ਮਿਆਂਮਾਰ ਵਿੱਚ ਬਾਂਸ ਦੀਆਂ ਕਰੂੰਬਲਾਂ ਦੀ ਵਾਢੀ ਕਰਨ ਵਾਲੇ ਇੱਕ ਕਿਸਾਨ ਦੀ ਜ਼ਿੰਦਗੀ ਦਾ ਇੱਕ ਦਿਨ

ਤਾਜ਼ਾ ਵੱਢੀਆਂ ਬਾਂਸ ਦੀਆਂ ਕਰੂੰਬਲਾਂ ਨੂੰ ਦਿਖਾਉਂਦਾ ਹੋਇਆ ਕੋ ਫੋ ਲਾ। / Htet Wai / The Irrawaddy

ਇਹ ਲੇਖ ਇਰਾਵਡੀ ਤੋਂ ਹਤੇਤ ਵਾਈ ਦੁਆਰਾ ਲਿਖਿਆ ਗਿਆ ਹੈ ਜੋ ਕਿ ਮਿਆਂਮਾਰ ਦੀ ਇੱਕ ਸੁਤੰਤਰ ਨਿਊਜ਼ ਵੈੱਬਸਾਈਟ ਹੈ ਅਤੇ ਗਲੋਬਲ ਵੋਆਇਸਿਸ ਉੱਤੇ ਇਹ ਲੇਖ ਇੱਕ ਸਮੱਗਰੀ ਆਦਾਨ ਪ੍ਰਦਾਨ ਸਮਝੌਤੇ ਤਹਿਤ ਮੁੜ-ਪ੍ਰਕਾਸ਼ਿਤ ਕੀਤਾ ਗਿਆ ਹੈ।

ਮਿਆਂਮਾਰ ਵਿੱਚ ਬਾਂਸ ਦੀਆਂ ਕਰੂੰਬਲਾਂ ਇੱਕ ਮਸ਼ਹੂਰ ਖਾਣ ਪਦਾਰਥ ਹਨ। ਕਰੂੰਬਲਾਂ ਮਾਨਸੂਨ ਦੌਰਾਨ ਫੁੱਟਦੀਆਂ ਹਨ ਅਤੇ ਜੂਨ ਦੀ ਸ਼ੁਰੂਆਤ ਤੋਂ ਲੈਕੇ ਸਤੰਬਰ ਦੇ ਆਖ਼ਰ ਤੱਕ ਭਾਰੀ ਤਾਦਾਦ ਵਿੱਚ ਮਿਲਦੀਆਂ ਹਨ। ਮਿਆਂਮਾਰ ਦੇ ਬਹੁਤੇ ਘਰਾਂ ਵਿੱਚ ਰਾਤ ਦੇ ਖਾਣੇ ਦੇ ਨਾਲ ਉਬਲੀਆਂ ਹੋਈਆਂ ਕਰੂੰਬਲਾਂ ਸੌਸ ਨਾਲ ਪਰੋਸੀਆਂ ਜਾਂਦੀਆਂ ਹਨ।

ਪਰ ਬਾਂਸ ਦੀ ਵਾਢੀ ਕਰਨ ਵਾਲਿਆਂ ਦੀ ਜ਼ਿੰਦਗੀ ਬਹੁਤ ਔਖੀ ਹੈ। ਕੋ ਫੋ ਲਾ ਮਿਆਂਮਾਰ ਦੇ ਇਰਾਵਡੀ ਖੇਤਰ ਦੇ ਕੇਈ ਬੀਨ ਪਿੰਡ ਦਾ ਰਹਿਣ ਵਾਲਾ ਅਤੇ ਬਾਂਸ ਦੀਆਂ ਕਰੂੰਬਲਾਂ ਦੀ ਵਾਢੀ ਕਰਨ ਵਾਲਾ ਇੱਕ ਕਿਸਾਨ ਹੈ। ਇਹ ਪਿੰਡ ਅਰਾਕਨ ਪਹਾੜੀਆਂ ਦੇ ਨੇੜੇ ਇੰਗਾਪੂ ਕਸਬੇ ਵਿੱਚ ਪਥੇਈਨ-ਮੋਨੀਆ ਸੜਕ ਦੇ ਪੱਛਮ ਵੱਲ ਸਥਿਤ ਹੈ।

ਭਾਵੇਂ ਪਿੰਡ ਦੇ ਕੁਝ ਵਸਨੀਕ ਖੇਤਾਂ ਵਿੱਚ ਕੰਮ ਕਰਦੇ ਹਨ, ਬਹੁਤੇ ਬਾਲਣ ਇਕੱਠਾ ਕਰਕੇ ਅਤੇ ਜੰਗਲੀ ਬਾਂਸ ਦੀਆਂ ਕਰੂੰਬਲਾਂ ਦੀ ਵਾਢੀ ਕਰਕੇ ਗੁਜ਼ਾਰਾ ਕਰਦੇ ਹਨ। ਕੋ ਫੋ ਲਾ ਠੇਕੇ ਉੱਤੇ ਜ਼ਮੀਨ ਲੈਕੇ ਕਿਸਾਨੀ ਕਰਦਾ ਹੈ, ਪਰ ਬਾਰਿਸ਼ ਦੇ ਮੌਸਮ ਵਿੱਚ, ਝੋਨਾ ਦੀ ਬਿਜਾਈ ਕਰਨ ਤੋਂ ਬਾਅਦ, ਉਹ ਬਾਂਸ ਦੀਆਂ ਕਰੂੰਬਲਾਂ ਦੀ ਵਾਢੀ ਕਰਕੇ ਰੋਟੀ ਕਮਾਉਂਦਾ ਹੈ।

ਜੰਗਲ ਵਿੱਚ ਬਾਂਸ ਦੀਆਂ ਕਰੂੰਬਲਾਂ ਦੀ ਵਾਢੀ ਕਰਨ ਜਾਂਦਾ ਹੋਇਆ ਕੋ ਫੋ ਲਾ / Htet Wai / The Irrawaddy

ਮਾਨਸੂਨ ਸੀਜ਼ਨ ਦੇ ਸ਼ੁਰੂਆਤੀ ਦਿਨਾਂ ਵਿੱਚ ਉਸਦੇ ਪਿੰਡ ਦੇ ਨੇੜੇ ਤੇੜੇ ਕਰੂੰਬਲਾਂ ਮਿਲ ਜਾਂਦੀਆਂ ਹਨ ਪਰ ਜਦੋਂ ਮਾਨਸੂਨ ਦਾ ਪੂਰਾ ਜ਼ੋਰ ਹੁੰਦਾ ਹੈ ਤਾਂ ਕੋ ਫੋ ਲਾ ਨੂੰ ਅਰਾਕਨ ਜੰਗਲਾਂ ਦੇ ਅੰਦਰ ਜਾਣਾ ਪੈਂਦਾ ਹੈ ਤਾਂ ਜੋ ਉਹ ਵੇਚਣਯੋਗ ਕਰੂੰਬਲਾਂ ਇਕੱਠੀਆਂ ਕਰ ਸਕੇ।

ਕੋ ਫੋ ਲਾ ਮੁਤਾਬਕ, ਜਦੋਂ ਵਾਢੀ ਕਰਨ ਵਾਲੇ ਝਾੜੀਆਂ ਅਤੇ ਦਰਖ਼ਤਾਂ ਵਿੱਚ ਕਰੂੰਬਲਾਂ ਦੀ ਭਾਲ ਵਿੱਚ ਹੁੰਦੇ ਹਨ ਤਾਂ ਉਹਨਾਂ ਨੂੰ ਜੰਗਲੀ ਜਾਨਵਰਾਂ ਨਾਲੋਂ ਮੱਛਰ ਵਧੇਰੇ ਤੰਗ ਕਰਦੇ ਹਨ।

ਜੰਗਲ ਵਿੱਚ ਬਾਂਸ ਦੀਆਂ ਕਰੂੰਬਲਾਂ / Htet Wai / The Irrawaddy

ਜਿਵੇਂ ਜਿਵੇਂ ਦਿਨ ਚੜ੍ਹਦਾ ਹੈ ਮੱਛਰਾਂ ਦੀ ਫ਼ੌਜ ਵੱਧਦੀ ਜਾਂਦੀ ਹੈ, ਬਾਂਸ ਦੀਆਂ ਕਰੂੰਬਲਾਂ ਇਕੱਠੀਆਂ ਕਰਨ ਵਾਲਿਆਂ ਨੇ ਦੁਪਹਿਰ ਹੋਣ ਤੋਂ ਪਹਿਲਾਂ ਵੱਧ ਤੋਂ ਵੱਧ ਕਰੂੰਬਲਾਂ ਇਕੱਠੀਆਂ ਕਰਨੀਆਂ ਹੁੰਦੀਆਂ ਹਨ। ਕੋ ਫੋ ਲਾ ਦੱਸਦਾ ਹੈ ਕਿ ਮੱਛਰਾਂ ਤੋਂ ਬਿਨਾਂ ਅਕਸਰ ਸੱਪਾਂ ਤੋਂ ਵੀ ਖ਼ਤਰਾ ਹੁੰਦਾ ਹੈ।

ਬਾਂਸ ਦੀਆਂ ਕਰੂੰਬਲਾਂ ਦੀ ਵਾਢੀ ਕਰਨ ਵਾਲੇ ਪੈਦਲ ਨਹੀਂ ਸਗੋਂ ਪਾਣੀ ਰਾਹੀਂ ਨਾਨ ਕਾ ਥੂ ਨਦੀ, ਜੋ ਅਰਾਕਨ ਪਹਾੜੀਆਂ ਤੋਂ ਸ਼ੁਰੂ ਹੁੰਦੀ ਹੈ ਤੇ ਉਸਦੇ ਪਿੰਡ ਵਾਲੇ ਜਾਂਦੀ ਹੈ, ਵਿੱਚ ਆਪਣੀਆਂ ਕਰੂੰਬਲਾਂ ਨਾਲ ਤੈਰਦੇ ਹੋਏ ਆਉਂਦੇ ਹਨ।

ਆਪਣੇ ਘਰ ਜਾਂਦਾ ਹੋਇਆ ਇੱਕ ਕਰੂੰਬਲਾਂ ਦੀ ਵਾਢੀ ਕਰਨ ਵਾਲਾ / Htet Wai / The Irrawaddy

ਉਹ ਅਕਸਰ ਇੱਕ ਵਾਰ ਵਿੱਚ 10 ਤੋਂ 20 ਵਿੱਸ (1 ਵਿੱਸ 1.6 ਕਿੱਲੋ ਦੇ ਬਰਾਬਰ ਹੈ) ਕਰੂੰਬਲਾਂ ਇਕੱਠੀਆਂ ਕਰਨ ਦੀ ਕੋਸ਼ਿਸ਼ ਕਰਦੇ ਹਨ। ਕੋ ਫੋ ਲਾ ਹਰ ਵਾਰੀ ਔਸਤਨ 15 ਵਿੱਸ ਕਰੂੰਬਲਾਂ ਇਕੱਠੀਆਂ ਕਰਨ ਦੀ ਕੋਸ਼ਿਸ਼ ਕਰਦਾ ਹੈ। ਘਰੇ ਪਹੁੰਚਣ ਤੋਂ ਬਾਅਦ ਉਹ ਕਰੂੰਬਲਾਂ ਨੂੰ ਉਬਾਲਦਾ ਹੈ ਅਤੇ ਵੇਚਣ ਲਈ ਤਿਆਰ ਕਰਦਾ ਹੈ।

ਬਾਂਸ ਦੀਆਂ ਕਰੂੰਬਲਾਂ ਪਥੇਈਨ-ਮੋਨੀਆ ਸੜਕ ਦੇ ਨਾਲ-ਨਾਲ 300 ਕਿਆਤ (14 ਰੁਪਏ) ਪ੍ਰਤੀ ਵਿੱਸ ਵੇਚੀਆਂ ਜਾਂਦੀਆਂ ਹਨ ਪਰ ਕੇਈ ਬੀਨ ਦੇ ਨੇੜਲੇ ਕਸਬੇ ਕਵਿਨ ਕੌਕ ਵਿੱਚ ਮੰਡੀ ਵਿਖੇ ਇਹ 800 ਕਿਆਤ (37 ਰੁਪਏ) ਪ੍ਰਤੀ ਵਿੱਸ ਵਿਕਦੀਆਂ ਹਨ।

ਇੱਕ ਔਰਤ ਬਾਂਸ ਦੀਆਂ ਕਰੂੰਬਲਾਂ ਨੂੰ ਵੇਚਣ ਲਈ ਤਿਆਰ ਕਰਦੀ ਹੋਈ। / Htet Wai / The Irrawaddy

ਰੰਗੂਨ ਵਿਖੇ ਇੱਕ ਮੰਡੀ ਵਿੱਚ ਬਾਂਸ ਦੀਆਂ ਖ਼ਮੀਰੀਆਂ ਹੋਈਆਂ ਕਰੂੰਬਲਾਂ ਵੇਚੀਆਂ ਜਾਂਦੀਆਂ ਹਨ। / Htet Wai / The Irrawaddy

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.