ਮੁਜ਼ਾਹਰਿਆਂ ਤੋਂ ਦੋ ਸਾਲ ਬਾਅਦ ਈਰਾਨ ਵਿੱਚ ਮੌਤ ਦੀ ਸਜ਼ਾ ਵਿੱਚ 80% ਵਾਧਾ

ਜਨਵਰੀ 2024 ਤੋਂ ਸਤੰਬਰ 2024 ਤੱਕ 410 ਤੋਂ ਵੱਧ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਤਸਵੀਰ ਈਰਾਨ ਓਪਨ ਡਾਟਾ। ਵਰਤੋਂ ਲਈ ਮਨਜ਼ੂਰੀ ਲਈ ਗਈ।

ਇਹ ਲੇਖ ਪਹਿਲਾਂ ਫ਼ਾਰਸੀ ਵਿੱਚ ਵਿੱਚ ਈਰਾਨ ਓਪਨ ਡਾਟਾ ਨੇ ਛਾਪਿਆ ਸੀ। ਇਸਦਾ ਅੰਗਰੇਜ਼ੀ ਤਰਜਮਾ ਤੇ ਸੰਪਾਦਨ ਮੀਡੀਆ ਸਮਝੌਤੇ ਤਹਿਤ ਗਲੋਬਲ ਵੋਆਇਸਿਸ ਉੱਤੇ ਛਾਪਿਆ ਗਿਆ। ਪੰਜਾਬੀ ਵਿੱਚ ਇਸ ਲੇਖ ਦਾ ਤਰਜਮਾ ਅੰਗਰੇਜ਼ੀ ਦੀ ਮਦਦ ਨਾਲ਼ ਕੀਤਾ ਗਿਆ ਹੈ।

ਮਨੁੱਖੀ ਹੱਕਾਂ ਸੰਬੰਧੀ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਮਾਹਸਾ ਜ਼ੀਨਾ ਅਮੀਨੀ ਦੀ ਮੌਤ, ਜਿਸ ਨਾਲ਼ ਈਰਾਨ ਵਿੱਚ “ਜ਼ਨ, ਜ਼ਿੰਦਗੀ, ਆਜ਼ਾਦੀ” ਮੁਜ਼ਾਹਰੇ ਸ਼ੁਰੂ ਹੋਏ, ਤੋਂ ਦੋ ਸਾਲ ਬਾਅਦ ਮੁਲਕ ਵਿੱਚ ਮੌਤ ਦੀ ਸਜ਼ਾ ਵਿੱਚ 80 ਪ੍ਰਤੀਸ਼ਤ ਵਾਧਾ ਹੋਇਆ ਹੈ। ਕਾਰਕੁਨਾਂ ਦੇ ਮੁਤਾਬਕ ਇਹ ਵਾਧਾ ਇਸਲਾਮਿਕ ਰੀਪਬਲਿਕ ਦੁਆਰਾ ਡਰ ਪੈਦਾ ਕਰਨ ਅਤੇ ਅਸਹਿਮਤੀ ਨੂੰ ਦਬਾਉਣ ਲਈ ਇੱਕ ਵਿਆਪਕ ਰਣਨੀਤੀ ਹੈ। ਮਨੁੱਖੀ ਹੱਕਾਂ ਨਾਲ਼ ਸੰਬੰਧੀ ਸਮੂਹਾਂ ਨੇ ਫਾਂਸੀ ਦੀ ਨਿੰਦਾ ਕੀਤੀ ਹੈ, ਜੋ ਅਕਸਰ ਪਾਰਦਰਸ਼ਤਾ ਦੀ ਘਾਟ ਅਤੇ ਨਿਆਂ ਦੇ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਪੂਰਾ ਨਾ ਕਰਨ ਵਾਲ਼ੇ ਮੁਕੱਦਮਿਆਂ ਵਿੱਚ ਹੁੰਦੀ ਹੈ।

ਉਸ 22 ਸਾਲਾ ਈਰਾਨੀ-ਕੁਰਦ ਔਰਤ ਨੂੰ ਇਰਾਨ ਦੀ ਅਖੌਤੀ ਨੈਤਿਕਤਾ ਪੁਲਿਸ ਨੇ 13 ਸਤੰਬਰ ਨੂੰ ਦੇਸ਼ ਦੇ ਵਿਵਾਦਤ ਹਿਜਾਬ ਕਾਨੂੰਨ ਦੀ ਕਥਿਤ ਤੌਰ ‘ਤੇ ਉਲੰਘਣਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਸ ਦੀ ਤਿੰਨ ਦਿਨਾਂ ਬਾਅਦ ਹਿਰਾਸਤ ਵਿੱਚ ਮੌਤ ਹੋ ਗਈ, ਕਥਿਤ ਤੌਰ ‘ਤੇ ਸਿਰ ਵਿੱਚ “ਕਈ ਵਾਰ ਸੱਟਾਂ” ਲੱਗਣ ਤੋਂ ਬਾਅਦ ਦਿਮਾਗ ਦੇ ਸਦਮੇ ਕਾਰਨ। ਉਸਦੀ ਮੌਤ ਨੇ ਸ਼ਾਸਨ ਦੇ ਖ਼ਿਲਾਫ਼ ਵਿਰੋਧ ਦੀ ਲਹਿਰ ਸ਼ੁਰੂ ਕਰ ਦਿੱਤੀ। ਦੇ ਔਰਤਾਂ ਦੀ ਅਗਵਾਈ ਵਿੱਚ, ਤੇਜ਼ੀ ਨਾਲ਼ ਪੂਰੇ ਦੇਸ਼ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਮੁਜ਼ਾਹਰੇ ਹੋਣ ਲੱਗੇ, ਤੇ ਕੁਰਦੀ ਭਾਸ਼ਾ ਦਾ ਵਾਕਾਂਸ਼ “ਜ਼ਿਨ, ਜ਼ਿਆਨ, ਆਜ਼ਾਦੀ” (ਫ਼ਾਰਸੀ ਵਿੱਚ “ਜ਼ਨ, ਜ਼ਿੰਦਗੀ, ਆਜ਼ਾਦੀ”) ਇਸਦਾ ਸਭ ਤੋਂ ਵੱਧ ਮਾਨਤਾ ਪ੍ਰਾਪਤ ਨਾਅਰਾ ਬਣ ਗਿਆ।

ਐਮਨੈਸਟੀ ਇੰਟਰਨੈਸ਼ਨਲ ਦੇ ਮੁਤਾਬਕ, ਇਸ ਜਨਤਕ ਲਾਮਬੰਦੀ ਦੇ ਜਵਾਬ ਵਿੱਚ, ਈਰਾਨੀ ਸਰਕਾਰ ਨੇ ਹਿੰਸਕ ਦਮਨ ਦਾ ਰਾਹ ਅਪਣਾਇਆ, ਜਿਸ ਵਿੱਚ ਜਾਨਲੇਵਾ ਹਮਲੇ, ਤਸ਼ੱਦਦ, ਜਿਨਸੀ ਹਮਲੇ, ਅਤੇ ਲਿੰਗ-ਅਧਾਰਤ ਅਤੇ ਜਿਨਸੀ ਹਿੰਸਾ ਦੇ ਹੋਰ ਰੂਪਾਂ ਦੀ ਵਰਤੋਂ ਸ਼ਾਮਲ ਸੀ।

ਹੋਰ ਜਾਣਕਾਰੀ ਲਈ ਈਰਾਨ ਦੇ “ਜ਼ਨ, ਜ਼ਿੰਦਗੀ, ਆਜ਼ਾਦੀ” ਮੁਜ਼ਾਹਰਿਆਂ ਬਾਰੇ ਸਾਡੀ ਵਿਸ਼ੇਸ਼ ਕਵਰੇਜ ਵੇਖੋ

ਈਰਾਨ ਹਿਊਮਨ ਰਾਈਟਸ (IHR) ਸਮੂਹ ਦੀ ਰਿਪੋਰਟ ਹੈ ਕਿ ਅਕਤੂਬਰ 2022 ਤੋਂ ਸਤੰਬਰ 2024 ਤੱਕ, ਘੱਟੋ-ਘੱਟ 1,452 ਲੋਕਾਂ ਨੂੰ ਫਾਂਸੀ ਦਿੱਤੀ ਗਈ, ਜੋ ਕਿ 2022 ਦੇ ਵਿਰੋਧ ਪ੍ਰਦਰਸ਼ਨਾਂ ਤੋਂ ਪਹਿਲਾਂ ਦੇ ਦੋ ਸਾਲਾਂ ਵਿੱਚ 779 ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ। ਹਿਊਮਨ ਰਾਈਟਸ ਵਾਚ ਦੇ ਮੁਤਾਬਕ, ਜਿਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਜਾਂ ਅਸਪਸ਼ਟ ਰਾਸ਼ਟਰੀ ਸੁਰੱਖਿਆ ਦੇ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਸਨ।

ਇਕੱਲੇ ਅਗਸਤ 2023 ਵਿੱਚ, ਮਨੁੱਖੀ ਅਧਿਕਾਰਾਂ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ (UNHCHR) ਦੇ ਮੁਤਾਬਕ ਘੱਟੋ-ਘੱਟ 93 ਲੋਕਾਂ ਨੂੰ ਫਾਂਸੀ ਦਿੱਤੀ ਗਈ, ਹਾਲਾਂਕਿ IHR ਅਤੇ HRANA ਦੇ ਮੁਤਾਬਕ ਇਹ ਗਿਣਤੀ 100 ਤੋਂ ਵੱਧ ਹੈ। 2023 ਦੇ ਕੁਝ ਮਹੀਨਿਆਂ ਵਿੱਚ, ਜਿਵੇਂ ਮਈ ਵਿੱਚ 145 ਲੋਕਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ, ਜੋ ਅਸਧਾਰਨ ਤੌਰ ‘ਤੇ ਵੱਡੀ ਗਿਣਤੀ ਹੈ। ਜਨਵਰੀ 2024 ਤੋਂ ਸਤੰਬਰ 2024, 410 ਤੋਂ ਵੱਧ ਲੋਕਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾ ਚੁੱਕੀ ਹੈ, ਜਿਸ ਤੋਂ ਵੱਧ ਰਹੀ ਸਖ਼ਤੀ ਦਾ ਪਤਾ ਲੱਗਦਾ ਹੈ।

ਈਰਾਨ ਸਰਕਾਰ ਇਨ੍ਹਾਂ ਅੰਕੜਿਆਂ ‘ਤੇ ਚੁੱਪ ਹੈ। ਇਸ ਲਈ ਇਸ ਪੱਧਰ ਦੇ ਜਬਰ ਨੂੰ ਦਰਜ ਕਰਨਾ ਤੇ ਉਜਾਗਰ ਕਰਨਾ ਦੇਸ਼ ਤੋਂ ਬਾਹਰੀ ਗ਼ੈਰ-ਸਰਕਾਰੀ ਸੰਗਠਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਦੁਨੀਆ ਭਰ ਵਿੱਚ ਪ੍ਰਤੀ ਵਿਅਕਤੀ ਸਭ ਤੋਂ ਜ਼ਿਆਦਾ ਫਾਂਸੀ ਦੀ ਸਜ਼ਾ ਈਰਾਨ ਵਿੱਚ ਦਰਜ ਹੁੰਦੀ ਹੈ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.