਼ਾਸ ਤੌਰ ‘ਤੇ ਕਿਵੇਂ ਗੀਤਾਂ ਅਤੇ ਕਹਾਣੀਆਂ ਨਾਲ਼ ਮੌਜੂਦਾ ਹਾਲਾਤ ਨਾਲ਼ ਅਸੰਤੁਸ਼ਟੀ ਜ਼ਾਹਰ ਕੀਤੀ ਜਾਂਦੀ ਹੈ, ਅਤੇ ਆਪਣੀ ਨਿੱਜੀ ਪਛਾਣ ਦੇ ਪ੍ਰਗਟਾਵੇ ਲਈ ਇਹਨਾਂ ਨੂੰ ਇੱਕ ਮਾਧਿਅਮ ਵਜੋਂ ਵਰਤਿਆ ਜਾਂਦਾ ਹੈ।

ਅੰਗਿਕਾ ਫੋਕਲੋਰ ਵਿਕੀਟੰਗਜ਼ ਐਕਸਲੇਟਰ ਦਾ ਸਕਰੀਨਸ਼ਾਟ। ਉਚਿਤ ਉਪਯੋਗ।
ਵਿਆਹ ਵੇਲ਼ੇ ਮਰਜ਼ੀ ਨਾ ਪੁੱਛਣਾ
“ਪਾਪਾ ਜੇਠ ਬੇਸਾਖ ਸਦਿਯਾ ਮਤ ਕਰਿਹੋ” ਇੱਕ ਧੀ ਅਤੇ ਉਸਦੇ ਪਿਤਾ ਵਿਚਕਾਰ ਗੱਲਬਾਤ ਵਾਲਾ ਗੀਤ ਹੈ, ਜਿਸ ਵਿੱਚ ਧੀ ਵਿਆਹ ਨਾ ਕਰਾਉਣ ਦੇ ਬਹਾਨੇ ਬਣਾਉਂਦੀ ਹੈ। ਉਹ ਆਪਣੇ ਪਿਤਾ ਨੂੰ ਬੇਨਤੀ ਕਰ ਰਹੀ ਹੈ ਕਿ ਜੇਠ ਵੈਸਾਖ (ਬਿਹਾਰ ਵਿੱਚ ਸਭ ਤੋਂ ਵੱਧ ਗਰਮੀ ਵਾਲ਼ੇ ਮਹੀਨੇ) ਦੌਰਾਨ ਉਸ ਦਾ ਵਿਆਹ ਨਾ ਕੀਤਾ ਜਾਵੇ ਕਿਉਂਕਿ ਇਨ੍ਹਾਂ ਮਹੀਨਿਆਂ ਦੌਰਾਨ ਮੌਸਮ ਅਸਹਿ ਹੁੰਦਾ ਹੈ। ਉਹ ਜਵਾਬ ਦਿੰਦਾ ਹੈ ਕਿ ਉਹ ਵਿਆਹ ਦੇ ਮੰਡਪ ਚੰਦਨ ਦਾ ਰੁੱਖ ਲਗਾਵੇਗਾ ਅਤੇ ਉਸਦੇ ਲਈ ਟੇਬਲ ਫੈਨ ਦਾ ਪ੍ਰਬੰਧ ਕਰੇਗਾ। ਉਹ ਜਾਣਦੀ ਹੈ ਕਿ ਉਸਦਾ ਵਿਆਹ ਹੋਵੇਗਾ ਹੀ ਹੋਵੇਗਾ ਪਰ ਆਪਣੇ ਪਿਤਾ ਨੂੰ ਬੇਨਤੀ ਕਰਕੇ ਇਸ ਨੂੰ ਮੁਲਤਵੀ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਹੈ। ਝਿਜਕ ਰਹੀ ਲਾੜੀ ਦੇ ਦ੍ਰਿਸ਼ਟੀਕੋਣ ਤੋਂ ਇੱਕ ਹੋਰ ਗੀਤ ਹੈ “ਨਦੀਆ ਕਿਨਾਰੇ ਗੇ ਬੇਟੀ ਕੇਕਰ ਬਾਜਾ ਬਾਜੇ ਛੇ”, ਜਿਸ ਵਿੱਚ ਇੱਕ ਪਿਤਾ ਆਪਣੀ ਧੀ ਨੂੰ ਸੂਚਿਤ ਕਰਦਾ ਹੈ ਕਿ ਬਰਾਤ ਆ ਗਈ ਹੈ। ਉਹ ਆਪਣੇ ਪਿਤਾ ਨੂੰ ਉਸ ਲਈ ਸੋਨੇ ਦਾ ਪਿੰਜਰਾ ਬਣਾਉਣ ਲਈ ਕਹਿੰਦੀ ਹੈ ਜਿੱਥੇ ਉਹ ਲੁਕੀ ਰਹਿ ਸਕਦੀ ਹੈ। ਆਮ ਤੌਰ ‘ਤੇ, ਇੱਕ ਔਰਤ ਦਾ ਵਿਆਹ ਆਪਣੇ ਪਰਿਵਾਰ ਤੋਂ ਆਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਨੂੰ ਹਟਾਉਣ ਲਈ ਕੀਤਾ ਜਾਂਦਾ ਹੈ, ਇਸ ਲਈ ਉਹ ਕਿਸੇ ਅਜਨਬੀ ਨਾਲ ਵਿਆਹ ਕਰਨ ਦੀ ਬਜਾਏ ਆਪਣੇ ਹੀ ਘਰ ਵਿੱਚ ਆਪਣੀ ਆਜ਼ਾਦੀ ਗੁਆਉਣ ਦੀ ਪੇਸ਼ਕਸ਼ ਕਰ ਰਹੀ ਹੈ। ਗੀਤ ਦੇ ਬੋਲ ਇਸ ਪ੍ਰਕਾਰ ਹਨ:
नदिया किनारे गे बेटी तोहर बाजा बाजे छे
हमरा सें मांगे छे बियाह
बनाबो बनाबो हो पापा सोने के पिंजरा
वेहे पिंजरा रहबे छपाय
ਨਦੀ ਦੇ ਕੰਢੇ ਤੇਰੇ ਵਿਆਹ ਦੀ ਘੰਟੀ ਵੱਜ ਰਹੀ ਹੈ, ਮੇਰੀ ਬੇਟੀ।
ਉਹ ਮੇਰੇ ਤੋਂ ਵਿਆਹ ਲਈ ਤੇਰਾ ਹੱਥ ਮੰਗ ਰਹੇ ਹਨ
ਪਿਤਾ ਜੀ, ਮੈਨੂੰ ਸੋਨੇ ਦਾ ਪਿੰਜਰਾ ਬਣਾ ਦਿਓ
ਮੈਂ ਇਸ ਵਿੱਚ ਲੁਕੀ ਰਹਾਂਗੀ
ਇਹ ਗੀਤ ਔਰਤਾਂ ਅਤੇ ਲੋਕ ਕਲਾਕਾਰਾਂ ਦੀ ਰੋਜ਼ਾਨਾ ਦੀ ਹਕੀਕਤ ਨੂੰ ਦਰਸਾਉਂਦੇ ਹਨ, ਜਿਨ੍ਹਾਂ ਦੀ ਵਿਆਹ ਦੀ ਪ੍ਰਕਿਰਿਆ ਵਿੱਚ ਕੋਈ ਸਲਾਹ ਨਹੀਂ ਲਈ ਜਾਂਦੀ।
ਵਿਆਹ ਗੀਤਾਂ ਦੇ ਇਲਾਵਾ ਤਿਉਹਾਰਾਂ ਅਤੇ ਖੇਤੀ ਚੱਕਰਾਂ ਦੇ ਦੌਰਾਨ ਵੀ ਕਈ ਗੀਤ ਗਾਏ ਜਾਂਦੇ ਹਨ।
ਵਿਆਹ ਤੋਂ ਬਾਅਦ ਔਰਤਾਂ ਦੀ ਹੇਠਲੀ ਸਥਿਤੀ ‘ਤੇ ਗੀਤ
ਵਿਆਹ ਤੋਂ ਬਾਅਦ ਸਹੁਰੇ ਘਰ ਵਿੱਚ ਔਰਤ ਦੇ ਹੱਕ ਹੋਰ ਘੱਟ ਜਾਂਦੇ ਹਨ। ਉਦਾਹਰਨ ਲਈ, ਗੀਤ “ਨਹਿਰ ਵਿੱਚ ਸਾਬਣ ਗੁਆਚਣਾ ਅਤੇ ਨਤੀਜੇ ਵਜੋਂ ਪਤੀ ਦੁਆਰਾ ਕੁੱਟਣਾ” ਵਿੱਚ ਬਹੂ ਆਪਣੀ ਨਨਾਣ ਨੂੰ ਆਪਣਾ ਹਾਲ ਸੁਣਾ ਰਹੀ ਹੈ। ਗਾਇਕ (ਪਤਨੀ) ਨਨਾਣ ਨੂੰ ਦੱਸਦੀ ਹੈ ਕਿ ਉਸਨੇ ਪਾਣੀ ਵਿੱਚ ਆਪਣਾ ਸਾਬਣ ਗੁਆ ਦਿੱਤਾ ਹੈ ਅਤੇ ਉਸਨੂੰ ਡਰ ਹੈ ਕਿ ਉਸਦਾ ਪਤੀ ਉਸਨੂੰ ਇਸ ਲਈ ਕੁੱਟੇਗਾ; ਉਸਨੂੰ ਲੱਗਦਾ ਹੈ ਕਿ ਸ਼ਾਇਦ ਉਸਨੂੰ ਆਪਣੇ ਮਾਪਿਆਂ ਨੂੰ ਬੁਲਾਉਣਾ ਪਵੇ। ਇਹ ਗੀਤ ਵਿਆਹੁਤਾ ਔਰਤ ਦੇ ਆਪਣੇ ਪਤੀ ਦੇ ਘਰ ਵਿੱਚ ਅਧਿਕਾਰਾਂ ਦੀ ਘਾਟ ਅਤੇ ਸੰਭਾਵੀ ਹਿੰਸਾ ਦੇ ਖਤਰੇ ਨੂੰ ਉਜਾਗਰ ਕਰਦਾ ਹੈ।
ਦਾਜ ਦੀ ਮੰਗ, ਭਾਵੇਂ ਕਿ ਗ਼ੈਰ-ਕਾਨੂੰਨੀ ਹੈ, ਫਿਰ ਵੀ ਵਿਆਹ ਦੀ ਗੱਲਬਾਤ ਦੌਰਾਨ ਕੀਤੀ ਜਾਂਦੀ ਹੈ, ਅਤੇ ਅਕਸਰ ਵਿਆਹ ਤੋਂ ਬਾਅਦ ਵੀ ਲਾੜੀ ਨੂੰ ਤੰਗ ਕੀਤਾ ਜਾਂਦਾ ਹੈ। “ਰਿਝੀ ਰਿਝੀ ਮਾਂਗੇ ਛੇ ਦਹੇਜ” ਗੀਤ ਦੀ ਸ਼ੁਰੂਆਤ ਵਿਆਹ ਦੌਰਾਨ ਭਾਰੀ ਮੀਂਹ ਦੇ ਵਰਣਨ ਨਾਲ ਹੁੰਦੀ ਹੈ। ਮੀਂਹ ਵਿਆਹ ਦੀਆਂ ਯੋਜਨਾਵਾਂ ਨੂੰ ਵਿਗਾੜ ਸਕਦਾ ਹੈ, ਟੈਂਟ ਨੂੰ ਗਿੱਲਾ ਕਰ ਸਕਦਾ ਹੈ, ਬੈਠਣ ਦਾ ਪ੍ਰਬੰਧ ਅਤੇ ਸਭ ਦੇ ਚਾਅ ਵੀ ਖ਼ਰਾਬ ਕਰ ਸਕਦਾ ਹੈ। ਇਹ ਗੀਤ ਮੀਂਹ ਦਾ ਅਲੰਕਾਰ ਵਰਤ ਕੇ ਬਿਆਨ ਕਰਦਾ ਹੈ ਕਿ ਦਾਜ ਦੀ ਮੰਗ ਦੁਲਹਨ ਦੇ ਮਾਪਿਆਂ ਦੀ ਜ਼ਿੰਦਗੀ ‘ਤੇ ਤੂਫ਼ਾਨ ਵਾਂਗ ਆ ਡਿੱਗੀ ਹੈ। ਹਾਲਾਂਕਿ ਜ਼ਿਆਦਾਤਰ ਭਾਰਤੀ ਔਰਤਾਂ ਨੂੰ ਹਾਲ ਹੀ ਵਿੱਚ ਕਾਨੂੰਨ ਦੁਆਰਾ ਵਿਰਾਸਤ ਵਿੱਚ ਬਰਾਬਰ ਦਾ ਹਿੱਸਾ ਦੇਣ ਲਈ ਹੱਕ ਮਿਲ ਗਿਆ ਹੈ, ਪਰ ਫਿਰ ਵੀ ਸਮਾਜਿਕ ਤੌਰ ‘ਤੇ ਵਿਆਹ ਤੋਂ ਬਾਅਦ ਉਹਨਾਂ ਤੋਂ ਆਪਣੀ ਜੱਦੀ ਜਾਇਦਾਦ ਵਿੱਚ ਆਪਣਾ ਹਿੱਸਾ ਛੱਡ ਦੇਣ ਦੀ ਉਮੀਦ ਕੀਤੀ ਜਾਂਦੀ ਹੈ, ਇਸ ਲਈ ਉਨ੍ਹਾਂ ਦੀ ਮਲਕੀਅਤ ਬਸ ਦਾਜ ਦੇ ਰੂਪ ਵਿੱਚ ਦਿੱਤੇ ਗਏ “ਤੋਹਫ਼ੇ” ਜਾਂ ਗਹਿਣੇ ਹੀ ਹੁੰਦੇ ਹਨ। ਨਿਰਭਰਤਾ ਦੇ ਇਸ ਚੱਕਰ ਵਿੱਚ – ਪਹਿਲਾਂ ਆਪਣੇ ਮਾਪੇ ਘਰ ਅਤੇ ਫਿਰ ਆਪਣੇ ਸਹੁਰੇ ਘਰ – ਔਰਤ ਆਮ ਤੌਰ ‘ਤੇ ਅਧੀਨ ਹੀ ਰਹਿੰਦੀ ਹੈ।
ਭੌਤਿਕਵਾਦੀ ਸਹੁਰਿਆਂ ਲਈ ਗਾਲ਼ਾਂ ਨਾਲ਼ ਭਰੇ ਗੀਤ
ਗਾਰੀ ਗੀਤ ਆਮ ਤੌਰ ‘ਤੇ ਲਾੜੀ ਦੇ ਘਰ ਵਿਆਹ ਦੀ ਦਾਵਤ ਦੌਰਾਨ ਔਰਤਾਂ ਵੱਲੋਂ ਨਵੇਂ ਬਣੇ ਸਹੁਰਿਆਂ ਲਈ ਗਾਏ ਜਾਂਦੇ ਹਨ। ਜਦੋਂ ਹੀ ਬਜ਼ੁਰਗ, ਕਥਿਤ ਤੌਰ ‘ਤੇ ਸਤਿਕਾਰਯੋਗ ਆਦਮੀ, ਆਪਣੇ ਖਾਣੇ ਦੇ ਮੇਜ਼ ਤੋਂ ਉੱਠਣਾ ਸ਼ੁਰੂ ਕਰਦੇ ਹਨ, ਔਰਤਾਂ “ਚੋਰ” ਅਤੇ “ਭਗੌੜੇ” ਵਰਗੇ ਹਲਕੇ ਅਪਮਾਨਜਨਕ ਸ਼ਬਦਾਂ ਨਾਲ਼ ਗੀਤ ਗਾਉਂਦੀਆਂ ਹਨ ਤੇ ਦੂਜਿਆਂ ਨੂੰ ਉਨ੍ਹਾਂ ਨੂੰ ਕੁੱਟਣ ਲਈ ਕਹਿੰਦੀਆਂ ਹਨ:
जों जों समधी होलो पराय
हांथ गोड़ बांधी दिहो डेंगाय
पकड़िहो लोगो चोरवा भागल जाय
ਜਿਉਂ ਹੀ ਸਮਧੀ ਹੋਣ ਲੱਗਣ ਪਰਾਏ,
ਹੱਥ ਬੰਨ੍ਹ ਉਹਨਾਂ ਦੇ, ਡਾਂਗ ਫੇਰੀ ਜਾਵੇ,
ਫੜ ਲਓ ਲੋਕੋ, ਚੋਰ ਭੱਜਿਆ ਜਾਵੇ।
ਇੱਥੇ, ਗੀਤ ਦਾ ਸਮਾਂ ਮਹੱਤਵਪੂਰਨ ਹੈ, ਜੋ ਆਮ ਤੌਰ ‘ਤੇ ਉਸ ਸਮੇਂ ਗਾਇਆ ਜਾਂਦਾ ਹੈ ਜਦੋਂ ਆਦਮੀ ਆਪਣੇ ਖਾਣੇ ਦੇ ਮੇਜ਼ ਤੋਂ ਉੱਠ ਰਹੇ ਹੁੰਦੇ ਹਨ। ਖਾਣ-ਪੀਣ ਨੂੰ ਹੋਰ ਤਰ੍ਹਾਂ ਦੇ ਗੁਜ਼ਾਰੇ ਜਾਂ ਵਸੀਲਿਆਂ ਦੀ ਖਪਤ ਦੇ ਪ੍ਰਤੀਕ ਵਜੋਂ ਸਮਝਿਆ ਜਾ ਸਕਦਾ ਹੈ, ਜਿਵੇਂ ਕਿ ਲਾੜੀ ਦੇ ਪਰਿਵਾਰ ਤੋਂ ਪ੍ਰਾਪਤ ਦਾਜ, ਇਸ ਲਈ ਉਹ ਮਜ਼ਾਕ ਦਾ ਕਾਰਨ ਬਣਦੇ ਹਨ।
ਕਈ ਹੋਰ ਗੀਤਾਂ ਵਿੱਚ ਦਾਜ ਦੀ ਮੰਗ ਕਰਨ ਵਾਲੇ ਪਤੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਜ਼ੁਬਾਨੀ ਗਾਲ਼ਾਂ ਸ਼ਾਮਲ ਹਨ। “ਘਾਰਾ ਪਿਛੁਵਰੀਆ” ਵਿੱਚ ਲਾੜੇ ਨੂੰ ਸਪੱਸ਼ਟ ਤੌਰ ‘ਤੇ ਗਾਲ਼ਾਂ ਦਿੱਤੀਆਂ ਗਈਆਂ ਹਨ, ਜਿਸ ਨੇ ਬਹੁਤ ਵੱਡਾ ਦਾਜ ਲਿਆ ਹੈ ਪਰ ਆਪਣੀ ਸੱਸ ਦਾ ਸਤਿਕਾਰ ਨਹੀਂ ਕਰਦਾ ਤੇ ਸ਼ਾਇਦ ਹੋਰ ਦਾਜ ਦੀ ਉਮੀਦ ਕਰ ਰਿਹਾ ਹੈ। “ਪਹਿਰੂੰ ਪਹਿਰੂੰ” ਵਿੱਚ ਇੱਕ ਮਾਂ ਨੂੰ ਦਿਖਾਇਆ ਗਿਆ ਹੈ ਜਿਸ ਕੋਲ਼ ਦਾਜ ਦੇਣ ਤੋਂ ਬਾਅਦ ਕੁਝ ਵੀ ਕੀਮਤੀ ਨਹੀਂ ਬਚਦਾ, ਫਿਰ ਵੀ ਉਸਦੀ ਕੁੜੀ ਦੀ ਸੱਸ ਨੂੰ ਸੋਨੇ ਦੀ ਥਾਲੀ ਚਾਹੀਦੀ ਹੈ।
ਬਗ਼ਾਵਤ ਦਾ ਅਧਿਕਾਰ
ਗੀਤ ਗੋਦਨਾ ਇਸ ਵਿਚਾਰ ਨੂੰ ਪ੍ਰਗਟ ਕਰਦਾ ਹੈ ਕਿ ਇੱਕ ਵਿਅਕਤੀ ਉਸਨੇ ਕਿਸ ਨੂੰ ਪਿਆਰ ਕਰਨਾ ਹੈ ਇਸਦੀ ਚੋਣ ਕਰਨ ਦੇ ਅਧਿਕਾਰ ਲਈ ਲੜ ਕੇ ਤਾਕਤ ਦੇ ਵਿਰੁੱਧ ਬਗ਼ਾਵਤ ਕਰ ਸਕਦਾ ਹੈ। ਜਿਉਂ-ਜਿਉਂ ਗਾਇਕ ਆਰਾਮ ਨਾਲ਼, ਤਾੜੀਆਂ ਵਜਾਉਂਦੇ ਹੋਏ, ਮੁਸਕਰਾਉਣ ਲੱਗਦੇ ਹਨ ਤਾਂ ਉਨ੍ਹਾਂ ਦੀ ਧੁਨ ਜਸ਼ਨ ਭਰਪੂਰ ਤੇ ਸੱਤਾ ਦਾ ਮਜ਼ਾਕ ਉਡਾਉਣ ਵਾਲੀ ਬਣ ਜਾਂਦੀ ਹੈ। ਇਹ ਗੀਤ ਆਪਣੇ ਪ੍ਰੇਮੀ ਨੂੰ ਚੁਣਨ ਦੇ ਅਧਿਕਾਰ ਦੀ ਉਲੰਘਣਾ ਦੇ ਖਿਲਾਫ਼ ਇੱਕ ਨੌਜਵਾਨ ਔਰਤ ਦੇ ਵਿਰੋਧ ਦਾ ਵਰਣਨ ਕਰਦਾ ਹੈ। ਇਹ ਗੀਤ ਇੱਕ ਸਲਾਹਕਾਰ (ਸ਼ਾਇਦ ਮਾਂ ਜਾਂ ਦੋਸਤ) ਅਤੇ ਪਿਆਰ ਵਿੱਚ ਪਈ ਕੁੜੀ ਲੀਲੀਆ ਵਿਚਕਾਰ ਗੱਲਬਾਤ ਹੈ। ਲੀਲੀਆ ਦੀ ਉਸ ਦੀ ਸੁੰਦਰਤਾ ਲਈ ਪ੍ਰਸ਼ੰਸਾ ਕੀਤੀ ਜਾਂਦੀ ਹੈ, ਜਿਸ ਨੂੰ ਰਵਾਇਤੀ ਟੈਟੂ ਜਾਂ ਗੋਦਨਾ ਹੋਰ ਵਧਾ ਦਿੰਦਾ ਹੈ। ਮੈਂ ਇਸ ਗੀਤ ਦੇ ਦੋ ਸੰਸਕਰਣਾਂ ਨੂੰ ਦਸਤਾਵੇਜ਼ ਰੂਪ ਦੇਣ ਵਿੱਚ ਕਾਮਯਾਬ ਹੋਈ, ਪਹਿਲਾ ਸੰਸਕਰਣ ਇੱਕ ਲੋਕ ਕਲਾਕਾਰ ਨੇ ਗਾਇਆ ਗਿਆ ਸੀ ਜੋ ਰੇਡੀਓ ‘ਤੇ ਗਾਉਂਦਾ ਸੀ। ਦੂਸਰਾ ਸੰਸਕਰਣ ਔਰਤਾਂ ਦੁਆਰਾ ਗਾਇਆ ਗਿਆ ਸੀ, ਜੋ ਗਾਣੇ ਦੇ ਨਿਯਮਤ ਅਭਿਆਸੀ ਹਨ, ਜਿਸ ਵਿੱਚ ਲਿਲੀਆ ਦੇ ਭਰਪੂਰ ਵਿਰੋਧ ਸੰਬੰਧੀ ਕੁਝ ਸਤਰਾਂ ਸ਼ਾਮਲ ਸਨ। ਉਹ ਮੋਹਨਾ ਨੂੰ ਛੱਡਣ ਦੀਆਂ ਧਮਕੀਆਂ ਦਾ ਵਿਰੋਧ ਕਰਦੀ ਹੈ, ਜਿਸਨੂੰ ਉਹ ਪਿਆਰ ਕਰਦੀ ਹੈ, ਉਹ ਇਹ ਐਲਾਨ ਕਰਦੀ ਹੈ ਕਿ ਉਹ ਕਿਸੇ ਵੀ ਵਿਅਕਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ, ਚਾਹੇ ਉਹ ਪਿੰਡ ਦਾ ਮੁਖੀ ਹੋਵੇ ਜਾਂ ਸਥਾਨਕ ਅਦਾਲਤ ਦਾ ਵਕੀਲ।
जान नाहिर छोढ़बे मोहना तोरा संगतियो रे जान
किए करते मुखिया, सरपंचा
किए करते दरोगा पुलिसवा रे जान
ਮੈਂ ਮੋਹਨਾ ਨਹੀਂ ਛੱਡਾਂਗੀ
ਦੇਖਦੇ ਹਾਂ ਪਿੰਡ ਦੇ ਮੁਖੀ ਅਤੇ ਸਰਪੰਚ ਕੀ ਕਰਦੇ ਹਨ
ਦੇਖਦੇ ਹਾਂ ਦਰੋਗਾ ਅਤੇ ਪੁਲਿਸ ਕੀ ਕਰਦੇ ਹਨ
ਇਹ ਗੀਤ ਝੁਮਤਾ ਜਾਂ ਝੂਮਰ ਦੌਰਾਨ ਗਾਏ ਗਏ ਗੀਤਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਝੂਮਰ ਇੱਕ ਲੋਕ ਨਾਚ ਹੈ ਜਿਸ ਵਿੱਚ ਔਰਤਾਂ ਗਾਉਣ ਵੇਲੇ ਇਕੱਠੀਆਂ ਨੱਚਦੀਆਂ ਹਨ। ਇਹ ਗੀਤ ਵਿਆਹ ਵਰਗੇ ਖੁਸ਼ੀ ਦੇ ਮੌਕਿਆਂ ‘ਤੇ ਗਾਏ ਜਾਂਦੇ ਹਨ, ਜਿੱਥੇ ਔਰਤਾਂ ਸਮੂਹਾਂ ਵਿੱਚ ਉਤਸ਼ਾਹ ਨਾਲ਼ ਨੱਚਦੀਆਂ ਹਨ, ਤਾੜੀਆਂ ਵਜਾਉਂਦੀਆਂ ਹਨ ਅਤੇ ਤਾਲ ਨਾਲ਼ ਗਾਉਂਦੀਆਂ ਹਨ। ਅੰਗਿਕਾ ਬੋਲਣ ਵਾਲੀਆਂ ਔਰਤਾਂ ਇਸ ਗੀਤ ਨੂੰ ਅਪਣਾ ਕੇ ਉਨ੍ਹਾਂ ਦੀ ਆਜ਼ਾਦੀ ਉੱਤੇ ਰੋਕ ਦੇ ਖ਼ਿਲਾਫ਼ ਵਿਦਰੋਹ ਨੂੰ ਦਰਸਾਉਂਦੀਆਂ ਹਨ।
ਇਹਨਾਂ ਵਿਸ਼ੇਸ਼ ਮੌਕਿਆਂ ਤੋਂ ਇਲਾਵਾ, ਜਿਵੇਂ ਕਿ ਜਦੋਂ ਮੈਂ ਉਹਨਾਂ ਨੂੰ ਦਸਤਾਵੇਜ਼ੀ ਉਦੇਸ਼ਾਂ ਲਈ ਰਿਕਾਰਡ ਕੀਤਾ, ਤਾਂ ਉਹ ਰਾਗ ਉਠਾਵੋ (ਅੰਗਿਕਾ ਸ਼ਬਦ, ਜਿਸਦਾ ਅਰਥ ਹੈ “ਗੀਤ ਦੀ ਸ਼ੁਰੂਆਤ”) ਕਹਿਕੇ ਗਾਉਣਾ ਅਤੇ ਨਾਲ ਮਿਲਕੇ ਗਾਉਣਾ ਪਸੰਦ ਕਰਦੀਆਂ ਹਨ ਤੇ ਇਕੱਲੇ ਗਾਉਣ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ। ਇੱਕ ਸਮੂਹ ਦੇ ਰੂਪ ਵਿੱਚ, ਔਰਤਾਂ ਆਪਣੇ ਅਨੁਭਵਾਂ ਅਤੇ ਉਮੀਦਾਂ ਨੂੰ ਸਾਂਝਾ ਕਰਨ ਲਈ ਇਹ ਗੀਤ ਗਾਉਂਦੀਆਂ ਹਨ। ਇਹ ਲੋਕ ਗੀਤ ਪੇਂਡੂ ਭਾਰਤ ਦੇ ਇਸ ਖ਼ਾਸ ਹਿੱਸੇ ਵਿੱਚ ਨਾਰੀਵਾਦ ਦੀ ਸਿਰਜਣਾਤਮਕ ਸ਼ਕਤੀ ਨੂੰ ਦਰਸਾਉਂਦੇ ਹਨ।