‘ਜਾਰਜ ਫਲਾਇਡ ਦੀ ਗੱਲ ਕਰਨ ਲਈ, ਮੇਰੀਆਂ ਆਪਣੀਆਂ ਨਾਕਾਮੀਆਂ ਦੀ ਗੱਲ ਕਰਨਾ ਜ਼ਰੂਰੀ ਹੈ’

ਮਿਨੀਆਪੋਲਿਸਸ, ਮਿਨੇਸੋਟਾ ਵਿਚ ਸ਼ਿਕਾਗੋ ਐਵੇਨਿਊ ਅਤੇ ਈ 38ਵੀਂ ਸਟ੍ਰੀਟ ਵਿਖੇ ਕੱਪ ਫੂਡਜ਼ ਦੇ ਬਾਹਰ ਜੋਰਜ ਫਲਾਇਡ ਦਾ ਕੰਧ-ਚਿੱਤਰ। ਇਸ ਕੰਧ-ਚਿੱਤਰ ਕਲਾਕਾਰ ਜ਼ੇਨਾ ਗੋਲਡਮੈਨ, ਕੈਡੇਕਸ ਹੇਰੇਰਾ ਅਤੇ ਗ੍ਰੇਟਾ ਮੈਕਲੇਨ ਹਨ। ਇਸ ਸਮੂਹ ਨੇ ਇਸ ਕੰਧ-ਚਿੱਤਰ ਉੱਤੇ ਵੀਰਵਾਰ ਸਵੇਰੇ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਨਿਕੋ ਅਲੈਗਜ਼ੈਂਡਰ ਅਤੇ ਪਾਬਲੋ ਹਰਨੈਂਡਜ ਦੀ ਮਦਦ ਨਾਲ 12 ਘੰਟਿਆਂ ਦੇ ਅੰਦਰ ਇਸ ਨੂੰ ਮੁਕੰਮਲ ਕਰ ਲਿਆ ਸੀ। ਫੋਟੋ ਲੌਰੀ ਸ਼ੌਲ (CC BY-SA 2.0)

ਹੇਠਾਂ ਦਿੱਤੇ ਲੇਖ ਦਾ ਅਸਲ ਲੇਖਕ ਦੇ ਫੇਸਬੁੱਕ ਪੇਜ ਉੱਤੇ ਪ੍ਰਕਾਸ਼ਿਤ ਕੀਤਾ ਗਿਆ ਸੀ।

ਜਾਰਜ ਫਲਾਇਡ ਦੀ ਗੱਲ ਕਰਨ ਲਈ, ਮੇਰੀਆਂ ਆਪਣੀਆਂ ਨਾਕਾਮੀਆਂ ਦੀ ਗੱਲ ਕਰਨਾ ਜ਼ਰੂਰੀ ਹੈ। ਹੁਣ ਬੋਲਣਾ ਖਾਮੋਸ਼ੀ ਦੇ ਖੂਹ ਨੂੰ ਭਰਨ ਦੀ ਕੋਸ਼ਿਸ਼ ਕਰਨਾ ਹੈ ਜੋ ਮੈਂ ਕਈ ਦਿਨਾਂ ਤੋਂ ਭਰਦੀ ਆ ਰਹੀ ਹਾਂ। ਅਜਿਹੇ ਸਮੇਂ ਚੁੱਪ ਰਹਿਣਾ ਖ਼ਤਰਨਾਕ ਹੁੰਦਾ ਹੈ, ਅਤੇ ਭਾਰਤੀ ਆਗਮਨ ਦਿਵਸ ਉੱਤੇ ਮੇਰੀ ਚੁੱਪੀ ਉਸ ਬੋਲਣ ਦੀ ਕਮੀ ਦਾ ਹਿੱਸਾ ਸੀ। ਮੇਰੇ ਲਈ ਇਹ ਕਹਿਣਾ ਕਾਫ਼ੀ ਨਹੀਂ ਹੈ ਕਿ ਮੇਰਾ ਆਪਣੀ ਭਾਰਤੀਅਤਾ ਨਾਲ ਗੁੰਝਲਦਾਰ ਰਿਸ਼ਤਾ ਹੈ, ਅਤੇ ਇਸ ਨੂੰ ਪਾਸੇ ਹੀ ਰਹਿਣ ਦੇਣਾ ਚਾਹੀਦਾ ਹੈ। ਇਹ ਦੱਸਣਾ ਹੋਰ ਵੀ ਮਹੱਤਵਪੂਰਨ ਹੁੰਦਾ ਜਾਂਦਾ ਹੈ ਕਿ ਮੈਂ ਇੰਡੋ-ਕੈਰੇਬੀਅਨ ਹਿੰਸਾ ਅਤੇ ਨਸਲਵਾਦ ਦੀ ਦੁਖੀ ਦਰਸ਼ਕ ਅਤੇ ਨਿਰਸੰਦੇਹ ਲਾਭਪਾਤਰੀ ਕਿਵੇਂ ਰਹੀ ਹਾਂ; ਸਾਡੀ ਸਾਂਝੀ ਕੈਰੇਬੀਅਨ ਸਪੇਸ ਅੰਦਰ ਕਾਲੇ ਬਦਨਾਂ ਦੇ ਵਿਰੁੱਧ ਕੀਤੀ ਗਈ ਉਸ ਹਿੰਸਾ ਨੂੰ ਸਾਰੀ ਉਮਰ ਮੈਂ ਕਿਵੇਂ ਵੇਖਿਆ ਹੈ।

ਮੇਰੀ ਪੀੜ੍ਹੀ ਦੀਆਂ ਅਤੇ ਮੇਰੇ ਅੱਗੇ ਪਿੱਛੇ ਹੋਰ ਪੀੜ੍ਹੀਆਂ ਦੀਆਂ ਬਹੁਤ ਸਾਰੀਆਂ ਇੰਡੋ-ਕੈਰੇਬੀਅਨ ਔਰਤਾਂ ਅਤੇ ਲੋਕਾਂ ਦੀ ਤਰ੍ਹਾਂ, ਮੇਰਾ ਜਨਮ ਕਾਲਿਆਂ ਪ੍ਰਤੀ ਸ਼ੱਕ ਅਤੇ ਭਾਰਤੀ ਉੱਤਮਤਾ ਦੇ ਫਿਰਕੂ ਸਭਿਆਚਾਰ ਵਿੱਚ ਹੋਇਆ ਸੀ। ਭਾਵੇਂ ਮੇਰੇ ਮਾਪਿਆਂ ਨੇ ਇਹ ਵਿਚਾਰਧਾਰਾ ਸਪੱਸ਼ਟ, ਗਿਣੀ ਮਿਥੀ ਭਾਸ਼ਾ ਵਿੱਚ ਮੈਨੂੰ ਨਹੀਂ ਦਿਤੀ ਫਿਰ ਵੀ ਇਹ ਮੇਰੇ ਆਲੇ ਦੁਆਲੇ ਮੰਡਲਾਉਂਦੀ ਸੀ। ਮੈਨੂੰ ਕਿਸੇ ਨੇ ਸਿਖਾਇਆ ਨਹੀਂ, ਫਿਰ ਵੀ ਮੈਂ ਸਮਝ ਗਈ ਸਾਂ, ਕਿ ਆਪਣੇ ਘਰ ਵੱਡਾ ਕਾਲਾ ਆਦਮੀ ਸੀ™ ਲੈ ਆਉਣਾ ਸਭ ਤੋਂ ਭੈੜੀ ਚੀਜ਼ (ਹਾਂ, ਚੀਜ਼) ਸੀ। ਸਿੱਖਣ ਦੀ ਬਜਾਏ ਮੈਂ ਸਮਝ ਲਿਆ ਕਿ, ਮੈਨੂੰ ਆਪਣੀ ਸੰਸਕ੍ਰਿਤੀ ‘ਤੇ ਮਾਣ ਹੋਣਾ ਚਾਹੀਦਾ ਹੈ, ਜੋ ਧ੍ਰੋਹੀ ਕਾਲੇ ਪਾਣੀ ਅਤੇ ਬੇਰਹਿਮੀ ਭਰੀ ਵਗਾਰ ਨੂੰ ਪਾਰ ਕਰਕੇ ਜਿਸ ਤਰ੍ਹਾਂ ਦੀ ਵੀ ਇਹ ‘ਸਾਂਭੀ ਅਤੇ ਸਲਾਮਤ’ ਮੇਰੇ ਤੱਕ ਅੱਪੜੀ ਸੀ। ਮੈਨੂੰ ਸ਼ੁਕਰਗੁਜ਼ਾਰ ਹੋਣ ਦਾ ਅਹਿਸਾਸ ਕਰਵਾ ਦਿੱਤਾ ਗਿਆ ਸੀ ਕਿ ਮੇਰੀ ਇਕ ਪਛਾਣ ਸੀ ਜਿਸ ਨੂੰ ਮੈਂ ਸਾੜ੍ਹੀ ਵਾਂਗ ਪਹਿਨ ਸਕਦੀ ਸੀ, ਮੰਤਰ ਵਾਂਗ ਪਾਠ ਕਰ ਸਕਦੀ ਸੀ, ਦਾਲ ਵਾਂਗ ਰਿੰਨ੍ਹ ਸਕਦੀ ਸੀ, ਮਸਤਾਨਾ ਬਹਾਰ ਵਾਂਗ ਪੈਨ ਉਠਾ ਸਕਦੀ ਸੀ (ਮਸਤਾਨਾ ਬਹਾਰ ਨਾਂ ਦਾ ਇੱਕ ਟੀਵੀ ਸ਼ੋਅ ਹੈ ਜਿਸ ਵਿੱਚ ਦਰਸ਼ਕਾਂ ਵਿੱਚੋਂ ਕਿਸੇ ਤੋਂ ਜਵਾਬ ਪੁੱਛਿਆ ਜਾਂਦਾ ਹੈ, ਸਹੀ ਜਵਾਬ ਦੇਣ ਉੱਤੇ ਉਹਨਾਂ ਨੂੰ ਤਿੰਨ ਪੈਨਾਂ ਵਿੱਚ ਇੱਕ ਪੈਨ ਉਠਾਉਣ ਦਾ ਮੌਕਾ ਦਿੱਤਾ ਜਾਂਦਾ ਹੈ। ਇੱਕ ਪੈਨ ਨੀਚੇ ਕੁਝ ਵੀ ਨਹੀਂ, ਇੱਕ ਨੀਚੇ ਥੋੜ੍ਹੀ ਜਿਹੀ ਨਕਦ ਰਾਸ਼ੀ ਹੈ ਅਤੇ ਇੱਕ ਨੀਚੇ ਜੈਕਪੌਟ ਹੈ।) ਤੇ ਦੀਵਾਲੀ ਉੱਤੇ ਦੀਵੇ ਬਾਲ਼ ਸਕਦੀ ਸੀ। ਇਸ ਦੇ ਵਿਰੁੱਧ ਉਹ, ਐਫਰੋ-ਕੈਰੇਬੀਅਨ ਸਭਿਆਚਾਰ ਨੂੰ ਟੁੱਕੜੇ ਟੁੱਕੜੇ ਕਰਨਾ ਅਤੇ ਮਿਟਾਉਣਾ, ਨਾ ਸਿਰਫ਼ ਤਰਸ ਕਰਨ ਵਾਲੀ ਗੱਲ ਸੀ, ਬਲਕਿ ਡਰ ਅਤੇ ਨਿਖੇਧੀ ਦੀ ਵੀ ਹੱਕਦਾਰ ਸੀ। ਇਹ ਮੇਰੀ ਇੱਕ ਭਾਰਤੀ ਔਰਤ ਹੁੰਦੇ ਹੋਏ ਜ਼ਿੰਮੇਵਾਰੀ ਸੀ ਕਿ ਉਹ ਮੇਰੀ ਭਾਰਤੀਅਤ ਦੇ ਭਰੇ ਹੋਏ ਪਿੱਤਲ ਦੇ ਲੋਟੇ ਨੂੰ ਅਗਲੀਆਂ ਪੀੜ੍ਹੀਆਂ ਤੱਕ, ਜਿਨ੍ਹਾਂ ਨੇ ਆਦਰਸ਼ਕ ਤੌਰ ‘ਤੇ ਇਕ ਭਾਰਤੀ ਪਤੀ ਦੇ ਦਖ਼ਲ ਰਾਹੀਂ ਮੇਰੇ ਕੁੱਲ੍ਹਿਆਂ ਵਿੱਚੋਂ ਜਨਮ ਲਿਆ ਸੀ, ਅੱਗੇ ਲੈ ਕੇ ਜਾਵਾਂ। ਅਜਿਹਾ ਨਾ ਕਰਨਾ ਗੱਦਾਰੀ ਹੋਵੇਗਾ। ਇਹ, ਬੇਸ਼ਕ, ਮੈਨੂੰ ਇਕ ਕਿਸਮ ਦੀ ਗੱਦਾਰ ਬਣਾਉਂਦੀ ਹੈ।

ਮੈਂ ਇਹ ਸਿੱਖਣਾ ਸੀ ਕਿ ਜੋ ਕੁਝ ਐਫਰੋ-ਕੈਰੇਬੀਅਨਪੁਣੇ ਦੇ ਟੁੱਟਣ ਅਤੇ ਮਿਟਣ ਜਿਹਾ ਲੱਗ ਰਿਹਾ ਸੀ — ਉਹ ਚੀਜ਼ਾਂ ਜਿਨ੍ਹਾਂ ਨੂੰ ਮੈਂ ਆਪਣੀ ਭਾਰਤੀ ਨਿਸ਼ਚਤਤਾ ਦੇ ਮੁਕਾਬਲੇ ਸੰਤੁਲਿਤ ਰੱਖਣਾ ਸੀ— ਅਸਲ ਵਿੱਚ, ਬਸਤੀਵਾਦੀ ਪਾਠ-ਪੁਸਤਕਾਂ ਦਾ, ਸਾਮਰਾਜ ਦੇ ਬਿਰਤਾਂਤਾਂ ਦਾ ਮਿਥਿਹਾਸ ਸੀ: ਆਪਣੀ ਸੱਤਾ ਅਤੇ ਉਦੇਸ਼ ਦੀ ਸੇਵਾ ਲਈ ਸੱਚ ਦਾ ਗਲਾ ਘੁੱਟਣਾ। ਇੰਡੋ-ਕੈਰੇਬੀਅਨ ਨਸਲਵਾਦ ਪ੍ਰਤੀ ਆਪਣੀ ਨਾਖੁਸ਼ੀ ਜ਼ਾਹਰ ਕਰਨ ਵੇਲੇ ਤੱਕ, ਮੇਰੇ ਕੋਲ ਇਹ ਸੋਚਣ ਦਾ ਬਹੁਤ ਸਮਾਂ ਸੀ ਕਿ ਕਿਵੇਂ ਇਸ ਨੇ ਮੈਨੂੰ ਉਚੇਚੇ ਲਾਭ ਪਹੁੰਚਾਇਆ ਸੀ: ਮੈਨੂੰ ਇਸਦੀ ਸੱਤਾ ਅਤੇ ਪ੍ਰਭਾਵ ਦੀ ਛਤਰਛਾਇਆ ਹੇਠ ਹੋਣ ਦਾ ਫਾਇਦਾ ਕਿਵੇਂ ਹੋਇਆ ਸੀ, ਹਾਲਾਂਕਿ ਮੈਂ ਇਸਦੀ ਸੁਨਹਿਰੀ ਲੌਣ ਦੇ ਟਾਂਕੇ ਉਧੇੜਨ ਲਈ ਯਤਨ ਕਰਦੀ ਪਰ ਅਕਸਰ ਨਾਕਾਮ ਰਹਿੰਦੀ।

ਮੈਂ ਜਾਰਜ ਫਲਾਇਡ ਬਾਰੇ ਸੋਚਦੀ ਹਾਂ, ਅਤੇ ਮੈਂ ਉਨ੍ਹਾਂ ਸਾਰੇ ਮੌਕਿਆਂ ਬਾਰੇ ਸੋਚਦੀ ਹਾਂ ਜਦੋਂ ਵੀ ਮੈਂ ਆਪਣੀ ਜਬਾਨ ਨੂੰ ਉਸ ਸਮੇਂ ਬੋਲਣੋਂ ਵਰਜਿਆ ਜਦ ਮੇਰੇ ਅੰਕਲਾਂ ਨੇ ਕਾਲਿਆਂ ਦੀ ਕਰੂਪਤਾ, ਉਨ੍ਹਾਂ ਦੇ ਆਲਸ, ਉਨ੍ਹਾਂ ਦੀ ਨਲਾਇਕੀ, ਉਨ੍ਹਾਂ ਦੇ ਵਹਿਸ਼ੀਪੁਣੇ ਬਾਰੇ ਭੜਾਸ ਕੱਢੀ ਹੈ। ਮੈਂ ਰੂਟ ਟੈਕਸੀਆਂ ਦੇ ਪਿੱਛੇ ਬੈਠਿਆਂ ਆਪਣੀ ਚੁੱਪੀ ਬਾਰੇ ਸੋਚਦੀ ਹਾਂ, ਜਦੋਂ ਭਾਰਤੀ ਲੋਕ ਮੈਨੂੰ ਹਮਦਰਦ ਲਹਿਜੇ ਵਿੱਚ – ਉਨ੍ਹਾਂ ਥਾਵਾਂ ਬਾਰੇ ਜਿਥੇ ਮੈਨੂੰ ਨਹੀਂ ਜਾਣਾ ਚਾਹੀਦਾ, ਕਾਲੇ ਆਦਮੀਆਂ ਬਾਰੇ ਜਿਨ੍ਹਾਂ ਨੂੰ ਮੈਨੂੰ ਮੂੰਹ ਨਹੀਂ ਲਾਉਣਾ ਚਾਹੀਦਾ, ਉਸ ਕਾਲੇਪਣ ਬਾਰੇ, ਜਿਸਦੀ ਸੰਗੀਤ, ਹੇਅਰ ਸਟਾਈਲ, ਜਾਂ ਹੋਰ ਗੱਲਾਂ ਬਾਰੇ ਜਿਹਨਾਂ ਨਾਲ ਮੈਨੂੰ ਕਦੇ ਚਾਹਤ ਨਹੀਂ ਕਰਨੀ ਚਾਹੀਦੀ – ਸਲਾਹਾਂ ਦਿੰਦੇ ਸੀ। ਮੈਂ ਜਾਣਦੀ ਹੁੰਦੀ ਸੀ ਕਿ ਇਹ ਸਭ ਅਤਿਅੰਤ ਗ਼ਲਤ ਅਤੇ ਘ੍ਰਿਣਾਯੋਗ ਸੀ। ਮੈਂ ਹਾਂ ਵਿੱਚ ਹੁੰਗਾਰਾ ਭਰ ਦਿੱਤਾ। ਅਤੇ ਬਹੁਤ ਵਾਰ, ਮੈਂ ਚੁੱਪ ਰਹੀ।

ਭੂਰੇ ਰੰਗ ਦੀ ਇੱਕ ਚੰਗੀ ਕੁੜੀ ਦੀ ਤਰ੍ਹਾਂ ਮੇਰੇ ਹੱਥ ਮੇਰੀ ਗੋਦੀ ਵਿੱਚ ਜੁੜੇ ਹੋਏ ਹੁੰਦੇ ਤੇ ਮੈਂ ਅੰਦਰੂਨੀ ਤੌਰ ‘ਤੇ ਆਪਣੇ ਆਪ ਨੂੰ ਕਹਿੰਦੀ ਕਿ ਮੈਂ ਆਪਣਾ ਬਚਾ ਕਰ ਰਹੀ ਹਾਂ। ਮੈਂ ਉਸ ਚੀਜ਼ ਤੋਂ ਆਪਣੀ ਰੱਖਿਆ ਕਰ ਰਹੀ ਹਾਂ ਜਿਸਦਾ ਮੈਨੂੰ ਇਨ੍ਹਾਂ ਵਾਕਫ਼ ਅਤੇ ਨਾਵਾਕਫ਼ ਭਾਰਤੀ ਆਦਮੀਆਂ ਤੋਂ ਡਰ ਲੱਗਦਾ ਹੈ। ਇੱਦਾਂ ਹੀ ਸੀ। ਮੈਂ ਇਹੀ ਕੀਤਾ। ਫੁੱਟਪਾਥ ‘ਤੇ ਜਾਰਜ ਫਲਾਇਡ ਨੂੰ ਚੀਖ਼ਦੇ ਹੋਏ, ਗੋਡੇ ਟੇਕਦਿਆਂ, ਮੌਤ ਦਾ ਵਿਰਲਾਪ ਕਰਦਾ ਵੇਖ ਕਿ ਕੀ ਮੈਂ ਇਸ ਤਰ੍ਹਾਂ ਹੀ ਵਿਵਹਾਰ ਕਰਨਾ ਸੀ? ਤਸਵੀਰ ਦੇ ਚੌਖਟ ਨੂੰ ਯੂਐਸਏ ਤੋਂ ਪੋਰਟ ਆਫ ਸਪੇਨ ਵਿੱਚ ਲੈ ਜਾਓ: ਕੀ ਮੈਂ ਅਜਿਹਾ ਵਰਤਾਓ ਕਰਦੀ ਜੇ ਇੱਕ ਬੈਂਕ ਦੇ ਬਾਹਰ ਕਿਸੇ ਕਾਲੀ ਔਰਤ ‘ਤੇ ਕਿਸੇ ਭਾਰਤੀ ਸੁਰੱਖਿਆ ਗਾਰਡ ਨੇ ਹਮਲਾ ਕੀਤਾ ਹੁੰਦਾ? ਮੈਨੂੰ ਜਵਾਬ ਨਹੀਂ ਪਤਾ।

ਮੈਂ ਆਪਣੇ ਅਤੀਤ ਦੇ ਦਰਦ ਨੂੰ ਜਾਣਦੀ ਹਾਂ, ਅਤੇ ਮੈਂ ਆਪਣੇ ਬੀਤੇ ਦੇ ਵਿਵਹਾਰ ਨੂੰ ਜਾਣਦੀ ਹਾਂ। ਮੈਂ ਇਹ ਵੀ ਜਾਣਦੀ ਹਾਂ ਕਿ ਪਿਛਲੇ ਸਮੇਂ ਵਿੱਚ ਮੈਂ ਇੱਥੇ ਤ੍ਰਿਨੀਦਾਦ ਅਤੇ ਟੋਬੈਗੋ ਵਿੱਚ ਸੰਰਚਨਾਤਮਕ ਅਤੇ ਪ੍ਰਣਾਲੀਗਤ ਨਸਲਵਾਦ ਅਤੇ ਸ਼੍ਰੇਣੀਵਾਦ ਪ੍ਰਤੀ ਇੰਡੋ-ਕੈਰੇਬੀਅਨ ਅਤੇ ਅਫਰੋ-ਕੈਰੇਬੀਅਨ ਪ੍ਰਤੀਕਰਮਾਂ ਨੂੰ ਰਲਗੱਡ ਕੀਤਾ ਹੈ, ਜਿਵੇਂ ਕਿ ਇਹ ਇੱਕੋ ਚੀਜ ਹੋਣ। ਇਹ ਇੱਕੋ ਨਹੀਂ ਹਨ। ਮੈਂ ਇਸ ਗਿਆਨ ਦਾ ਕੀ ਕੀਤਾ? ਮੈਂ ਇਸ ਨੂੰ ਆਪਣੇ ਛੋਟੇ ਸਵੈ ਤੱਕ ਸੰਚਾਰਿਤ ਕੀਤਾ, ਜੋ ਉਸ ਸਮੇਂ ਥੋੜ੍ਹਾ ਬਿਹਤਰ ਜਾਣਦਾ ਸੀ, ਅਤੇ ਮੈਂ ਉਸ ਨੂੰ ਉਹੀ ਗ਼ਲਤੀਆਂ ਨਾ ਕਰਨ ਲਈ, ਆਪਣੇ ਰਿਸ਼ਤੇ ਬਣਾਉਣ ਦੀ ਸਹੀ, ਲਾਭਦਾਇਕ ਕਦਰ ਬਾਰੇ ਵਿਚਾਰ ਕਰਨ ਲਈ, ਇਸ ਨੂੰ ਪ੍ਰਦਰਸ਼ਨਕਾਰੀ ਤਮਾਸ਼ੇ ਤੋਂ ਅਲੱਗ ਕਰਨ ਲਈ, ਬਿਹਤਰ ਸੁਣਨ ਲਈ ਕਿਹਾ।

ਕੋਈ ਅਕਾਦਮਿਕ ਮੈਨੂੰ ਝਾੜ ਪਾਉਣ ਲਈ ਮੇਰੇ ਨਿੱਜੀ ਸੰਦੇਸ਼ਾਂ ਵਿਚ ਜਾ ਵੜੇਗਾ ਤੇ ਕਹੇਗਾ ਕਿ ਸਾਡੇ ਦੇਸ਼ ਦੇ ਇਤਿਹਾਸ ਵਿੱਚ ਭਾਰਤੀਆਂ ਉੱਤੇ ਬਹੁਤ ਜ਼ੁਲਮ ਹੁੰਦਾ ਆਇਆ ਹੈ; ਸਾਡੇ ਧਰਮਾਂ ਕਾਰਨ, ਸਾਡੇ ਖੇਤੀ ਜੁੜੇ ਦਿਹਾਤੀ ਪਿਛੋਕੜ ਕਾਰਨ, “ਕਾਲਿਆਂ” ਦੀਆਂ ਨਜ਼ਰਾਂ ਵਿਚ ਸਾਡੀ ਕਮਜ਼ੋਰੀ ਕਾਰਨ, ਸਾਡੇ ਖਾਣ ਪੀਣ ਕਾਰਨ। ਸਾਡੇ ਭੋਜਨ ਦੇ ਲੋਕਪ੍ਰਿਯ ਹੋਣ ਤੋਂ ਪਹਿਲਾਂ ਇਹਨਾਂ ਖੁੱਲ੍ਹੇ ਤੌਰ ‘ਤੇ “ਅਧਿਕਾਰਤ” ਸੈਟਿੰਗਾਂ ਵਿੱਚ ਭੰਡਿਆ ਜਾਂਦਾ ਸੀ, ਇਹ ਕੰਟਰੀ ਕਲੱਬ ਦੀਆਂ ਪੌੜੀਆਂ ਉੱਤੇ ਚੀਨੀ ਮਿੱਟੀ ਦੀ ਪਲੇਟ ਵਿੱਚ ਛੋਟੀ ਗੋਟ ਰੋਟੀ (ਬੱਕਰੇ ਦੀ ਕੜ੍ਹੀ ਅਤੇ ਦਾਲ ਜਾਂ ਆਲੂ ਕੜ੍ਹੀ ਦਾ ਬਣਿਆ ਇੱਕ ਘੋਗਾ) ਦੇ ਨਿੱਕੇ ਆਕਾਰ ਕਰਕੇ ਉਸਨੂੰ ਸੋਹਣਾ ਮੰਨੇ ਜਾਣ ਤੋਂ ਬਹੁਤ ਪਹਿਲਾਂ ਦੀ ਗੱਲ ਹੈ। ਮੇਰੇ ਉੱਤੇ ਇਲਜ਼ਾਮ ਲਗਾਇਆ ਜਾਵੇਗਾ ਕਿ ਉਹ ਮੈਨੂੰ ਆਪਣੇ ਇਤਿਹਾਸ ਦਾ ਗਿਆਨ ਨਹੀਂ। ਮੈਂ ਇਹ ਜਾਣਦੀ ਹਾਂ, ਅਤੇ ਮੈਂ ਜਾਣਦੀ ਹਾਂ ਕਿ ਇਹ ਕੋਈ ਬਹਾਨਾ ਨਹੀਂ ਬਣਦਾ।

ਸਾਮਰਾਜ ਦੀ ਉਸ ਬਹੁਤ ਲੰਮੀ ਬਾਂਹ ਨੂੰ ਪਛਾਣਨ ਲਈ ਮੇਰੇ ਅੰਦਰ ਲੋੜੀਂਦੀ ਸੋਚ ਹੈ, ਜਿਹੜੀ ਬਾਂਹ ਕੈਰੇਬੀਅਨ ਦੀਆਂ ਸਾਬਕਾ ਕਾਲੋਨੀਆਂ ਵਿੱਚ ਸਾਡੇ ਸਾਰਿਆਂ ਉੱਤੇ, ਗੈਰ-ਗੋਰੇ ਸਾਰੇ ਲੋਕਾਂ ਦੁਆਲੇ ਵਲੀ ਹੋਈ ਹੈ। ਕਿਸ ਤਰ੍ਹਾਂ ਇਸ ਨੇ ਸਾਨੂੰ ਸੰਗਲ ਮਾਰੇ ਹਨ ਅਤੇ ਵਗਾਰ ਦੇ ਕੈਦੀ ਬਣਾਇਆ ਹੈ, ਅਤੇ ਹੋਰ ਵੱਖੋ ਵੱਖ ਤਕਨੀਕਾਂ ਦੀ, ਸਾਡੀ ਚਮੜੀ ਉੱਤੇ, ਸਾਡੇ ਘਰਾਂ ਅਤੇ ਦਿਲਾਂ ਦੇ ਅੰਦਰ ਅਤੇ ਸਾਡੀਆਂ ਬਲੀ-ਵੇਦੀਆਂ ਦੇ ਉੱਪਰ, ਖੇਤਾਂ ਵਿੱਚ ਸਾਡੇ ਹੱਥਾਂ ‘ਚ ਫੜ੍ਹੇ ਸੰਦਾਂ, ਪੂਜਾ-ਸਥਾਨਾਂ , ਬੈੱਡਰੂਮਾਂ ਅਤੇ ਜਿੱਤ ਦੀਆਂ ਕਬਰਾਂ ਵਿੱਚ ਵਰਤੋਂ ਕੀਤੀ ਹੈ।

ਇਸ ਸਭ ਕਾਰਨ ਮੈਂ ਬੇਕਸੂਰ ਨਹੀਂ ਹੋ ਜਾਂਦੀ। ਇਸ ਸਭ ਨਾਲ ਮੈਂ ਅਮਰੀਕੀ, ਜਾਂ ਅਮਰੀਕਾ ਵਿੱਚ ਕਾਲੀ ਨਹੀਂ ਬਣ ਜਾਂਦੀ। ਇਸ ਨਾਲ ਮੈਨੂੰ ਜਾਰਜ ਦੀ ਪੀੜ ਦਾ, ਉਸਦੀਆਂ ਨਿੱਤ ਦੀਆਂ ਖੁਸ਼ੀਆਂ, ਸੰਘਰਸ਼, ਉਸਦੀ ਮੌਤ ਦੇ ਪਲਾਂ ਵਿੱਚ, ਕਿੰਨੇ ਹੀ ਮਿੰਟਾਂ ਵਿੱਚ ਪਸਰੀ ਮੌਤ ਦੇ ਪਲਾਂ ਵਿੱਚ ਉਸਦੀ ਦਹਿਸ਼ਤ ਦਾ ਅਹਿਸਾਸ ਨਹੀਂ ਕਰਵਾਉਂਦਾ।

ਮੈਂ ਸਿੱਖਦੀ ਹਾਂ, ਸਿੱਖਣ ਵਿਚ ਨਾਕਾਮ ਰਹਿੰਦੀ ਹਾਂ, ਕਾਲੇ ਨਾਗਰਿਕਾਂ ਵਿਰੁੱਧ ਪੁਲਿਸ ਦੀ ਬੇਰਹਿਮੀ, ਹਿੰਸਕ ਅਤੇ ਗਿਣੇ ਮਿਥੇ ਨਸਲਵਾਦ, ਅਤੇ ਨਸਲਵਾਦੀ ਪੁਲਿਸ ਉਦਯੋਗਿਕ ਰਾਜ ਦੀ ਭਿਆਨਕਤਾ ਨੂੰ ਬਿਹਤਰ ਢੰਗ ਨਾਲ ਵੇਖਣ ਵਿੱਚ ਹਰ ਵਾਰ ਨਾਕਾਮ ਰਹਿੰਦੀ ਹਾਂ, ਮੈਂ ਆਪਣੇ ਆਪ ਨੂੰ ਸੁਣਨ ਲਈ ਪ੍ਰਤੀਬੱਧ ਕਰਦੀ ਹਾਂ। ਕਾਲੀਆਂ ਔਰਤਾਂ, ਗੈਰ-ਬਾਈਨਰੀ, ਮਰਦ ਲੇਖਕਾਂ, ਅੰਦੋਲਨਕਾਰੀਆਂ, ਚਿੰਤਕਾਂ ਦੇ ਪੈਰਾਂ ਵਿੱਚ ਬੈਠਣ ਅਤੇ ਸੁਣਨ ਲਈ ਪ੍ਰਤੀਬੱਧ ਕਰਦੀ ਹਾਂ।

ਮੈਂ, ਕੋਈ ਨਾਟਕੀ ਪਿਸ਼ਾਚ-ਸਾਥੀ ਬਣੇ ਬਗੈਰ, ਔਡਰੇ ਲਾਰਡੇ ਦੀ, ਜੇਮਜ਼ ਬਾਲਡਵਿਨ ਦੀ, ਪੌਲੇ ਮਾਰਸ਼ਲ ਦੀ, ਮੈਲਕਮ ਐਕਸ ਦੀ, ਮਿਸ਼ੇਲ ਅਲੈਗਜ਼ੈਂਡਰ ਦੀ, ਰੇਨੀ ਐੱਡੋ-ਲਾਜ ਦੀ, ਜ਼ੋਰਾ ਨੀਲੇ ਹਰਸਟਨ ਦੀ, ਮਾਰਲੋਨ ਜੇਮਜ਼ ਦੀ ਠਾਠਾਂ ਮਾਰਦੀ ਨਦੀ ਵਿੱਚੋਂ ਪੀਣ ਲਈ ਆਪਣੇ ਆਪ ਨੂੰ ਪ੍ਰਤੀਬੱਧ ਕਰਦੀ ਹਾਂ।

ਨਹੀਂ, ਮੇਰੇ ਲਈ ਕੋਈ ਆਪਰੇਟਿਕ ਅਤੇ ਧੂਤੂ ਸਹਿਯੋਗੀ ਨਹੀਂ, ਮੈਂ ਆਪਣੇ ਲਈ ਮਿੰਨਤ ਕਰਦੀ ਹਾਂ।

ਕੋਈ ਨਾਲ ਰਲਾਉਣ ਨਹੀਂ ਜਾਂ ਬੋਲਣਾ ਨਹੀਂ, ਨਿੱਜੀ ਖੂਨ ਬਹਾਏ ਬਿਨਾਂ ਕੋਈ ਖੂਨ-ਸਲਾਮਾਂ ਨਹੀਂ।

ਮੈਂ ਜਾਣਦੀ ਹਾਂ ਕਿ ਮੈਂ ਇਸ ਨੂੰ ਕਦੇ ਵੀ ਸੌ ਪ੍ਰਤੀਸ਼ਤ ਸਹੀ ਨਹੀਂ ਹੋ ਸਕਾਂਗੀ, ਪਰ ਜੇ ਮੈਂ ਪਿਆਰ ਨਾਲ ਆਪਣੇ ਆਪ ਨੂੰ ਨਾਕਾਮੀ ਦੇ ਉਪਰ ਉਠੇ ਝੰਡੇ ਵੱਲ ਨਹੀਂ ਜੋੜ ਸਕਦੀ, ਜੇ ਮੈਂ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ, ਤਾਂ ਮੈਂ ਕਿਸੇ ਕਿਸਮ ਦੀ ਵੀ ਝੰਡਾ-ਬਰਦਾਰ ਬਣਨ ਦੀ ਹੱਕਦਾਰ ਨਹੀਂ ਹਾਂ।

ਮੇਰੀ ਰਾਜਨੀਤੀ, ਮੇਰੀ ਆਵਾਜ਼ ਆਪਣੀ ਕੰਡਿਆਲੀ ਅਤੇ ਨੁਕੀਲੀ ਜਟਿਲਤਾ ਵਿੱਚ ਵੀ ਚੁੱਪ ਨਹੀਂ ਰਹਿ ਸਕਦੀ। ਇਸ ਨੂੰ ਬੁਲੰਦ ਆਵਾਜ਼ ਵਿੱਚ ਪਰਗਟ ਕਰਨ ਲਈ ਮੈਂ ਆਪਣਾ ਆਪ ਬਣਾਇਆ ਝੰਡਾ ਫੜ੍ਹ ਰਹੀ ਹਾਂ।

ਇਸ ਨੂੰ ਜਾਰਜ ਲਈ, ਟ੍ਰਾਈਵੋਨ ਲਈ, ਤਮੀਰ ਲਈ, ਸੈਂਡਰਾ ਲਈ, ਟੋਨੀ ਲਈ, ਕਾਲੇ ਅਮਰੀਕਨਾਂ ਲਈ ਚੁੱਕ ਕੇ ਮੇਰੀ ਆਪਣੀ ਅੱਧੀ-ਪੌਣੀ ਭੂਰੀ ਇੰਡੋ-ਕੈਰੇਬੀਅਨ ਇੱਕਮੁੱਠਤਾ ਪੇਸ਼ ਕਰ ਰਹੀ ਹਾਂ। ਇਸ ਉਮੀਦ ਵਿੱਚ ਕਰ ਰਹੀ ਹਾਂ ਕਿ ਮੇਰੇ ਹੱਥ, ਜੋ ਭਾਵੇਂ ਬੇਕਸੂਰ ਨਹੀਂ ਹਨ, ਇਸ ਕਾਰਜ ਵਿਚ ਬਿਹਤਰ ਅਤੇ ਵਧੇਰੇ ਨਿਰਮਲ ਦਾਤਾਰ ਬਣ ਜਾਣਗੇ।

ਕਾਸ਼ ਮੈਂ ਆਪਣਾ ਰਿਣ ਉਤਾਰਨ ਲਈ ਖ਼ੂਨ ਦੇਣਾ ਸਿੱਖ ਸਕਾਂ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.