- Global Voices ਪੰਜਾਬੀ ਵਿੱਚ - https://pa.globalvoices.org -

ਕੌਮਾਂਤਰੀ ਹੋਲੋਕਾਸਟ ਯਾਦਗਾਰ ਦਿਹਾੜਾ: ਆਉਸ਼ਵਿਤਸ ਦੇ ਚਿੱਤਰ

ਸ਼੍ਰੇਣੀਆਂ: ਪੱਛਮੀ ਯੂਰਪ, ਪੂਰਬੀ ਅਤੇ ਕੇਂਦਰੀ ਯੂਰਪ, ਅਲਬਾਨੀਆ, ਐਸਟੋਨੀਆ, ਇਟਲੀ, ਸਰਬੀਆ, ਸਲੋਵਾਕੀਆ, ਸਲੋਵੀਨੀਆ, ਹੰਗਰੀ, ਕੋਸੋਵੋ, ਕ੍ਰੋਏਸ਼ੀਆ, ਚੈੱਕ ਗਣਰਾਜ, ਜਰਮਨੀ, ਪੋਲੈਂਡ, ਬੁਲਗੇਰੀਆ, ਬੇਲਾਰੂਸ, ਬੋਸਨੀਆ ਅਤੇ ਹਰਜ਼ੇਗੋਵੀਨਾ, ਮਕਦੂਨੀਆ, ਮੋਂਟੇਨੇਗਰੋ, ਮੋਲਦੋਵਾ, ਯੂਕਰੇਨ, ਰੂਸ, ਰੋਮਾਨੀਆ, ਲਾਤਵੀਆ, ਲਿਥੁਆਨੀਆ, ਇਤਿਹਾਸ, ਜੰਗ ਅਤੇ ਕਸ਼ਮਕਸ਼, ਨਾਗਰਿਕ ਮੀਡੀਆ, ਮਨੁੱਖੀ ਹੱਕ, ਵਿਚਾਰ
[1]

ਯੁਗੋਸਲਾਵ ਮੰਡਿਸ਼ ਪਰਿਵਾਰ ਦੇ ਮੈਂਬਰ (ਓਲੇਗ, ਉਸ ਸਮੇਂ 11 ਸਾਲ ਦੀ ਉਮਰ, ਉਸਦੀ ਮਾਂ ਨੇਵੰਕਾ ਅਤੇ ਨਾਨੀ ਓਲਗਾ) 27 ਜਨਵਰੀ, 1945 ਨੂੰ ਕੈਂਪ ਦੀ ਮੁਕਤੀ ਤੋਂ ਬਾਅਦ ਆਉਸ਼ਵਿਤਸ ਵਿੱਚ ਸੋਵੀਅਤ ਫੌਜੀਆਂ ਨਾਲ। ਸਰੋਤ: znaci.net, ਪਬਲਿਕ ਡੋਮੇਨ।

ਇਹ ਕਹਾਣੀ ਅਸਲ ਵਿੱਚ ਮੈਟਾਮੋਰਫੋਸਿਸ ਫਾਉਂਡੇਸ਼ਨ ਦੇ ਇੱਕ ਪ੍ਰੋਜੈਕਟ ਮੈਟਾ.ਐਮਕੇ ਨਿਊਜ਼ ਏਜੰਸੀ [2] ਵਿੱਚ ਪ੍ਰਕਾਸ਼ਿਤ ਹੋਈ ਸੀ। ਉਸ ਦਾ ਇੱਕ ਸੰਪਾਦਿਤ ਸੰਸਕਰਣ ਹੇਠਾਂ ਸਮਗਰੀ ਸਾਂਝ ਸਮਝੌਤੇ ਦੇ ਹਿੱਸੇ ਵਜੋਂ ਪ੍ਰਕਾਸ਼ਤ ਕੀਤਾ ਗਿਆ ਹੈ।

ਸੰਯੁਕਤ ਰਾਸ਼ਟਰ ਨੇ 27 ਜਨਵਰੀ ਨੂੰ, ਨਾਜ਼ੀ ਰਾਜ ਅਤੇ ਉਸ ਦੇ ਸਹਿਯੋਗੀਆਂ ਦੁਆਰਾ ਦੂਸਰੇ ਵਿਸ਼ਵ ਯੁੱਧ ਦੌਰਾਨ ਮੌਤ ਦੇ ਘਾਟ ਉਤਾਰੇ ਗਏ 60 ਲੋਕ ਯਹੂਦੀਆਂ ਅਤੇ 1.10 ਲਖ ਹੋਰਾਂ ਦੀ ਯਾਦ ਵਿੱਚ ਕੌਮਾਂਤਰੀ ਹੋਲੋਕਾਸਟ ਯਾਦਗਾਰੀ ਦਿਨ ਘੋਸ਼ਿਤ ਕੀਤਾ ਹੈ। ਇਸ ਤਾਰੀਖ ਨੂੰ 1945 ਵਿੱਚ, ਆਉਸ਼ਵਿਤਸ-ਬਰਕਨੌ, ਸਭ ਤੋਂ ਵੱਡਾ ਨਾਜ਼ੀ ਤਸੀਹਾ ਕੈਂਪ, ਲਾਲ ਸੈਨਾ ਦੁਆਰਾ ਆਜ਼ਾਦ ਕਰਵਾਇਆ ਗਿਆ ਸੀ।

ਆਉਸ਼ਵਿਤਸ [3] ਓਜੀਵਿਕਮ ਕਸਬੇ ਦੇ ਨੇੜੇ, ਮਕਬੂਜ਼ਾ ਦੱਖਣੀ ਪੋਲੈਂਡ ਵਿੱਚ ਨਾਜ਼ੀ ਜਰਮਨੀ ਦੁਆਰਾ ਚਲਾਏ 40 ਤੋਂ ਵੱਧ ਤਸੀਹਾ ਅਤੇ ਸਮੂਹਿਕ ਕਤਲਾਮ ਕੈਂਪਾਂ ਦਾ ਇੱਕ ਕੰਪਲੈਕਸ ਸੀ। ਮਈ 1940 ਵਿੱਚ ਆਉਸ਼ਵਿਤਸ ਦੇ ਉਦਘਾਟਨ ਤੋਂ ਬਾਅਦ ਇਸ ਵਿੱਚ ਭੇਜੇ ਗਏ 13 ਲੱਖ ਲੋਕਾਂ ਵਿੱਚੋਂ 11 ਲੱਖ ਜ਼ਹਿਰੀਲੀ ਗੈਸ, ਭੁੱਖਮਰੀ, ਥਕਾਵਟ, ਬਿਮਾਰੀ, ਵਿਅਕਤੀਗਤ ਫਾਂਸੀ ਜਾਂ ਕੁੱਟਮਾਰ ਅਤੇ ਡਾਕਟਰੀ ਪ੍ਰਯੋਗਾਂ ਦੇ ਨਤੀਜੇ ਵਜੋਂ ਕਤਲ ਕੀਤੇ ਗਏ ਸਨ।

ਇਸ ਮੌਤ ਕੈਂਪ ਵਿੱਚ ਹੀ, 960,000 ਯਹੂਦੀ, 74,000 ਗੈਰ-ਯਹੂਦੀ ਪੋਲੈਂਡ ਵਾਸੀ, 21,000 ਰੋਮਾ, 15,000 ਸੋਵੀਅਤ ਜੰਗੀ ਕੈਦੀ ਅਤੇ 15,000 ਹੋਰ ਯੂਰਪੀਅਨ ਕਤਲ ਕੀਤੇ ਗਏ ਸਨ।

ਜ਼ਿਆਦਾਤਰ ਕੈਦੀਆਂ ਨੂੰ ਫਰਸ਼ ਉੱਤੇ ਘਾਹ ਫੂਸ ਵਾਲੀਆਂ ਪਸ਼ੂਆਂ ਦੀਆਂ ਵੈਗਨਾਂ ਵਿੱਚ, ਵਿਸ਼ੇਸ਼ ਰੇਲਵੇ ਟ੍ਰਾਂਸਪੋਰਟ ਰਾਹੀਂ ਆਉਸ਼ਵਿਤਸ ਲਿਆਂਦਾ ਗਿਆ ਸੀ।

ਹੇਠਾਂ ਦਿੱਤੀਆਂ ਫੋਟੋਆਂ ਸਾਬਕਾ ਯੂਗੋਸਲਾਵੀਆ ਦੇ ਕਈ ਅਜਾਇਬ ਘਰਾਂ ਵਿੱਚੋਂ ਹਨ ਅਤੇ ਔਨਲਾਈਨ ਪੁਰਾਲੇਖ Znaci.net [4] ਦੁਆਰਾ ਡਿਜੀਟਾਈਜ਼ ਕੀਤੀਆਂ ਗਈਆਂ ਸਨ।

[5]

ਕੈਦੀਆਂ ਨੂੰ ਪਹਿਲਾਂ ਡੰਗਰ ਧੋਣ ਵਾਲੀਆਂ ਰੇਲਵੇ ਵੈਗਨਾਂ ਰਾਹੀਂ ਨਾਜ਼ੀ ਮੌਤ ਕੈਂਪਾਂ ਵਿੱਚ ਲਿਜਾਇਆ ਜਾਂਦਾ ਸੀ। ਫੋਟੋ znaci.net ਤੋਂ, ਜਨਤਕ ਡੋਮੇਨ।

[6]

ਨਾਜ਼ੀਆਂ ਵਲੋਂ ਠੋਸਿਆ ਗਿਆ ਡੇਵਿਡ ਦਾ ਸਿਤਾਰਾ ਪਹਿਨੇ ਔਰਤਾਂ ਅਤੇ ਬੱਚੇ, ਆਉਸ਼ਵਿਤਸ ਰੇਲਵੇ ਸਟੇਸ਼ਨ ਤੇ ਖੜੇ ਹਨ। ਫੋਟੋ znaci.net ਤੋਂ, ਜਨਤਕ ਡੋਮੇਨ।

ਆਉਸ਼ਵਿਤਸ ਕੈਂਪ ਕੰਪਲੈਕਸ ਦੇ ਦੁਆਲੇ ਕੰਕ੍ਰੀਟ ਦੇ ਉੱਚੇ ਥੰਮ ਅਤੇ ਉੱਚ ਵੋਲਟੇਜ ਵਾਲੀਆਂ ਤਾਰਾਂ ਲਾਈਆਂ ਗਈਆਂ ਸੀ। ਇਸ ਦੇ ਸੰਚਾਲਨ ਦੌਰਾਨ ਸਿਰਫ 144 ਕੈਦੀ ਇਸ ਕੰਪਲੈਕਸ ਵਿੱਚੋਂ ਬਚ ਕੇ ਨਿਕਲਣ ਵਿੱਚ ਕਾਮਯਾਬ ਹੋਏ ਸਨ।

ਕੈਦੀਆਂ ਦੇ ਵੈਗਾਨਾਂ ਤੋਂ ਬਾਹਰ ਨਿਕਲਣ ਤੋਂ ਬਾਅਦ, ਨਾਜ਼ੀ ਕੈਂਪ ਦੇ ਗਾਰਡ ਉਨ੍ਹਾਂ ਨੂੰ ਜੈਂਡਰ ਅਨੁਸਾਰ ਅਲੱਗ-ਅਲੱਗ ਕਰ ਦਿੰਦੇ, ਬੱਚਿਆਂ ਨੂੰ ਔਰਤਾਂ ਨਾਲ ਰੱਖਦੇ ਸਨ।

[7]

ਕੰਡਿਆਲੀਆਂ ਬਿਜਲੀ ਦੀਆਂ ਤਾਰਾਂ ਦੀ ਵਾੜ ਅਤੇ ਆਉਸ਼ਵਿਤਸ ਤਸੀਹਾ ਕੈਂਪ ਦੇ ਕੰਕਰੀਟ ਦੇ ਥੰਮ੍ਹ ਆਉਸ਼ਵਿਤਸ-ਬਿਰਕਨੌ ਸਟੇਟ ਅਜਾਇਬ ਘਰ ਦੇ ਹਿੱਸੇ ਵਜੋਂ ਸੁਰੱਖਿਅਤ ਕੀਤੇ ਗਏ ਹਨ। ਫੋਟੋ znaci.net ਤੋਂ, ਜਨਤਕ ਡੋਮੇਨ।

ਉਸਤੋਂ ਬਾਅਦ, ਉਹ ਬਿਮਾਰਾਂ ਅਤੇ ਅਪਾਹਜਾਂ ਨੂੰ ਕੰਮ ਕਰਨ ਲਈ ਸਮਰੱਥ ਵਿਅਕਤੀਆਂ ਤੋਂ ਅਲੱਗ ਕਰ ਦਿੰਦੇ ਸਨ। ਪਹਿਲੇ ਸਮੂਹ ਵਿੱਚੋਂ ਬਹੁਤ ਸਾਰਿਆਂ ਨੂੰ ਕੈਂਪ ਦੀਆਂ ਕਿਤਾਬਾਂ ਵਿੱਚ ਸੂਚੀਬੱਧ ਕਰਨ ਤੋਂ ਪਹਿਲਾਂ ਹੀ ਗੈਸ ਚੈਂਬਰਾਂ ਵਿੱਚ ਭੇਜ ਦਿੱਤਾ ਜਾਂਦਾ ਸੀ, ਇਸੇ ਲਈ ਮਾਰੇ ਗਇਆਂ ਦੀ ਕੁੱਲ ਗਿਣਤੀ ਅਤੇ ਉਨ੍ਹਾਂ ਦੀ ਪਛਾਣ ਅਗਿਆਤ ਹੈ।

ਗ਼ੁਲਾਮ ਮਜ਼ਦੂਰੀ ਲਈ ਚੁਣੇ ਗਏ ਕੈਦੀਆਂ ਨਾਲ ਅਮਾਨਵੀ ਸਲੂਕ ਕੀਤਾ ਜਾਂਦਾ ਸੀ, ਜਿਸ ਵਿੱਚ ਸੀਰੀਅਲ ਨੰਬਰ ਟੈਟੂ ਖੋਦ ਕੇ ਲਗਾਉਣਾ, ਸਿਰ ਮੁੰਨਣਾ ਅਤੇ ਉਨ੍ਹਾਂ ਦੇ ਕੱਪੜੇ ਸਣੇ ਉਨ੍ਹਾਂ ਦੀਆਂ ਸਾਰੀਆਂ ਮਾੜੀਆਂ ਮੋਟੀਆਂ ਚੀਜ਼ਾਂ ਜ਼ਬਤ ਕਰਨਾ ਸ਼ਾਮਲ ਸੀ, ਫਿਰ ਉਨ੍ਹਾਂ ਨੂੰ ਧਾਰੀਦਾਰ ਵਰਦੀਆਂ ਪਵਾ ਦਿੱਤੀਆਂ ਜਾਂਦੀਆਂ ਸੀ।

ਕਤਲ ਕੀਤੇ ਗਏ ਲੋਕਾਂ ਦੇ ਸਰੀਰ ਦੇ ਅੰਗ ਵੀ ਵਪਾਰਕ ਤੌਰ ‘ਤੇ ਵਰਤੇ ਜਾਂਦੇ ਸਨ। ਮਨੁੱਖੀ ਵਾਲਾਂ ਦੀ ਵਰਤੋਂ ਫੈਬਰਿਕ ਤਿਆਰ ਕਰਨ ਲਈ ਕੀਤੀ ਜਾਂਦੀ ਸੀ, ਹੱਡੀਆਂ ਅਤੇ ਚਮੜੀ ਨੂੰ ਭਿਆਨਕ ਯਾਦਗਾਰਾਂ ਵਿੱਚ ਬਦਲਿਆ ਜਾਂਦਾ ਸੀ। ਕੈਦੀਆਂ ਦੇ ਸਮੂਹਾਂ ਨੂੰ ਲਾਸ਼ਾਂ ਵਿੱਚ ਛੁਪੇ ਸੁਨਹਿਰੀ ਦੰਦਾਂ ਜਾਂ ਹੋਰ ਚੀਜ਼ਾਂ ਲਈ ਲਾਸ਼ਾਂ ਦੀ ਭਾਲ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ।

ਬਹੁਤ ਜ਼ਿਆਦਾ ਸ਼ੋਸ਼ਣ ਦਾ ਇੱਕ ਹੋਰ ਰੂਪ ਕੈਦੀਆਂ ਨੂੰ ਵੱਡੇ ਤਬਾਹੀ ਦੇ ਹਥਿਆਰਾਂ ਦੀ ਅਤੇ ਨਾਜ਼ੀ ਨਸਲੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਦੇ ਢੰਗਾਂ ਦੀ ਜਾਂਚ ਵਰਗੇ ਘਾਤਕ ਪ੍ਰਯੋਗਾਂ ਵਿੱਚ ਵਰਤਣਾ ਸੀ।

ਮਾਰੇ ਗਏ ਲੋਕਾਂ ਦੀਆਂ ਅਸਥੀਆਂ ਦਾ ਨਿਪਟਾਰਾ ਕਰਨਾ ਨਾਜ਼ੀ ਮੌਤ ਫੈਕਟਰੀ ਲਈ ਇੱਕ ਵੱਡੀ ਅਸਬਾਬੀ ਚੁਣੌਤੀ ਸੀ। ਆਉਸ਼ਵਿਤਸ-ਬਿਰਕਨੌ ਵਿੱਚ ਪੰਜ ਸ਼ਮਸ਼ਾਨ ਘਾਟ ਬਣਾਏ ਗਏ ਸਨ ਜਿਨ੍ਹਾਂ ਦੀਆਂ ਭੱਠੀਆਂ 24/7 ਬਲਦੀਆਂ ਸਨ। ਕੈਂਪ ਅਕਸਰ ਧੂੰਏਂ ਦੇ ਸੰਘਣੇ ਪਰਦੇ ਵਿੱਚ ਢਕਿਆ ਰਹਿੰਦਾ ਸੀ – ਬਚੇ ਹੋਏ ਕੈਦੀਆਂ ਨੇ ਬਾਅਦ ਵਿੱਚ ਦੱਸਿਆ ਕਿ ਉਨ੍ਹਾਂ ਨੂੰ ਕਈ-ਕਈ ਮਹੀਨੇ ਸੂਰਜ ਵੇਖਣ ਨੂੰ ਨਹੀਂ ਮਿਲਦਾ ਸੀ।

ਕ੍ਰਿਸਮਸ 1944 ਦੇ ਆਸ-ਪਾਸ ਕੈਂਪ ਤੋਂ ਪਿੱਛੇ ਹਟਣ ਤੋਂ ਪਹਿਲਾਂ, ਨਾਜ਼ੀਆਂ ਨੇ ਆਪਣੇ ਜੁਰਮਾਂ ਨੂੰ ਢਕਣ ਦੀ ਕੋਸ਼ਿਸ਼ ਵਿੱਚ ਕੁਝ ਇੰਸਟਾਲੇਸ਼ਨਾਂ ਉਡਾ ਦਿੱਤੀਆਂ ਸਨ।

[8]

ਬਰਕਿਨੌ ਤਸੀਹਾ ਕੈਂਪ ਵਿੱਚ ਨਵੀਆਂ ਪਹੁੰਚੀਆਂ ਔਰਤ ਕੈਦੀਆਂ ਦੀ ਰੋਲ ਕਾਲ। ਫੋਟੋ znaci.net ਤੋਂ, ਜਨਤਕ ਡੋਮੇਨ।

[9]

ਸਾਰਾ ਸਮਾਨ ਕੈਦੀਆਂ ਤੋਂ ਲੈ ਲਿਆ ਗਿਆ ਅਤੇ ਇੱਕ ਕੈਂਪ ਚੈਂਬਰ ਵਿੱਚ ਲਿਆਂਦਾ ਗਿਆ ਜਿਸ ਨੂੰ “ਕਨੇਡਾ” ਕਹਿੰਦੇ ਸਨ। ਫੋਟੋ znaci.net ਤੋਂ, ਜਨਤਕ ਡੋਮੇਨ।

[10]

ਅਉਸ਼ਵਿਤਸ ਤਸੀਹਾ ਕੈਂਪ ਵਿੱਚ ਬਲਾਕ 10, ਜਿੱਥੇ ਨਾਜ਼ੀ ਡਾਕਟਰਾਂ ਨੇ ਮਨੁੱਖਾਂ ਉੱਤੇ ਤਜ਼ਰਬੇ ਕੀਤੇ। ਫੋਟੋ znaci.net ਤੋਂ, ਜਨਤਕ ਡੋਮੇਨ।

ਪਿੱਛੇ ਹਟਦਿਆਂ ਨਾਜ਼ੀਆਂ ਨੇ ਕੁਝ ਕੈਦੀਆਂ ਨੂੰ ਆਪਣੇ ਨਾਲ ਇੱਕ ਡੈਥ ਮਾਰਚ ਵਿੱਚ ਲੈ ਲਿਆ, ਜਿਸਦਾ ਉਦੇਸ਼ ਉਨ੍ਹਾਂ ਨੂੰ ਰਸਤੇ ਵਿੱਚ ਐਕਸਪੋਜ਼ਰ ਅਤੇ ਭੁੱਖ ਨਾਲ ਮਰਨ ਦੇਣਾ ਸੀ। ਕਈ ਹਜ਼ਾਰ ਲੋਕ ਕੈਂਪ ਵਿੱਚ ਰਹੇ ਜਾਂ ਵਾਪਸ ਪਰਤੇ, ਜਿਥੇ ਉਨ੍ਹਾਂ ਨੂੰ ਸਟੋਰਾਂ ਦੇ ਕਮਰਿਆਂ ਵਿੱਚ ਭੋਜਨ ਮਿਲਿਆ। ਇਸ ਦੇ ਬਾਵਜੂਦ ਕਈ ਦਿਨਾਂ ਬਾਅਦ ਸੋਵੀਅਤਾਂ ਦੇ ਆਉਣ ਤੱਕ ਲਗਭਗ ਹਰ ਪੰਜ ਕੈਦੀਆਂ ਪਿੱਛੇ ਇੱਕ ਦੀ ਮੌਤ ਹੋ ਚੁੱਕੀ ਸੀ।

ਲਾਲ ਫੌਜ ਦੀਆਂ ਟੁਕੜੀਆਂ ਨੇ ਆਉਸ਼ਵਿਤਸ ਤੋਂ ਤਕਰੀਬਨ 4,800 ਕੈਦੀਆਂ ਨੂੰ ਆਜ਼ਾਦ ਕਰਵਾਇਆ। ਉਨ੍ਹਾਂ ਵਿੱਚੋਂ, ਮੰਡਿਸ਼ ਪਰਿਵਾਰ ਦੇ ਮੈਂਬਰਾਂ [11] ਸਮੇਤ, 108 ਯੂਗੋਸਲਾਵ ਸਨ। ਉਹ ਰਿਜੇਕਾ, ਕ੍ਰੋਸ਼ੀਆ ਤੋਂ ਸਨ, ਜਿਸ ਨੂੰ ਪਹਿਲਾਂ ਇਤਾਲਵੀ ਫਾਸ਼ੀਵਾਦੀਆਂ ਅਤੇ ਫਿਰ ਨਾਜ਼ੀਆਂ ਨੇ ਯੁੱਧ ਦੌਰਾਨ ਅਧੀਨ ਕੀਤਾ ਸੀ।

ਮਈ 1944 ਵਿੱਚ, ਨਾਜ਼ੀਆਂ ਨੇ ਉਸਦੀ ਮਾਂ ਅਤੇ ਦਾਦੀ ਸਮੇਤ ਇੱਕ 10 ਸਾਲਾ ਮੁੰਡੇ ਓਲੇਗ ਮੰਡਿਸ਼ ਨੂੰ ਗ੍ਰਿਫਤਾਰ ਕਰ ਲਿਆ, ਕਿਉਂ ਜੋ ਪਿਤਾ ਅਤੇ ਦਾਦਾ ਯੁਗੋਸਲਾਵ ਕਮਿਊਨਿਸਟ-ਫਾਸ਼ੀਵਾਦੀ ਵਿਰੋਧੀ ਫੌਜ ਵਿੱਚ ਸ਼ਾਮਲ ਹੋ ਗਏ ਸਨ। ਕ੍ਰੋਸ਼ੀਆ ਅਤੇ ਇਟਲੀ ਦੀਆਂ ਜੇਲ੍ਹਾਂ ਵਿੱਚ ਕਈ ਮਹੀਨੇ ਬਿਤਾਉਣ ਤੋਂ ਬਾਅਦ, ਉਨ੍ਹਾਂ ਨੂੰ “ਰਾਜਸੀ ਕੈਦੀ” ਕਹਿ ਕੇ ਆਉਸ਼ਵਿਤਸ ਭੇਜਿਆ ਗਿਆ ਸੀ। ਉਹ ਮੌਤ ਦੇ ਕੈਂਪ ਵਿੱਚ ਅੱਠ ਮਹੀਨੇ ਰਹੇ।

ਓਲੇਗ ਨੇ ਔਰਤਾਂ ਦੇ ਕੁਆਰਟਰਾਂ ਵਿੱਚ ਦੋ ਮਹੀਨੇ ਮਿਹਨਤ ਕੀਤੀ, ਪਰ ਜਦੋਂ ਨਾਜ਼ੀਆਂ ਨੂੰ ਪਤਾ ਲੱਗਿਆ ਕਿ ਉਹ 11 ਸਾਲਾਂ ਦਾ ਹੋ ਗਿਆ ਹੈ, ਤਾਂ ਉਨ੍ਹਾਂ ਨੇ ਉਸਨੂੰ ਮਰਦਾਨਾ ਵਾਰਡ ਵਿੱਚ ਭੇਜ ਦਿੱਤਾ ਗਿਆ। ਜਦੋਂ ਉਸ ਨੂੰ ਤਣਾਅ ਕਾਰਨ ਬੁਖਾਰ ਹੋ ਗਿਆ, ਤਾਂ ਉਸਨੂੰ ਮੈਡੀਕਲ ਵਾਰਡ ਭੇਜਿਆ ਗਿਆ ਜਿੱਥੇ ਐਸਐਸ ਅਧਿਕਾਰੀ ਜੋਸੇਫ ਮੈਂਗੇਲੇ [12] ਨੇ ਪ੍ਰਯੋਗ ਕੀਤੇ। ਕਈ ਹਫ਼ਤਿਆਂ ਦੇ ਦੌਰਾਨ, ਉਸਨੇ ਥਰਮਾਮੀਟਰ ਵਿੱਚ ਹੇਰਾਫੇਰੀ ਕਰਨੀ ਸਿੱਖੀ ਅਤੇ ਇੱਕ ਨਿਗਰਾਨੀ ਦੇ ਵਿਸ਼ੇ ਵਜੋਂ ਦਿਲਚਸਪ ਰਹਿਣ ਲਈ ਹੋਰ ਰਣਨੀਤੀਆਂ ਤਿਆਰ ਕੀਤੀਆਂ।

ਓਲੇਗ ਮੰਡਿਸ਼, ਉਸਦੀ ਮਾਂ ਨੇਵੰਕਾ ਅਤੇ ਨਾਨੀ ਓਲਗਾ ਆਖਰੀ ਕੈਦੀ ਸਨ ਜੋ ਆਉਸ਼ਵਿਤਸ ਵਿੱਚੋਂ ਜ਼ਿੰਦਾ ਬਾਹਰ ਆਏ ਸਨ।

ਹੇਠਲੇ ਲਿੰਕ ਵਾਲੀ ਫਿਲਮ, ਜਿਸਨੂੰ ਮੈਂਡਿਸ਼ ਨੇ ਆਪਣੀ ਰਿਹਾਈ ਤੋਂ 20 ਸਾਲ ਬਾਅਦ ਆਉਸ਼ਵਿਟਸ ਦੀ ਯਾਤਰਾ ਦੌਰਾਨ ਵੇਖਿਆ ਸੀ, ਵਿੱਚ ਉਨ੍ਹਾਂ ਪਲਾਂ ਨੂੰ ਦਰਸਾਇਆ ਗਿਆ ਹੈ ਜਦੋਂ ਪਰਿਵਾਰ ਨੂੰ ਸਟਾਲਿਨ ਦੇ ਸਹਾਇਕ ਨਿਕੋਲਾਈ ਬੁਲਗਾਨਿਨ [13] ਦਾ ਇੱਕ ਪੱਤਰ ਮਿਲਿਆ ਸੀ ਜਿਸ ਵਿੱਚ ਉਹਨਾਂ ਨੂੰ ਟਰੱਕ ਰਾਹੀਂ ਵਾਇਆ ਕ੍ਰਾਕੋ ਮਾਸਕੋ ਲਿਆਉਣ ਦਾ ਆਦੇਸ਼ ਦਿੱਤਾ ਗਿਆ ਸੀ। ਸੋਵੀਅਤ ਰਾਜਧਾਨੀ ਵਿੱਚ, ਉਹ ਨਾਜ਼ੀ-ਵਿਰੋਧੀਆਂ ਸੰਘਰਸ਼ ਦੇ ਨੇਤਾ ਜੋਸ਼ੀਪ ਬ੍ਰੋਜ਼ ਟੀਟੋ ਦੀ ਅਗਵਾਈ ਵਿੱਚ ਆਏ ਯੁਗੋਸਲਾਵ ਦੇ ਵਫ਼ਦ ਵਿੱਚ ਸ਼ਾਮਲ ਹੋਏ, ਅਤੇ ਉਨ੍ਹਾਂ ਨਾਲ 1 ਮਈ, 1945 ਨੂੰ ਹਵਾਈ ਜਹਾਜ਼ ਰਾਹੀਂ ਬੇਲਗ੍ਰੇਡ ਪਰਤ ਗਏ।

ਮੰਡਿਸ਼, ਹੁਣ 86 ਸਾਲ ਦਾ ਹੈ [14]। ਉਸਨੇ ਆਪਣਾ ਜੀਵਨ ਹੌਲੋਕਾਸਟ ਦੇ ਸੱਚ ਨੂੰ ਅੱਗੇ ਲਿਆਉਣ ਲਈ ਸਮਰਪਿਤ ਕੀਤਾ। ਉਸਨੇ ਕ੍ਰੋਸ਼ੀਆ ਦੇ ਓਪਾਟਿਜਾ ਵਿੱਚ ਇੱਕ ਐਂਟੀਫਾਸਿਸਟ ਐਨਜੀਓ ਦੀ ਅਗਵਾਈ ਕੀਤੀ, ਇੱਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ, ਅਤੇ ਵੱਖ ਵੱਖ ਭਾਸ਼ਾਵਾਂ ਵਿੱਚ [15] ਭਾਸ਼ਣ ਅਤੇ ਇੰਟਰਵਿਊ ਦਿੱਤੇ। ਉਹ ਕੈਂਪ ਦੀ ਆਜ਼ਾਦੀ ਦੇ ਦਿਨ ਆਉਸ਼ਵਿਤਜ਼ ਅਜਾਇਬਘਰ ਦੇ ਸਲਾਨਾ ਸਮੂਹਕ ਦੌਰਿਆਂ ਵਿੱਚ ਵੀ ਹਿੱਸਾ ਲੈਂਦਾ ਹੈ।

ਸਾਲ 2015 ਵਿੱਚ, ਰਿਹਾਈ ਦੀ 7 ਵੀਂ ਵਰ੍ਹੇਗੰਢ ਦੇ ਮੌਕੇ ‘ਤੇ, ਉਸਨੇ ਕਿਹਾ ਕਿ ਉਹ ਅਜੇ ਵੀ ਕੰਬ ਜਾਂਦਾ ਹੈ ਜਦੋਂ ਉਹ “ਮੌਤ ਦੇ ਉਦਯੋਗਿਕ ਉਤਪਾਦਨ ਦੀ ਵਿਉਂਤ ਕਰਨ ਵਿੱਚ ਲੱਗੇ ਮਨੁੱਖੀ ਮਨ ਦੀ ਧਾਰਨਾ” ਬਾਰੇ ਸੋਚਦਾ ਹੈ।