- Global Voices ਪੰਜਾਬੀ ਵਿੱਚ - https://pa.globalvoices.org -

ਭਾਰਤੀ ਕਿਸਾਨਾਂ ਦਾ ਵਿਰੋਧ: ਸਰਕਾਰ ਦੇ ਆਦੇਸ਼ ਤੇ ਟਵਿੱਟਰ ਨੇ ਕੁਝ ਪ੍ਰਮੁੱਖ ਖਾਤੇ ਰੋਕ ਦਿੱਤੇ, ਫਿਰ ਬਹਾਲ ਕੀਤੇ।

ਸ਼੍ਰੇਣੀਆਂ: ਦੱਖਣੀ ਏਸ਼ੀਆ, ਭਾਰਤ, ਕਾਨੂੰਨ, ਤਕਨਾਲੋਜੀ, ਨਾਗਰਿਕ ਮੀਡੀਆ, ਬੋਲਣ ਦੀ ਆਜ਼ਾਦੀ, ਮਨੁੱਖੀ ਹੱਕ, ਮੀਡੀਆ ਅਤੇ ਪੱਤਰਕਾਰੀ, ਰਾਜਨੀਤੀ, ਰੋਸ, ਗਲੋਬਲ ਵੋਆਇਸਿਸ ਐਡਵੋਕੇਸੀ
Indian farmers protest in December 2020. Image via Wikimedia Commons by Randeep Maddoke. [1]

ਚਿੱਤਰ: ਰਣਦੀਪ ਮੱਦੋਕੇ। ਦਸੰਬਰ 2020 ਵਿਚ ਭਾਰਤੀ ਕਿਸਾਨਾਂ ਦਾ ਅੰਦੋਲਨ – ਵਿਕੀਮੀਡੀਆ ਕਾਮਨਜ਼ ਰਾਹੀਂ। CC0 ਪਬਲਿਕ ਡੋਮੇਨ।

1 ਫਰਵਰੀ ਨੂੰ, ਟਵਿੱਟਰ ਨੇ 250 ਤੋਂ ਵੱਧ ਅਕਾਉਂਟ ਵੇਖਣ ਤੋਂ ਅਸਥਾਈ ਰੂਪ ਵਿੱਚ ਭਾਰਤ ਦੇ ਲੋਕਾਂ ਨੂੰ ਰੋਕ ਦਿੱਤਾ [2] ਜੋ ਕਿ ਪਿਛਲੇ ਚਾਰ ਮਹੀਨਿਆਂ ਤੋਂ ਦੇਸ਼ ਨੂੰ ਹਿਲਾ ਕੇ ਰੱਖ ਦੇਣ ਵਾਲੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ [3] ਦਾ ਸਮਰਥਨ ਕਰਦੇ ਨਜ਼ਰ ਆਏ। ਲਗਭਗ ਛੇ ਘੰਟੇ ਬਾਅਦ ਇਹ ਖਾਤੇ ਬਹਾਲ [3] ਕਰ ਦਿੱਤੇ ਗਏ।

ਟਵਿੱਟਰ ਨੇ ਫਿਰ ਨਿਊਜ਼ ਏਜੰਸੀ ਏ.ਐੱਨ.ਆਈ. ਨੂੰ ਦੱਸਿਆ [4] ਕਿ ਉਸ ਨੇ ਭਾਰਤ ਦੀ ਇਲੈਕਟ੍ਰਾਨਿਕਸ ਅਤੇ ਆਈ.ਟੀ. ਵਜਾਰਤ ਦੀ ਬੇਨਤੀ ਦੇ ਜਵਾਬ ਵਿੱਚ ਉਨ੍ਹਾਂ ਖਾਤਿਆਂ ਨੂੰ ਰੋਕ ਦਿੱਤਾ ਸੀ, ਜਿਨ੍ਹਾਂ ਨੇ ਕਥਿਤ ਤੌਰ ਉੱਤੇ ‘‘ਨਕਲੀ, ਭੜਕਾਊ ਅਤੇ ਡਰਾਉਣੇ ਟਵੀਟ” ਕਰਨ ਲਈ #ModiePlanningFarmerGenocide ਹੈਸ਼ਟੈਗ ਟਵੀਟ ਕੀਤਾ ਸੀ।

ਯੂ.ਐਸ.-ਅਧਾਰਤ ਪਲੇਟਫਾਰਮ ਨੇ ਕੁਝ ਦੇਸ਼ਾਂ ਵਿੱਚ ਕਨਟੈਂਟ ਨੂੰ ਰੋਕਣ ਦੀ ਆਪਣੀ ਨੀਤੀ [5] ਵੱਲ ਇਸ਼ਾਰਾ ਕਰਦਿਆਂ ਇਸ ਦੇ ਫੈਸਲੇ ਦੀ ਵਿਆਖਿਆ ਕੀਤੀ, ਜਿਸ ਨੂੰ ਉਹ ਉਦੋਂ ਲਾਗੂ ਕਰਦਾ ਹੈ ਜਦੋਂ ਉਸ ਨੂੰ ਉਸ ਅਧਿਕਾਰ ਖੇਤਰ ਵਿੱਚ “ਇੱਕ ਅਧਿਕਾਰਤ ਸੰਸਥਾ ਬੇਨਤੀ” ਕਰਦੀ ਹੈ।

ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਅਧੀਨ ਇੱਕ ਸਰੋਤ ਨੇ ਦ ਹਿੰਦੁਸਤਾਨ ਟਾਈਮਜ਼ ਨੂੰ ਦੱਸਿਆ [6] ਕਿ ਟਵਿੱਟਰ ਨੇ ਇਹ ਨਤੀਜਾ ਕੱਢਣ ਤੋਂ ਬਾਅਦ ਖਾਤੇ ਬਹਾਲ ਕਰਨ ਦਾ ਫੈਸਲਾ ਕੀਤਾ ਹੈ ਕਿ ਰੋਕੇ ਗਏ ਕਨਟੈਂਟ ਵਿੱਚ “ਦੱਸਣ ਯੋਗ ਗੱਲਾਂ” ਸਨ।

ਭਾਰਤ ਸਰਕਾਰ ਨੇ ਫਿਰ ਟਵਿੱਟਰ ‘ਤੇ ਵਰ੍ਹਦਿਆਂ ਕਿਹਾ ਕਿ ਜੇਕਰ ਉਹ ਉਸਦੇ ਹੁਕਮਾਂ ਦੀ ਪਾਲਣਾ ਨਹੀਂ ਕਰਦੀ ਤਾਂ ਉਹ ਕੰਪਨੀ ਵਿਰੁੱਧ ਕਾਰਵਾਈ ਕਰ ਸਕਦੀ ਹੈ [7]। ਇੱਕ ਬਿਆਨ ਵਿੱਚ ਕਿਹਾ ਗਿਆ ਹੈ:

Twitter cannot assume the role of (a) court and justify non-compliance. […] Twitter being an intermediary is obliged to obey the directions as per the satisfaction of authorities as to which inflammatory content will arouse passion and impact public order. Twitter cannot sit as an appellate authority over the satisfaction of the authorities about its potential impact on derailing public order.

ਟਵਿੱਟਰ (ਇਕ) ਅਦਾਲਤ ਦੀ ਭੂਮਿਕਾ ਨਹੀਂ ਨਿਭਾ ਸਕਦੀ ਅਤੇ ਹੁਕਮ ਨਾ-ਮੰਨਣ ਨੂੰ ਜਾਇਜ਼ ਨਹੀਂ ਠਹਿਰਾ ਸਕਦਾ। […] ਟਵਿੱਟਰ ਇਕ ਵਿਚੋਲਾ ਹੋਣ ਕਾਰਨ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਪਾਬੰਦ ਹੈ ਅਤੇ ਇਹ ਅਧਿਕਾਰੀਆਂ ਦੀ ਸੰਤੁਸ਼ਟੀ ਦਾ ਵਿਸ਼ਾ ਹੈ ਕਿਹਦੀ ਭੜਕਾਊ ਸਮੱਗਰੀ ਜਨੂੰਨ ਪੈਦਾ ਕਰੇਗੀ ਅਤੇ ਜਨਤਕ ਅਮਨ-ਅਮਾਨ ਨੂੰ ਪ੍ਰਭਾਵਤ ਕਰੇਗੀ। ਟਵਿੱਟਰ ਜਨਤਕ ਅਮਨ-ਅਮਾਨ ਨੂੰ ਲੀਹੋਂ ਉਤਾਰਨ ਦੇ ਇਸਦੇ ਸੰਭਾਵਿਤ ਪ੍ਰਭਾਵਾਂ ਬਾਰੇ ਅਧਿਕਾਰੀਆਂ ਦੀ ਸੰਤੁਸ਼ਟੀ ਬਾਰੇ ਅਪੀਲ ਸੁਣਨ ਵਾਲੀ ਅਥਾਰਟੀ ਨਹੀਂ ਬਣ ਸਕਦੀ।

1 ਫਰਵਰੀ ਨੂੰ ਟਵਿੱਟਰ ਤੋਂ ਮੁਅੱਤਲ ਕੀਤੇ ਗਏ ਖਾਤਿਆਂ ਵਿੱਚ ਭਾਰਤ ਦਾ ਵੱਕਾਰੀ ਰਸਾਲਾ ਦ ਕਾਰਵਾਨ [8] ਸੀ। ਪ੍ਰਕਾਸ਼ਨ ਦੇ ਕਾਰਜਕਾਰੀ ਸੰਪਾਦਕ ਵਿਨੋਦ ਕੇ. ਜੋਸ ਨੇ ਬੁਜ਼ਫ਼ੀਡ ਨਿਊਜ਼ ਨੂੰ ਦੱਸਿਆ [9] ਕਿ ਟਵਿੱਟਰ ਦਾ ਉਨ੍ਹਾਂ ਦੇ ਅਧਿਕਾਰਤ ਖਾਤੇ ਨੂੰ ਰੋਕਣ ਦਾ ਫੈਸਲਾ “ਮਿਥੇ ਹਮਲਿਆਂ ਦੀ ਇੱਕ ਲੰਬੀ ਸੂਚੀ ਵਿੱਚ ਤਾਜ਼ਾਤਰੀਨ” ਹੈ ਜੋ ਮਹੱਤਵਪੂਰਨ ਕਹਾਣੀਆਂ ਦੇ ਕਾਰਨ ਪ੍ਰਕਾਸ਼ਨ ‘ਤੇ ਕੀਤੇ ਗਏ।

ਰੋਸ-ਪ੍ਰਦਰਸ਼ਨਾਂ ਤੋਂ ਅਪਡੇਟਸ ਪੋਸਟ ਕਰਨਵਾਲੇ ਕਾਰਕੁਨ ਅਤੇ ਸੰਗਠਨ ਵੀ ਸੋਮਵਾਰ ਨੂੰ ਟਵਿੱਟਰ ਕਰੈਕਡਾਉਨ ਦਾ ਸ਼ਿਕਾਰ ਬਣਾਏ ਗਏ। ਉਨ੍ਹਾਂ ਵਿਚੋਂ ਕੁਝ ਵੱਡੇ ਪ੍ਰਸਿੱਧ ਖਾਤੇ ਸਨ, ਜਿਵੇਂ ਕਿ: @Tractor2twitr [10], @Kisanektamorcha [11], ਅਤੇ @bkuektaugrahan [12].

ਵਿਆਪਕ ਮੁਅੱਤਲਾਂ ਦੀ ਗਲੋਬਲ ਮੀਡੀਆ ਵਾਚਡੌਗ ‘ਰਿਪੋਰਟਰਜ਼ ਬਿਦਆਊਟ ਬਾਰਡਰਜ਼’ ਦੁਆਰਾ ਨਿੰਦਾ ਕੀਤੀ ਗਈ [13]। ਉਨ੍ਹਾਂ ਨੇ ਇਸ ਕਾਰਵਾਈ ਨੂੰ ”ਘੋਰ ਸੈਂਸਰਸ਼ਿਪ ਦਾ ਹੈਰਾਨਕੁੰਨ ਮਾਮਲਾ” ਕਿਹਾ। ਸੰਗਠਨ ਨੇ ਅੱਗੇ ਕਿਹਾ: “ਇਨ੍ਹਾਂ ਖਾਤਾ-ਬੰਦੀਆਂ ਦੇ ਆਦੇਸ਼ ਦੇ ਕੇ, ਗ੍ਰਹਿ ਮਾਮਲਿਆਂ ਦਾ ਮੰਤਰਾਲਾ ਸੱਚ ਦੇ ਔਰਵੇਲੀਅਨ ਮੰਤਰਾਲੇ ਵਾਂਗ ਵਿਵਹਾਰ ਕਰ ਰਿਹਾ ਹੈ ਜੋ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਬਾਰੇ ਆਪਣਾ ਬਿਰਤਾਂਤ ਥੋਪਣਾ ਚਾਹੁੰਦਾ ਹੈ।”

ਭਾਰਤ ਵਿਚ ਬਹੁਤ ਸਾਰੇ ਪੱਤਰਕਾਰਾਂ ਨੇ ਵੀ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ, ਜਿਵੇਂ ਸਾਨੀਆ ਫਾਰੂਕੀ:

ਸੈਂਸਰਸ਼ਿਪ ਰਾਸ਼ਟਰ ਵਿੱਚ ਅੱਜ ਦਾ ਵਿਸ਼ੇਸ਼: ਟਵਿੱਟਰ ਇੰਡੀਆ ਨੇ ਅਨੇਕ ਖਾਤੇ ਬਲੌਕ ਕੀਤੇ

https://t.co/klpkuWmrUz [14] ਵਾਇਆ @geetaseshu [15]

ਸਾਨੀਆ ਫਾਰੂਕੀ (@SaniaFarooqui) 1 ਫਰਵਰੀ, 2021 [16]

Farmers joined in sit-in protests near the capital. 5 December 2020. Image via Wikimedia Commons by Randeep Maddoke. CC0 Public Domain. [17]

ਰਾਜਧਾਨੀ ਨੇੜੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। 5 ਦਸੰਬਰ 2020। ਤਸਵੀਰ – ਵਿਕੀਮੀਡੀਆ ਕਾਮਨਜ਼ Randeep Maddoke। [17] CC0 [18] ਪਬਲਿਕ ਡੋਮੇਨ।

ਉੱਘੀ ਪੱਤਰਕਾਰ ਰਾਣਾ ਅਯੂਬ ਨੇ ਟਵੀਟ ਕੀਤਾ:

ਅਸੀਂ ਮਿਆਂਮਾਰ ਵਿੱਚ ਐਮਰਜੈਂਸੀ ਬਾਰੇ ਗੱਲ ਕਰ ਰਹੇ ਹਾਂ ਪਰ ਕੋਈ ਵੀ ਭਾਰਤ ਵਿੱਚ ਅਣ ਘੋਸ਼ਿਤ ਐਮਰਜੈਂਸੀ ਬਾਰੇ ਗੱਲ ਨਹੀਂ ਕਰ ਰਿਹਾ। ਪੱਤਰਕਾਰਾਂ, ਕਾਰਕੁਨਾਂ ‘ਤੇ ਕਿਸਾਨਾਂ ਦੇ ਅੰਦੋਲਨ’ ਬਾਰੇ ਰਿਪੋਰਟਿੰਗ ਲਈ ਦੇਸ਼ ਧ੍ਰੋਹ ਦਾ ਦੋਸ਼, ਉਨ੍ਹਾਂ ਦੇ ਟਵਿੱਟਰ ਅਕਾਉਂਟ ਮੁਅੱਤਲ ਕੀਤੇ ਗਏ, ਵਿਸ਼ਵ ਇਸ ਤਾਨਾਸ਼ਾਹੀ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦਾ।

- ਰਾਣਾ ਅਯੂਬ (@RanaAyyub) 1 ਫਰਵਰੀ  2021  [19]

ਭਾਰਤ ਦੇ ਕਈ ਹਿੱਸਿਆਂ ਦੇ ਸੈਂਕੜੇ ਹਜ਼ਾਰਾਂ ਕਿਸਾਨ ਦੇਸ਼ ਦੀ ਸੰਸਦ ਦੁਆਰਾ ਸਤੰਬਰ 2020 ਵਿੱਚ ਮਨਜ਼ੂਰਸ਼ੁਦਾ ਖੇਤੀਬਾੜੀ ਸੁਧਾਰਾਂ [20] ਦੇ ਵਿਰੋਧ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਯੂਨੀਅਨਾਂ ਅਤੇ ਸੰਗਠਨਾਂ ਦਾ ਕਹਿਣਾ ਹੈ ਕਿ ਸੁਧਾਰ, ਜੋ ਕਿ ਹੋਰ ਉਪਾਵਾਂ ਦੇ ਸਹਿਤ ਵੱਡੀਆਂ ਕਾਰਪੋਰੇਸ਼ਨਾਂ ਤੋਂ ਬਚਾਓ ਲਈ ਸਬਸਿਡੀਆਂ [21] ਅਤੇ ਸੁਰੱਖਿਆ ਉਪਾਵਾਂ ਨੂੰ ਹਟਾਉਂਦਾ ਹੈ, ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਖ਼ਤਰੇ ਵਿੱਚ ਪਾ ਦੇਵੇਗਾ [22]

ਹਜ਼ਾਰਾਂ ਕਿਸਾਨਾਂ ਨੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਈਂ ਮਹੀਨਿਆਂ ਤੋਂ ਨਵੀਂ ਦਿੱਲੀ ਦੇ ਬਾਹਰ ਡੇਰਾ ਲਗਾਇਆ ਹੋਇਆ ਹੈ। ਪ੍ਰਦਰਸ਼ਨਾਂ ਦੇ ਸ਼ੁਰੂ ਹੋਣ ਤੋਂ ਬਾਅਦ ਅਧਿਕਾਰੀਆਂ ਨੇ ਕਾਰਕੁਨਾਂ ਅਤੇ ਪੱਤਰਕਾਰਾਂ ਖ਼ਿਲਾਫ਼ ਦੇਸ਼ ਧ੍ਰੋਹ ਦੇ ਕਈ ਦੋਸ਼ [23] ਲਾਏ ਹਨ ਅਤੇ ਇੰਟਰਨੈੱਟ ਬੰਦ ਕੀਤੇ ਹਨ [24]

ਕੌਮਾਂਤਰੀ ਪੌਪਸਟਾਰ ਰਿਹਾਨਾ ਵੱਲੋਂ ਇਸ ਮੁੱਦੇ ਬਾਰੇ ਟਵੀਟ ਕੀਤੇ ਜਾਣ ਤੋਂ ਬਾਅਦ ਇਸ ਹਫ਼ਤੇ ਵਿਰੋਧ ਪ੍ਰਦਰਸ਼ਨਾਂ ਨੇ ਵਿਸ਼ਵਵਿਆਪੀ ਧਿਆਨ ਆਪਣੇ ਵੱਲ ਖਿੱਚਿਆ:

ਅਸੀਂ ਇਸ ਬਾਰੇ ਗੱਲ ਕਿਉਂ ਨਹੀਂ ਕਰ ਰਹੇ?! #FarmersProtest [25] https://t.co/obmIlXhK9S [26]

— ਰਿਹਾਨਾ (@rihanna)  2 ਫ਼ਰਵਰੀ  2021 [27]

ਅਗਲੇ ਹੀ ਦਿਨ, ਸੰਯੁਕਤ ਰਾਜ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ, ਮੀਨਾ ਹੈਰਿਸ ਵੀ ਇੰਟਰਨੈੱਟ ਬੰਦਾਂ ਦੀ ਨਿੰਦਾ ਕਰਨ ਲਈ [28] ਟਵਿੱਟਰ ‘ਤੇ ਆ ਗਈ।

ਅਤੇ 4 ਫਰਵਰੀ ਨੂੰ, ਜਲਵਾਯੂ ਦੀ ਸੰਭਾਲ ਦੀ ਸਵੀਡਿਸ਼ ਕਾਰਕੁਨ ਗ੍ਰੇਟਾ ਥਨਬਰਗ ਨੇ ਇੱਕ ਟਵਿੱਟਰ ਥਰੈੱਡ ‘ਤੇ ਵਿਰੋਧ ਪ੍ਰਦਰਸ਼ਨਾਂ ਲਈ ਸਮਰਥਨ ਜ਼ਾਹਰ ਕੀਤਾ [29] ਜਿਸ ਵਿੱਚ ਉਸਨੇ ਇੱਕ “ਰੋਸ ਟੂਲਕਿੱਟ” – ਅਜਿਹਾ ਦਸਤਾਵੇਜ਼ ਸਾਂਝਾ ਕੀਤਾ ਜੋ ਉਹਨਾਂ ਲੋਕਾਂ ਲਈ ਸਰੋਤ-ਸਾਧਨ ਹੈ ਜੋ ਕਿਸਾਨਾਂ ਬਾਰੇ ਜਾਣੂ ਹੋਣਾ ਜਾਂ ਸੰਗਠਨ ਵਿੱਚ ਸਹਾਇਤਾ ਕਰਨਾ ਚਾਹੁੰਦੇ ਹਨ।

ਫਿਰ ਦਿੱਲੀ ਪੁਲਿਸ ਨੇ ਕਿਹਾ ਕਿ ਉਹ ਟੂਲਕਿੱਟ ਦੇ ਲੇਖਕਾਂ ਦੀ ਪੜਤਾਲ ਕਰੇਗੀ [30], ਜੋ ਉਦੋਂ ਤੱਕ ਅਗਿਆਤ ਸਨ।

ਸਿਆਸਤਦਾਨਾਂ, ਬਾਲੀਵੁੱਡ ਸਿਤਾਰਿਆਂ ਅਤੇ ਕ੍ਰਿਕਟਰਾਂ ਸਣੇ ਕਈ ਭਾਰਤੀਆਂ ਨੇ ਵਿਦੇਸ਼ੀ ਸ਼ਖਸੀਅਤਾਂ ਦੇ ਟਵੀਟ ਦੀ ਨਿਖੇਧੀ ਕੀਤੀ [31]

3 ਫਰਵਰੀ ਨੂੰ ਜਾਰੀ ਇਕ ਬਿਆਨ ਵਿਚ, ਭਾਰਤ ਦੇ ਵਿਦੇਸ਼ ਮੰਤਰਾਲੇ [32] ਨੇ ਵੀ ਵਿਦੇਸ਼ੀ ਸ਼ਖਸੀਅਤਾਂ ਦੇ ਸਮਰਥਨ ਦੇ ਪ੍ਰਗਟਾਵੇ ‘ਤੇ ਟਿੱਪਣੀ ਕੀਤੀ: “ਸਨਸਨੀਖੇਜ਼ ਸੋਸ਼ਲ ਮੀਡੀਆ ਹੈਸ਼ਟੈਗਾਂ ਅਤੇ ਟਿੱਪਣੀਆਂ ਦਾ ਲਾਲਚ, ਖ਼ਾਸਕਰ ਜਦੋਂ ਮਸ਼ਹੂਰ ਹਸਤੀਆਂ ਅਤੇ ਹੋਰਾਂ ਦੁਆਰਾ ਕੀਤਾ ਜਾਂਦਾ ਹੈ, ਨਾ ਤਾਂ ਸਹੀ ਅਤੇ ਨਾ ਹੀ ਜ਼ਿੰਮੇਵਾਰ ਹੈ।”