ਲੌਕਡਾਊਨ ਦੇ ਚੱਲਦਿਆਂ ਮਸ਼ਹੂਰ ਕਲਾਕ੍ਰਿਤੀਆਂ ਨੂੰ ਮੁੜ ਸਿਰਜ ਰਹੇ ਹਨ ਰੂਸੀ

ਫਰੀਦਾ ਕਾਹਲੋ ਦਾ ਸਵੈ-ਚਿੱਤਰ (1940), ਜੋ ਰੁਨੈੱਟ ਯੂਜ਼ਰ ਮਾਰੀਆ ਮੋਰੋਜ਼ੋਵਾ ਨੇ 25 ਅਪ੍ਰੈਲ, 2020 ਨੂੰ ਮੁੜ ਸਿਰਜਿਆ। ਫੇਸਬੁੱਕ / ਆਈਜ਼ੋਇਜ਼ੋਲਿਆਸੀਆ ਤੋਂ ਸਕਰੀਨ ਸ਼ਾਟ।

ਕੋਵਿਡ-19 ਦੇ ਵਿਸ਼ਵੀ ਪ੍ਰਭਾਵ ਬਾਰੇ ਜਾਣਨ ਲਈ ਸਾਡੀਆਂ ਵਿਸ਼ੇਸ਼ ਰਿਪੋਰਟਾਂ ਵੇਖੋ

ਫਿਓਦਰ ਦੋਸੋਤਵਸਕੀ ਨੇ 1868 ਵਿੱਚ ਲਿਖਿਆ ਸੀ ਕਿ “ਸੁੰਦਰਤਾ ਸੰਸਾਰ ਨੂੰ ਬਚਾਏਗੀ।” ਡੇਢ ਸੌ ਸਾਲ ਬਾਅਦ, ਇਹ ਵੇਖਣਾ ਤਾਂ ਅਜੇ ਬਾਕੀ ਹੈ; ਪਰ ਏਨਾ ਯਕੀਨੀ ਹੈ – ਇਹ ਵਿਸ਼ਵਵਿਆਪੀ ਮਹਾਂਮਾਰੀ ਦੇ ਦੌਰਾਨ ਇਹ ਸਾਡਾ ਧਿਆਨ ਬਾਹਰਲੀ ਦੁਨੀਆਂ ਤੋਂ ਨਿਸ਼ਚਤ ਤੌਰ ‘ਤੇ ਹਟਾ ਸਕਦੀ ਹੈ।

ਜਦੋਂ ਦੁਨੀਆਂ ਭਰ ਦੇ ਲੋਕਾਂ ਨੂੰ ਘਰ ਰਹਿਣ ਦਾ ਆਦੇਸ਼ ਦਿੱਤਾ ਗਿਆ ਹੈ, ਉਹ ਅਕੇਵੇਂ ਅਤੇ ਉਦਾਸੀ ਨੂੰ ਦੂਰ ਰੱਖਣ ਲਈ ਸਿਰਜਣਾਤਮਕ ਤਰੀਕਿਆਂ ਦੀ ਭਾਲ ਕਰ ਰਹੇ ਹਨ। ਇਕ ਖ਼ਾਸ ਫੋਟੋ ਚੁਣੌਤੀ ਸੋਸ਼ਲ ਮੀਡੀਆ ਵਿੱਚ ਜੰਗਲ ਦੀ ਅੱਗ ਵਾਂਗ ਛਾ ਗਈ ਹੈ। ਇਸ ਵਿੱਚ ਭਾਗ ਲੈਣ ਵਾਲਿਆਂ ਨੇ ਆਮ ਘਰੇਲੂ ਚੀਜ਼ਾਂ ਦੀ ਵਰਤੋਂ ਕਰਦਿਆਂ ਮਸ਼ਹੂਰ ਕਲਾਕ੍ਰਿਤੀਆਂ ਨੂੰ ਮੁੜ ਬਣਾਉਣਾ ਹੈ।

ਸਰਜੀਕਲ ਮਾਸਕ ਅਤੇ ਥਰਮਾਮੀਟਰ, COVID-19 ਮਹਾਂਮਾਰੀ ਦੇ ਪ੍ਰਤੀਕ, ਇਨ੍ਹਾਂ ਮੁੜ-ਸਿਰਜਨਾਵਾਂ ਵਿੱਚ ਪ੍ਰਮੁੱਖ ਤੱਥ ਹਨ। ਇੱਕ ਆਦਮੀ ਸਰਜੀਕਲ ਮਾਸਕ ਪਹਿਨੇ, ਮਾਰਕਰ ਪੈੱਨ ਨਾਲ ਉਲੀਕੇ ਇੱਕ ਖੁੱਲੇ ਮੂੰਹ ਨਾਲ ਸੁਸ਼ੋਭਿਤ, ਐਡਵਰਡ ਮੁੰਚ ਦੀ ‘ਦ ਸਕਰੀਮ’ (ਚੀਕ) ਦੇ ਘਰੇਲੂ ਸੰਸਕਰਣ ਲਈ ਪੋਜ਼ ਬਣਾਉਂਦਾ ਹੈ। ਮੋਜ਼ਾਰਟ ਦੀ ਮਸ਼ਹੂਰ ਪੇਂਟਿੰਗ ਦੀ ਨਕਲ ਕਰਦਿਆਂ ਪਿਆਨੋ ਦੇ ਸਾਮ੍ਹਣੇ ਬੈਠੇ ਆਦਮੀ ਲਈ ਟੌਇਲੇਟ ਰੋਲ (ਇਸ ਦੌਰ ਦਾ ਇੱਕ ਜਬਰਦਸਤ ਪ੍ਰਤੀਕ) ਵਿੱਗ ਦਾ ਕੰਮ ਕਰਦੇ ਹਨ। ਇਹ ਰੂਸੀ ਫੇਸਬੁੱਕ ਸਮੂਹ “IZOIZOLIZACIA” ਦੀ ਬੇਅੰਤ ਰਚਨਾਤਮਕਤਾ ਦੀਆਂ ਕੁਝ ਕੁ ਉਦਾਹਰਣਾਂ ਹਨ। ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੈ ਕਿ ਇਹ ਪੰਨਾ ਰਾਸ਼ਟਰੀ ਜਨੂੰਨ ਬਣ ਗਿਆ ਹੈ।

ਗਰੁੱਪ ਦਾ ਨਾਮ “ਅਲਹਿਦਗੀ” ਅਤੇ “ਵਿਜ਼ੂਅਲ ਆਰਟ” ਲਈ ਰੂਸੀ ਸ਼ਬਦਾਂ ਦੇ ਜੋੜ ਤੋਂ ਬਣਿਆ ਹੈ। ਅੱਜ ਇਸ ਦੇ 5,00,000 ਤੋਂ ਵੱਧ ਮੈਂਬਰ ਹਨ ਅਤੇ ਪ੍ਰਤੀ ਦਿਨ 100 ਤੋਂ ਵੱਧ ਪੋਸਟਾਂ ਪੈਂਦੀਆਂ ਹਨ। ਭਾਵੇਂ ਬਹੁਤੇ ਮੈਂਬਰ ਰੂਸੀ ਹਨ, ਪਰ ਅਤਿ ਅਨਿਸ਼ਚਿਤਤਾ ਦੇ ਇਸ ਸਮੇਂ ਦੌਰਾਨ ਪੂਰੀ ਦੁਨੀਆਂ ਦੇ ਲੋਕ ਇਸ ਨਾਲ ਜੁੜ ਰਹੇ ਹਨ। ਇਜ਼ੋਇਜ਼ੋਲਿਆਤਸਿਆ ਦਾ ਨਾਅਰਾ ਸਭ ਬਿਆਨ ਕਰਦਾ ਹੈ: “ਸੀਮਤ ਤੋਰੇ ਫੇਰੇ ਅਤੇ ਅਸੀਮਿਤ ਕਲਪਨਾ ਵਾਲੇ ਲੋਕਾਂ ਦਾ ਭਾਈਚਾਰਾ”। ਫੇਸਬੁੱਕ ਗਰੁੱਪ ਦੀ ਬਾਨੀ, 38 ਸਾਲਾ ਕੈਟਰੀਨਾ ਬਰੂਦਨਿਆ-ਚੇਲਿਆਦਿਨੋਵਾ ਨੇ ਬੱਸ ਕੁਝ ਕੁ ਨਿਯਮ ਬਣਾਏ ਹਨ: ਜੋ ਕੁਝ ਘਰ ਵਿੱਚ ਮਿਲਦਾ ਹੈ ਉਹੀ ਸਮਾਨ ਵਰਤਣਾ ਹੈ, ਫੋਟੋ-ਐਡਿਟ ਦੀ ਆਗਿਆ ਨਹੀਂ ਹੈ, ਅਤੇ ਕਾਜ਼ੀਮੀਰ ਮਾਲੇਵਿਚ ਦੇ “ਬਲੈਕ ਸੁਕੇਅਰ” ਦੇ ਹੋਰ ਰੂਪਾਂਤਰ ਨਾ ਕਿਤੇ ਜਾਣ – ਪਰ ਜੇ ਉਹ ਬਹੁਤ ਮਜ਼ਾਕੀਆ ਹਨ ਫਿਰ ਕੀਤੇ ਵੀ ਜਾ ਸਕਦੇ ਹਨ। 

ਉਦਾਹਰਣ ਦੇ ਲਈ, ਰੂਸ ਦੇ ਡਿਜਿਟਲ ਜੇਂਟ Mail.Ru ਲਈ ਕੰਮ ਕਰਦੀ ਬਰੂਦਨਿਆ-ਚੇਲਿਆਦਿਨੋਵਾ ਨੇ ਕੱਖਾਂ ਦੀ ਟੋਪੀ ਵਾਲੇ ਵਿਨਸੈਂਟ ਵੈਨ ਗੌਗ ਦੇ ਰੂਪ ਵਿੱਚ ਆਪਣੇ ਪਤੀ ਦੀ ਤਸਵੀਰ ਨੂੰ ਫੇਸਬੁੱਕ ‘ਤੇ ਸਾਂਝਾ ਕਰਕੇ ਇਸ ਚੁਣੌਤੀ ਦੀ ਸ਼ੁਰੂਆਤ ਕੀਤੀ। ਜਦੋਂ ਉਸ ਦੇ ਆਪਣੇ ਦੋਸਤਾਂ ਨੂੰ ਮਸ਼ਹੂਰ ਪੇਂਟਿੰਗਾਂ ਦੇ ਆਪਣੇ ਰੂਪਾਂਤਰ ਸਾਂਝੇ ਕਰਨ ਲਈ ਕਿਹਾ ਗਿਆ, ਤਾਂ ਬਹੁਤ ਸਾਰਿਆਂ ਨੇ ਚੁਣੌਤੀ ਨੂੰ ਸਵੀਕਾਰ ਕਰ ਲਿਆ। ਹੁੰਗਾਰੇ ਵਜੋਂ ਰੂਪਾਂਤਰਾਂ ਦੀ ਵੱਡੀ ਗਿਣਤੀ ਨੂੰ ਇਕਜੁਟ ਕਰਨ ਲਈ, ਉਸਨੇ 30 ਮਾਰਚ ਨੂੰ ਫੇਸਬੁੱਕ ਗਰੁੱਪ ਬਣਾਇਆ। ਇਕ ਦਿਨ ਵਿੱਚ ਹੀ ਇਸ ਦੇ 2500 ਤੋਂ ਜ਼ਿਆਦਾ ਮੈਂਬਰ ਬਣ ਗਏ।

17 ਅਪਰੈਲ ਨੂੰ ਰੂਸੀ ਨਿਊਜ਼ ਚੈਨਲ ਆਰਬੀਕੇ ਨੂੰ ਇੱਕ ਇੰਟਰਵਿਊ ਵਿੱਚ, ਬਰੂਦਨਿਆ-ਚੇਲਿਆਦਿਨੋਵਾ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਸਮੂਹ ਨੂੰ ਬਣਾਈ ਰੱਖਣ ਅਤੇ ਪ੍ਰਬੰਧਨ ਕਰਨ ਵਿੱਚ ਇਕੱਲੀ ਨਹੀਂ ਹੈ। ਇਸਦੀ ਪ੍ਰਸਿੱਧੀ ਪਿਛਲੇ ਮਹੀਨੇ ਵਿੱਚ ਵੱਧ ਗਈ ਹੈ। “ਸਾਡੇ ਕੋਲ ਹੁਣ 11 ਸੰਚਾਲਕ ਹਨ ਜੋ ਸਾਰਾ ਦਿਨ ਅਮਰੀਕਾ ਤੋਂ ਨਿਊਜ਼ੀਲੈਂਡ ਤੱਕ ਗਰੁੱਪ ਚੱਲਦਾ ਰਖਦੇ ਹਨ,” ਉਸਨੇ ਕਿਹਾ। “ਇਹ ਦੁਨੀਆਂ ਭਰ ਵਿੱਚ ਫੈਲੇ ਦੋਸਤਾਂ ਦੀ ਇੱਕ ਵਿਸ਼ਾਲ ਕੋਸ਼ਿਸ਼ ਹੈ।”

ਇਸਦੀ ਕੌਮਾਂਤਰੀ ਮੈਂਬਰਸ਼ਿਪ ਇਸ ਤੱਥ ਨੂੰ ਦਰਸਾਉਂਦੀ ਹੈ ਕਿ ਇਜ਼ੋਇਜ਼ੋਲਿਆਤਸਿਆ ਵਾਇਰਲ ਆਰਟ ਚੁਣੌਤੀ ਦੇ ਬਹੁਤ ਸਾਰੇ ਅਵਤਾਰਾਂ ਵਿਚੋਂ ਇਕ ਹੈ; ਕੋਵਿਡ -19 ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ, ਦੁਨੀਆਂ ਭਰ ਦੀਆਂ ਕਈ ਆਰਟ ਗੈਲਰੀਆਂ ਦੇ ਸੋਸ਼ਲ ਮੀਡੀਆ ਖਾਤਿਆਂ ਨੇ ਵੀ ਅਜਿਹੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ।

ਹੈਰਾਨੀ ਦੀ ਗੱਲ ਨਹੀਂ ਕਿ ਇਜ਼ੋਇਜ਼ੋਲਿਆਤਸਿਆ ਮੈਂਬਰਾਂ ਦਾ ਰੂਸ ਅਤੇ ਸਾਬਕਾ ਸੋਵੀਅਤ ਯੂਨੀਅਨ ਦੀਆਂ ਪ੍ਰਸਿੱਧ ਕਲਾਕ੍ਰਿਤੀਆਂ ਲਈ ਖਾਸ ਪਿਆਰ ਹੈ। “ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਇਸ ਸਮੂਹ ਵਿਚ ਥੋੜ੍ਹੇ ਜਿਹਾ ਵਧੇਰੇ ਸਵੈ-ਵਿਅੰਗਾਤਮਕ ਹਾਂ,” ਬਰੂਦਨਿਆ-ਚੇਲਿਆਦਿਨੋਵਾ ਨੇ ਰੂਨੈਟ ਈਕੋ ਲਈ ਇਕ ਇੰਟਰਵਿਊ ਵਿਚ ਮੰਨਿਆ।

ਦਰਅਸਲ, ਬਹੁਤ ਸਾਰੀਆਂ ਸਾਂਝੀਆਂ ਕੀਤੀਆਂ ਤਸਵੀਰਾਂ ਰੂਸ ਦੀਆਂ ਸਭ ਤੋਂ ਕੀਮਤੀ ਪੇਂਟਿੰਗਾਂ ਦੀ ਬੇਰਹਿਮੀ ਨਾਲ ਸਿਰਜਣਾਤਮਕ ਅਤੇ ਆਪਣੀ ਖਿੱਲੀ ਉਡਾਉਣ ਵਾਲੀਆਂ ਵਿਅੰਗ-ਨਕਲਾਂ ਹਨ। ਵਾਸਿਲੀ ਵੇਰੇਸ਼ਾਗਿਨ ਦੀ “ਖੋਪੜੀਆਂ ਦੀ ਟੀਸੀ” ਵਿਚ ਖੋਪੜੀਆਂ ਦੇ ਪਹਾੜ ਨੂੰ ਖਿੰਡੇ ਹੋਏ ਲੀਗੋ ਸਿਰਾਂ ਦੀ ਤਰ੍ਹਾਂ ਮੁੜ ਕਲਪਿਆ ਗਿਆ ਹੈ। ਇਕ ਹੋਰ ਤਸਵੀਰ ਵਿਚ ਇੱਕ ਬਿੱਲੀ ਦਿਖਾਈ ਦਿੰਦੀ ਹੈ ਜੋ ਸਲਾਮੀ ਦੇਣ ਵਾਲੀ ਲੈਨਿਨ ਦੀ ਤਸਵੀਰ ਦੀ ਨਕਲ ਹੈ। “ਚੀੜ ਦੇ ਜੰਗਲ ਵਿਚ ਸਵੇਰ” ਵਿੱਚ ਇਵਾਨ ਸ਼ਿਸ਼ਕਿਨ ਦੇ ਰਿੱਛ ਸਲਾਦ ਪੱਤਿਆਂ ਦੇ ਪਿਛੋਕੜ ਤੇ ਪਟਾਕਿਆਂ ਨਾਲ ਦਰਸਾਏ ਗਏ ਹਨ।

ਵਿਦੇਸ਼ੀ ਕਲਾਕ੍ਰਿਤੀਆਂ ਦੀ ਕੁੱਝ ਪ੍ਰਸਿੱਧ ਨਕਲਾਂ ਵੀ ਹਨ। “ਦ ਲਾਸਟ ਸਪਰ” ਵਿੱਚ ਰੱਬ ਦੇ ਦੂਤਾਂ ਦੇ ਸਥਾਨ ਉੱਤੇ ਨਰਸਾਂ ਨੂੰ ਵਖਾਇਆ ਗਿਆ ਗਿਆ ਹੈ; ਲਿਓਨਾਰਦੋ ਦਾ ਵਿੰਚੀ ਦੇ “ਸੇਵੀਅਰ ਆਫ ਦ ਵਰਲਡ” ਵਿੱਚ ਯੀਸ਼ੂ ਦੇ ਇੱਕ ਮਾਡਲ ਨੂੰ ਓਰਬ (ਗੋਲਾਕਾਰ ਪ੍ਰਕਾਸ਼ ਸਰੋਤ) ਦੇ ਬਜਾਏ ਆਚਾਰ ਦਾ ਮਰਤਬਾਨ ਫੜੇ ਹੋਏ ਵਖਾਇਆ ਗਿਆ ਹੈ। ਕੁੱਝ ਵਰਤੋਂਕਾਰਾਂ ਨੇ ਏਡਗਰ ਡੇਗਾਸ ਦੀ ਪ੍ਰਸਿੱਧ ਬੈਲੇਰੀਨਾ ਚਿਤਰਾਂ ਨੂੰ ਫਿਰ ਤੋਂ ਸਿਰਜਣ ਲਈ ਤੂਤੂ (ਬੈਲੇ ਨਾਚ ਵਿੱਚ ਪਹਿਨੇ ਜਾਣ ਵਾਲਾ ਇੱਕ ਵਸਤਰ) ਪਹਿਨੇ। ਦੂਸਰਿਆਂ ਨੇ ਵੈਨ ਗਾਗ ਦੇ ਦੁਰਘਟਨਾ ਉਪਰੰਤ ਪ੍ਰਸਿੱਧ ਸਵੈਚਿਤਰ ਨੂੰ ਚਿਤਰਣ ਲਈ ਉਸ਼ਾਂਕਾ (ਕੰਨ ਦੇ ਫਲੈਪ ਵਾਲੀ ਫਰ ਦੀ ਬਣੀ ਰੂਸੀ ਟੋਪੀ) ਧਾਰਨ ਕੀਤਾ। 

ਚੁਣੌਤੀ ਦੀਆਂ ਸ਼ਰਤਾਂ ਨੇ ਕਈ ਹਿੱਸਾ ਲੈਣ ਵਾਲਿਆਂ ਨੂੰ ਉਨ੍ਹਾਂ ਨਿੱਤ ਵਰਤੋਂ ਦੀਆਂ ਘਰ ਵਿੱਚ ਹੀ ਮਿਲਣ ਵਾਲੀਆਂ ਵਸਤਾਂ ਦੇ ਨਾਲ ਪ੍ਰਯੋਗ ਕਰਨ ਲਈ ਪ੍ਰੇਰਿਤ ਕੀਤਾ ਹੈ। ਇਜ਼ਰਾਈਲ ਦੀ ਇੱਕ ਵਰਤੋਂਕਾਰ ਨੇ ਭਾਰੀ ਹਾਰ ਸ਼ਿੰਗਾਰ ਕਰ, ਕਾਗਜ਼ ਦੀਆਂ ਬਣੀਆਂ ਪਿਘਲ ਰਹੀਆਂ ਘੜੀਆਂ ਦੇ ਨਾਲ ਸਲਵਾਡੋਰ ਡਾਲੀ ਦੇ ਰੂਪ ਵਿੱਚ ਪੋਜ਼ ਕੀਤਾ। ਇੱਕ ਔਰਤ ਨੇ ਦਾਂਤੇ ਗਾਬਰੀਅਲ ਰੋਸੇਤੀ ਦੇ “ਪੰਡੋਰਾ” ਨੂੰ ਸਿਰਫ ਪੇਂਟਿੰਗ ਵਿੱਚਲੇ ਸੋਨੇ ਦੇ ਬਕਸੇ ਨੂੰ ਮੈਕਡਾਨਲਡਸ ਦੇ ਟੇਕਆਉਟ ਬਕਸੇ ਨਾਲ ਬਦਲ ਕੇ ਨਵਾਂ ਰੂਪ ਦੇ ਦਿੱਤਾ। ਜੈਕਸਨ ਪੋਲਕ ਦੀ ਇੱਕ ਪੇਂਟਿੰਗ ਨੂੰ ਸੋਟੀਆਂ ਦੇ ਢੇਰ ਨਾਲ ਵਿਖਾਇਆ ਗਿਆ।

ਗਰੁੱਪ ਦੀਆਂ ਸਭ ਤੋਂ ਮਸ਼ਹੂਰ ਪੋਸਟਾਂ ਵਿਚੋਂ ਇਕ, ਨਤਾਲੀਆ ਸ਼ੇਵਚੇਂਕੋ ਦੁਆਰਾ ਹੈਨਰੀ ਮੈਤੀਸ ਦੀ 1910 ਵਾਲੀ ਮਾਸਟਰਪੀਸ “ਡਾਂਸ” ਨੂੰ ਪਲਾਸਟਿਕ ਦੇ ਥੈਲੇ ‘ਤੇ ਝੀਂਗਾ ਮੱਛੀ ਅਤੇ ਅਖਰੋਟ ਨਾਲ ਮੁੜ-ਬਣਾਇਆ ਗਿਆ ਹੈ। ਇਸ ਨੂੰ 39,000 ਤੋਂ ਵੱਧ ਲਾਈਕ ਮਿਲੇ ਹਨ।

ਇਨ੍ਹਾਂ ਪੁਰਨਨਿਰਮਿਤ ਕਲਾਕ੍ਰਿਤੀਆਂ ਵਿੱਚੋਂ ਕਈ ਕੁਆਰੰਟਾਈਨ ਦੇ ਦੌਰਾਨ ਘਰ ਵਿੱਚ ਫਸੇ ਸ਼ੌਕੀਆ ਮਾਡਲਾਂ ਦੀਆਂ ਲਈਆਂ ਗਈਆਂ ਸੈਲਫੀਆਂ ਵੀ ਹਨ। ਹੋਰ ਕਈਆਂ ਵਿੱਚ ਜੀਵਨ ਸਾਥੀ, ਪਾਲਤੂ ਜਾਨਵਰ, ਦਾਦਾ-ਦਾਦੀ ਅਤੇ ਬੱਚੇ ਵੀ ਹਨ। ਇਜ਼ੋਇਜ਼ੋਲਿਆਤਸਿਆ ਦਾ ਫੇਸਬੁਕ ਵਰਕਾ ਸੰਬੰਧਾਂ ਦੀ ਤਲਾਸ਼ ਵਿੱਚ ਭਟਕਦੇ ਤਨਹਾ ਚੇਹਰਿਆਂ ਨਾਲ ਭਰਿਆ ਹੈ – ਅਤੇ ਸਪਸ਼ਟ ਹੈ ਉਨ੍ਹਾਂ ਨੂੰ ਸੰਬੰਧ ਲਭ ਵੀ ਰਹੇ ਹਨ।

ਇਸ ਲਈ ਹੋਰ ਸਾਰੇ ਸੋਸ਼ਲ ਮੀਡੀਆ ਪਾਗਲਪਨਾਂ ਵਾਂਗ, ਇਹ ਚੁਣੌਤੀ ਖੁਦ ਕਈ ਪ੍ਰਸ਼ਨ ਉਠਾਉਂਦੀ ਹੈ: ਕੀ ਮਸ਼ਹੂਰ ਕਲਾ ਦਾ ਪੁਨਰ-ਸਿਰਜਨ ਸਿਰਫ ਇਕ ਵਕਤੀ ਉਬਾਲ ਹੈ, ਜਾਂ ਕੀ ਇਹ ਕਲਾ ਨਾਲ ਅਤੇ ਇਕ ਦੂਜੇ ਨਾਲ ਜੁੜਨ ਦੀ ਡੂੰਘੀ ਲੋੜ ਹੈ? ਬਰੂਦਨਿਆ-ਚੇਲਿਆਦਿਨੋਵਾ ਦੂਸਰੀ ਗੱਲ ਨਾਲ ਸਹਿਮਤੀ ਰੱਖਦੀ ਹੈ। “ਇੱਕ ਪਾਸੇ, ਇਹ ਸੱਚ ਹੈ ਕਿ ਇਹ ਕਲਾ ਚੁਣੌਤੀ ਇੱਕ ਖੇਡ ਹੈ,” ਉਹ ਸਿੱਟਾ ਕਢਦੀ ਹੈ, “ਪਰ ਇਹ ਸਦੀਵੀ ਕਲਾ ਨਾਲ ਜੁੜੇ ਰਹਿਣ ਅਤੇ ਭਾਈਚਾਰੇ ਦਾ ਸੁਖ ਪਾਉਣ ਦਾ ਇੱਕ ਵੱਖਰਾ ਢੰਗ ਵੀ ਹੈ। “

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.