“ਭਾਸ਼ਾ ਵੀ ਸੰਘਰਸ਼ ਦਾ ਇੱਕ ਰੂਪ ਹੈ”

ਤਸਵੀਰ – ਫੇਰਨਾਨਦੋ ਇਲੋਏ (ਇਜਾਜ਼ਤ ਲੈਣ ਉਪਰੰਤ ਵਰਤੋਂ ਕੀਤੀ ਗਈ ਹੈ)

ਭਾਸ਼ਾਵਾਂ ਦਾ ਅੰਤਰਰਾਸ਼ਟਰੀ ਸਾਲ ਮਨਾਉਣ ਲਈ, ਸਵਦੇਸ਼ੀ  ਸਰਕਾਰੀ, ਅਕਾਦਮਿਕ ਅਤੇ ਸਿਵਲ ਸੁਸਾਇਟੀ ਸੰਸਥਾਵਾਂ ਨੇ ਕਈ ਸਰਗਰਮੀਆਂ ਦਾ ਪ੍ਰਬੰਧ ਕਰਨ ਲਈ ਆਪਣੀਆਂ ਸ਼ਕਤੀਆਂ ਨੂੰ ਇੱਕਜੁੱਟ ਕੀਤਾ ਹੈ। ਸਰਗਰਮੀਆਂ ਵਿੱਚ ਆਪਣੀਆਂ ਭਾਸ਼ਾਵਾਂ ਦੀ ਰੱਖਿਆ ਅਤੇ ਸੰਭਾਲ ਲਈ ਕੰਮ ਕਰਦੇ ਸਵਦੇਸ਼ੀ ਭਾਈਚਾਰਿਆਂ ਦੇ ਮੈਂਬਰਾਂ ਵਲੋਂ ਸਰਕਾਰੀ ਸਥਾਨਾਂ ਵਿਚ ਹਿੱਸਾ ਲੈਣਾ ਵੀ ਸ਼ਾਮਲ ਹੈ। ਇਨ੍ਹਾਂ ਵਿੱਚੋਂ ਇਕ ਸਰਗਰਮੀ ਮੈਕਸੀਕੋ ਦੇ ਚੈਂਬਰ ਆਫ਼ ਡਿਪਟੀਜ਼ ਵਿਚ 24 ਅਪ੍ਰੈਲ 2019 ਨੂੰ ਹੋਈ, ਜਦੋਂ ਆਲੇਜਾਂਦਰਾ ਸਾਸੀਲ ਸਾਂਚੇਜ਼ ਚਾਨ ਨੇ ਮਾਯਾਨ ਭਾਸ਼ਾ ਵਿਚ ਭਾਸ਼ਣ ਦਿੱਤਾ। ਸਾਂਚੇਜ਼ ਨੇ ਦੇਸ਼ ਦੀ ਸੱਤਾ ਦੀ ਸੀਟ ਤੋਂ ਅਜੋਕੇ ਮੈਕਸੀਕਨ ਸੱਭਿਆਚਾਰ ਵਲੋਂ ਦੇਸ਼ ਦੀ ਸਵਦੇਸ਼ੀ ਵਿਰਾਸਤ ਨੂੰ ਖਤਰਿਆਂ ਦੀ ਸਿੱਧੇ ਤੌਰ ਤੇ ਨਿੰਦਾ ਕਰਦੇ ਹੋਏ ਇਤਿਹਾਸ ਸਿਰਜ ਦਿੱਤਾ। ਮੂਲ ਪਾਠ ਇੱਥੇ ਪੜ੍ਹਿਆ ਜਾ ਸਕਦਾ ਹੈ।

ਮਾਇਆ ਸਭਿਅਤਾ ਮੁੱਖ ਤੌਰ ਤੇ ਇਸਦੇ ਆਰਕੀਟੈਕਚਰ ਲਈ ਜਾਣੀ ਜਾਂਦੀ ਹੈ ਜੋ ਅਜੇ ਵੀ ਖੜ੍ਹਾ ਹੈ, ਪਰ ਅੱਜ ਦੇ ਸੰਸਾਰ ਵਿਚ ਇਹ ਆਪਣੀ ਭਾਸ਼ਾ ਦੁਆਰਾ ਵੀ ਜਿਉਂਦੀ ਹੈ: ਭਾਸ਼ਾ ਜੋ ਉਸ ਸੰਘਰਸ਼ ਦਾ ਇੱਕ ਰੂਪ ਵੀ ਹੈ, ਜਿਸਦਾ ਉਦੇਸ਼ ਸਾਡੀ ਪਛਾਣ ਨੂੰ ਸਾਂਭ ਰੱਖਣਾ ਹੈ। ਸ਼ਬਦ ਦੀ ਸ਼ਕਤੀ ਸਰਕਾਰਾਂ ਅਤੇ ਰਾਜਨੀਤਕ, ਸਮਾਜਕ ਜਾਂ ਖੇਤਰੀ ਹੱਦਾਂ ਤੋਂ ਪਰੇ ਹੁੰਦੀ ਹੈ। ਇਹ ਉਹ ਥਾਂ ਹੈ ਜਿੱਥੇ ਸਾਡੇ ਲੋਕਾਂ ਦੀ ਦੌਲਤ ਮਿਲਦੀ ਹੈ।

ਸਾਡੀਆਂ ਮੂਲ ਭਾਸ਼ਾਵਾਂ ਦੀ ਵਰਤੋਂ ਕਰਨ ਨਾਲ ਉਹ ਮੈਕਸੀਕੋ ਦੇ ਭਾਸ਼ਾਈ ਨਕਸ਼ੇ ਤੇ ਅਮਿੱਟ ਰਹਿੰਦੀਆਂ ਹਨ, ਅਤੇ ਇਹ ਗੱਲ ਉਨ੍ਹਾਂ ਸਮਾਜਿਕ ਕਦਰਾਂ-ਕੀਮਤਾਂ, ਭਾਸ਼ਾ ਅਤੇ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਵਿੱਚ ਸਹਾਇਤਾ ਕਰਦੀ ਹੈ ਜੋ ਗ਼ੁਲਾਮੀ ਤੋਂ ਵਿਰਾਸਤ ਵਿੱਚ ਮਿਲੇ ਇਸ ਬਸਤੀਕਰਨ ਦਾ ਹਿੱਸਾ ਹਨ।

ਦੁਨੀਆਂ ਦੀਆਂ ਖ਼ਤਰੇ ਵਿੱਚਲੀਆਂ ਭਾਸ਼ਾਵਾਂ ਦੀ ਯੂਨੈਸਕੋ ਐਟਲਸ ਦਰਸਾਉਂਦੀ ਹੈ ਕਿ ਦੁਨੀਆਂ ਵਿਚ 6,000 ਭਾਸ਼ਾਵਾਂ ਹਨ ਅਤੇ ਇਨ੍ਹਾਂ ਵਿੱਚੋਂ 2500 ਅਲੋਪ ਹੋਣ ਖ਼ਤਰੇ ਵਿੱਚ ਹਨ। ਐਟਲਸ ਇਹ ਵੀ ਦੱਸਦੀ ਹੈ ਕਿ ਮੈਕਸੀਕੋ ਸਭ ਤੋਂ ਵੱਧ ਖ਼ਤਰੇ ਵਿੱਚਲੀਆਂ ਭਾਸ਼ਾਵਾਂ ਵਾਲੇ ਦੇਸ਼ਾਂ ਵਿੱਚ ਪੰਜਵੇਂ ਨੰਬਰ ਤੇ ਹੈ। ਇਹ ਇਸ ਕਰਕੇ ਹੈ ਕਿਉਂਕਿ ਇਸ ਦੇਸ਼ ਵਿਚ ਬੋਲੀਆਂ ਜਾਂਦੀਆਂ ਭਾਸ਼ਾਵਾਂ ਵਿਚੋਂ 46 ਨੂੰ ਕਮਜ਼ੋਰ, 35 ਨੂੰ ਸਪਸ਼ਟ ਤੌਰ ਤੇ ਖ਼ਤਰੇ ਵਿਚ, 33 ਨੂੰ ਗੰਭੀਰ ਖ਼ਤਰੇ ਵਿੱਚ ਅਤੇ 19 ਨੂੰ ਘੋਰ ਗੰਭੀਰ ਸਥਿਤੀ ਵਿੱਚ ਮੰਨਿਆ ਜਾ ਸਕਦਾ ਹੈ। ਕੁੱਲ 133 ਭਾਸ਼ਾਵਾਂ ਖ਼ਤਰੇ ਵਿੱਚ ਹਨ।

ਵਰਤਮਾਨ ਵਿੱਚ, ਇੱਕ ਸਵਦੇਸ਼ੀ ਭਾਸ਼ਾ ਬੋਲਣ ਦਾ ਮਤਲਬ ਹੈ ਉਸਦੇ ਸ਼ਬਦਾਂ ਦੀ ਮੂਲ ਨੂੰ ਸਲਾਮਤ ਰੱਖਣਾ। ਇਹ ਭਾਸ਼ਾ ਦੇ ਅੰਦਰ ਸਮੋਏ ਸਾਡੇ ਮੂਲ ਸਾਰਤੱਤ ਅਤੇ ਸੰਸਾਰ ਦ੍ਰਿਸ਼ਟੀਕੋਣ ਨੂੰ ਸੋਚਣ ਦੇ ਨਵੇਂ ਤਰੀਕੇ ਲੱਭਣ ਅਤੇ ਆਪਣੀ ਮਾਤ ਭਾਸ਼ਾ ਵਿੱਚ ਪੂਰਵਜਾਂ ਦੀ ਵਿਰਾਸਤ ਲੱਭਦੀ ਹਰੇਕ ਆਵਾਜ਼ ਨਾਲ ਸਾਡੀ ਸੱਭਿਆਚਾਰਕ ਪਛਾਣ ਦੇ ਪਨਪਣ ਵਿੱਚ ਸਹਾਈ ਹੁੰਦੀ ਹੈ।

ਇਹ ਐਵੇਂ ਨਹੀਂ ਹੈ ਕਿ ਭਾਸ਼ਾ-ਵਿਗਿਆਨੀ ਭਾਸ਼ਾਵਾਂ ਨੂੰ ਦਰੱਖਤਾਂ ਵਾਂਗ ਸਮਝਦੇ ਹਨ, ਜਿਨ੍ਹਾਂ ਦੀਆਂ ਹਜ਼ਾਰਾਂ ਸ਼ਾਖਾਵਾਂ ਆਪੋ ਵਿੱਚ ਜੁੜੀਆਂ ਹੁੰਦੀਆਂ ਹਨ। ਵੱਡੀਆਂ ਜੜ੍ਹਾਂ ਵਾਲੇ ਦਰੱਖ਼ਤ ਵਿਤਕਰੇ ਅਤੇ ਗੁੰਮਨਾਮੀ ਦੇ ਭਾਰ ਹੇਠ ਡਿੱਗ ਪੈਂਦੇ ਹਨ। ਬਹੁਤ ਸਾਰੀਆਂ ਵਿਸ਼ਵ-ਦ੍ਰਿਸ਼ਟੀਆਂ, ਕਵਿਤਾਵਾਂ, ਸੁਹਜਵਾਦੀ ਪ੍ਰਗਟਾਓ , ਆਵਾਜ਼ਾਂ ਅਤੇ ਗਿਆਨ ਹਰ ਉਸ ਭਾਸ਼ਾ ਦੇ ਨਾਲ ਖ਼ਤਮ ਹੋ ਜਾਂਦਾ ਹੈ ਜਿਸਦਾ ਵਜੂਦ ਨਹੀਂ ਰਹਿੰਦਾ। ਇਸ ਸਭਿਆਚਾਰਕ ਤਬਾਹੀ ਨਾਲ ਸਾਨੂੰ ਡੂੰਘਾ ਦੁੱਖ ਹੁੰਦਾ ਹੈ, ਕਿਉਂਕਿ ਇਹ ਉਸ ਦਰਖ਼ਤ ਨੂੰ ਉਖਾੜ ਦੇਣ ਵਾਂਗ ਹੁੰਦਾ ਹੈ ਜਿਸਨੂੰ ਪੀੜ੍ਹੀਆਂ ਪਹਿਲਾਂ ਬੀਜਿਆ ਗਿਆ ਸੀ।

ਹੁਣ ਸਾਨੂੰ ਰਾਹ ਦਿਖਾਉਣ ਲਈ, ਸਾਡੀ ਦੁਨੀਆਂ ਦੀ ਗਵਾਹੀ ਦੇ ਰੂਪ ਵਿੱਚ, ਇਸ ਦੇਸ਼ ਵਿੱਚ ਜ਼ਿੰਦਾ ਰਹਿਣ ਦੇ ਨਵੇਂ ਰਾਹਾਂ ਵੱਲ ਸਾਡੀ ਅਗਵਾਈ ਕਰਨ ਲਈ ਸਾਡੇ ਕੋਲ ਸਿਰਫ਼ ਸ਼ਬਦ ਹਨ, ਰਚਨਾਤਮਿਕ ਅਤੇ ਤਕੜੇ ਸ਼ਬਦ। ਇਸ ਕਾਰਨ ਕਰਕੇ, ਮਾਯਾਨ ਭਾਸ਼ਾ ਅਤੇ ਸਾਰੀਆਂ ਭੈਣ ਭਾਸ਼ਾਵਾਂ ਇਕ ਲਿਖਤੀ ਮਾਧਿਅਮ ਬਣ ਜਾਣੀਆਂ ਚਾਹੀਦੀਆਂ ਹਨ, ਇਸ ਗੱਲ ਦਾ ਸਬੂਤ ਹੈ ਕਿ ਸਾਡੀਆਂ ਜੜ੍ਹਾਂ ਜ਼ਿੰਦਾ ਰਹਿ ਸਕਦੀਆਂ ਹਨ, ਅਤੇ ਜਿਨ੍ਹਾਂ ਰਾਹੀਂ ਅਗਲੀਆਂ ਪੀੜ੍ਹੀਆਂ ਕੋਲ ਆਪਣੀਆਂ ਆਵਾਜ਼ਾਂ ਅਤੇ ਆਪਣੀਆਂ ਜੜ੍ਹਾਂ ਨੂੰ ਜ਼ਿੰਦਾ ਰੱਖਣ ਦੇ ਨਵੇਂ ਤਰੀਕਿਆਂ ਵੱਲ ਇੱਕ ਸ਼ੁਰੂਆਤੀ ਬਿੰਦੂ ਹੋਵੇਗਾ।

ਮੁੱਦਤਾਂ ਤੋਂ ਅਸੀਂ ਰੁੱਖ ਹੁੰਦੇ ਸੀ। ਹੁਣ ਅਸੀਂ ਪਰਛਾਂਵਾਂ, ਡਿੱਗੀਆਂ ਹੋਈਆਂ, ਸੁੱਕੀਆਂ ਜਾਂ ਸਾੜ ਦਿੱਤੀਆਂ ਗਈਆਂ ਲੱਕੜਾਂ ਹਾਂ; ਫੈਕਟਰੀਆਂ ਅਤੇ ਵੱਡੇ ਉਦਯੋਗਾਂ ਦੁਆਰਾ ਸਾਡੇ ਤੋਂ ਖੋਹੀਆਂ ਗਈਆਂ ਜ਼ਮੀਨਾਂ ਹਾਂ, ਰਾਜ ਦੇ ਅਧਿਕਾਰਤ ਰੁਤਬੇ ਦੀ ਤਾਕਤ ਦੇ ਵਿਰੁੱਧ ਹਾਰੇ ਹੋਏ ਸੰਘਰਸ਼ਾਂ ਦੀ ਦਾਸਤਾਨ; ਸਾਡੇ ਲੋਕਾਂ ਵਲੋਂ ਪਿਛਲੇ ਦਹਾਕਿਆਂ ਦੌਰਾਨ ਸੁਣੀਆਂ, ਖਾਧੀਆਂ ਗਾਲਾਂ ਹਾਂ, ਜੋ ਆਮ ਹੋ ਚੁੱਕੀਆਂ ਹਨ। ਸਾਨੂੰ ਜ਼ਰੂਰ ਹੀ ਆਪਣੀ ਆਵਾਜ਼ ਚੁੱਕਣੀ ਪੈਣੀ ਹੈ, ਅਤੇ ਇਸ ਤੋਂ ਵੀ ਵੱਧ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਸਿਰਫ ਦਰਸ਼ਕ ਹੋਣ ਤੋਂ ਉੱਪਰ ਉਠਣਾ ਹੋਵੇਗਾ। ਅਸੀਂ ਅਮਲ ਕਰਨਾ ਹੋਵੇਗਾ।

ਇਸ ਲਈ ਸੰਵਿਧਾਨ ਵਿੱਚ, ਸਮਝੌਤਿਆਂ ਅਤੇ ਕਾਨੂੰਨਾਂ ਵਿੱਚ, ਜੋ ਕੁਝ ਸਥਾਪਿਤ ਕੀਤਾ ਗਿਆ ਹੈ ਉਸ ਨੂੰ ਲਾਗੂ ਕਰਵਾਉਣਾ ਬਹੁਤ ਮਹੱਤਵਪੂਰਣ ਹੈ। ਛੇਵੀਂ ਧਾਰਾ ਵਿੱਚ ਭਾਸ਼ਾਈ ਅਧਿਕਾਰਾਂ ਦਾ ਆਮ ਕਾਨੂੰਨ ਇਹ ਬਿਆਨ ਕਰਦਾ ਹੈ: “ਰਾਜ ਇਹ ਯਕੀਨੀ ਬਣਾਉਣ ਲਈ ਲੋੜੀਂਦੇ ਉਪਾਅ ਅਪਣਾਏਗਾ ਅਤੇ ਅਮਲ ਕਰੇਗਾ ਕਿ ਜਨ-ਮੀਡੀਆ ਮੈਕਸੀਕਨ ਕੌਮ ਦੀ ਅਸਲੀ ਭਾਸ਼ਾਈ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਪ੍ਰਸਾਰਿਤ ਕਰੇ।” ਆਈ.ਐਲ.ਓ. ਕਨਵੈਨਸ਼ਨ 169 ਧਾਰਾ 16 ਵਿਚ ਕਹਿੰਦੀ ਹੈ: “ਰਾਜਾਂ ਨੂੰ ਇਹ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਉਪਾਅ ਕਰਨੇ ਚਾਹੀਦੇ ਹਨ ਕਿ ਸਟੇਟ ਮੀਡੀਆ ਸਹੀ ਢੰਗ ਨਾਲ ਸਵਦੇਸ਼ੀ ਸੱਭਿਆਚਾਰਕ ਵਿਭਿੰਨਤਾ ਨੂੰ ਪ੍ਰਤੀਬਿੰਬਤ ਕਰੇ।”

ਪ੍ਰਗਟਾਵੇ ਦੀ ਆਜ਼ਾਦੀ ਦੀ ਪੂਰੀ ਗਾਰੰਟੀ ਕਰਨ ਦੀ ਜ਼ਿੰਮੇਵਾਰੀ ਨੂੰ ਪੱਖਪਾਤ ਤੋਂ ਬਿਨਾ ਪ੍ਰਣਾਏ ਦੇਸ਼ਾਂ ਨੂੰ ਪ੍ਰਾਈਵੇਟ ਮੀਡੀਆ ਕੰਪਨੀਆਂ ਨੂੰ ਵੀ ਸਵਦੇਸ਼ੀ ਸੱਭਿਆਚਾਰਕ ਵਿਭਿੰਨਤਾ ਨੂੰ ਸਹੀ ਢੰਗ ਨਾਲ ਥਾਂ ਦੇਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।

ਇਸਦਾ ਅਰਥ ਹੈ ਕਿ ਸਾਡੇ ਆਪਣੇ ਦ੍ਰਿਸ਼ਟੀਕੋਣ ਤੋਂ ਮੀਡੀਆ ਦੀ ਸਿਰਜਨਾ, ਮੀਡੀਆ ਜੋ ਸਾਡੀਆਂ ਚਿੰਤਾਵਾਂ ਨੂੰ ਸੰਬੋਧਿਤ ਹੋਵੇ ਅਤੇ ਸੰਸਾਰ ਨੂੰ ਦੱਸੇ ਕਿ ਕਾਰਪੋਰੇਟ ਲਾਲਚਾਂ ਦੇ ਮੁਕਾਬਲੇ ਕੀਤੇ ਜ਼ਿਆਦਾ ਗੁੰਝਲਦਾਰ ਮੁੱਦੇ ਹਨ। ਉਦਾਹਰਣ ਵਜੋਂ, ਯੂਕਾਟਨ ਪ੍ਰਾਇਦੀਪ ਵਿੱਚ ਮਾਯਾਨ ਭਾਸ਼ਾ ਵਿਚ ਇਕੋ ਅਖ਼ਬਾਰ, ਕ`ਇੰਤਸਿਲ ਚਾਰ ਸਾਲਾਂ ਤੋਂ ਇਤਿਹਾਸਕ ਮਹੱਤਤਾ ਵਾਲੇ ਲੇਖ ਪ੍ਰਕਾਸ਼ਿਤ ਕਰ ਰਿਹਾ ਹੈ। ਅਖ਼ਬਾਰ ਦਾ ਮਾਟੋ ਸਾਡੀ ਸਿਆਣਪ ਅਤੇ ਸਾਡੀ ਭਾਸ਼ਾ ਨੂੰ ਹਰ ਰੋਜ਼ ਇਸ ਦੇ ਦਰਸ਼ਨ ਕਰਵਾ ਕੇ ਮਾਣ ਬਖਸ਼ਦਾ ਹੈ।

ਅਜਿਹੀਆਂ ਵਿੱਦਿਅਕ ਪ੍ਰਣਾਲੀਆਂ ਦੀ ਫੌਰੀ ਜ਼ਰੂਰਤ ਹੈ ਜੋ ਸਾਡੇ ਲੋਕਾਂ ਦੀ ਸਿਆਣਪ ਨਾਲ ਲੈਸ ਹੋਵੇ, ਜੋ ਬਸਤੀਵਾਦੀ ਸੋਚ ਨੂੰ ਜਾਰੀ ਨਾ ਰਖੇ; ਆਰਥਿਕਤਾ, ਕਲਾ, ਸਿਹਤ, ਮਨੋਰੰਜਨ, ਪ੍ਰਣਾਲੀਆਂ, ਸਭਨਾਂ ਨੂੰ ਸਾਡੇ ਵਿਸ਼ਵਦ੍ਰਿਸ਼ਟੀਕੋਣ ਤੋਂ ਚਿਤਵੇ।

ਹਰੇਕ ਸ਼ਬਦ ਦਿਲ ਦੀ ਧੜਕਣ ਦੀ ਤਰ੍ਹਾਂ ਹੁੰਦਾ ਹੈ ਜੋ ਕਿ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਸੁਣਾਈ ਦੇ ਰਿਹਾ ਹੁੰਦਾ ਹੈ, ਕਿਤਾਬਾਂ ਅਤੇ ਡਿਜੀਟਲ ਮੀਡੀਆ ਵਿਚ ਹਰ ਇਕ ਅੱਖਰ ਆਜ਼ਾਦੀ ਦਾ ਇਕ ਹੋਰ ਰੂਪ – ਹਾਸ਼ੀਏ ਵੱਲ ਧੱਕਣ ਦੀ ਪ੍ਰਕਿਰਿਆ ਅਤੇ ਨਸਲਵਾਦ ਨੂੰ ਖ਼ਤਮ ਕਰਨ ਦਾ ਇੱਕ ਤਰੀਕਾ ਹੁੰਦਾ ਹੈ, ਕਿਉਂਕਿ ਅਸੀਂ ਉਹ ਸ਼ਖਸ ਹਾਂ ਜੋ ਆਪਣੇ ਮਾਪਿਆਂ ਅਤੇ ਦਾਦਾ-ਦਾਦੀਆਂ ਦੀ ਆਵਾਜ਼ ਨੂੰ ਮਾਣ ਸਨਮਾਨ ਨਾਲ ਅੱਗੇ ਲਿਜਾਂਦੇ ਹਾਂ।

ਇਸ ਲਈ ਸਾਨੂੰ ਸੰਚਾਰ ਦੇ , ਆਪਣੀ ਭਾਸ਼ਾ ਦਾ ਆਨੰਦ ਮਾਣਨ ਅਤੇ ਨਵੀਆਂ ਦੁਨੀਆਂ ਬਣਾਉਣ ਦੇ ਕਈ ਤਰੀਕਿਆਂ ਦੀ ਅਤੇ ਆਪਣੇ ਭਵਿੱਖ ਨੂੰ ਚਿਤਵਣ ਦੇ ਹੋਰ ਤਰੀਕਿਆਂ ਦੀ ਤਲਾਸ਼ ਕਰਨ ਵਾਸਤੇ ਸਾਧਨਾਂ ਨੂੰ ਵਧਾਉਣ ਦਾ ਮਹੱਤਵ ਹੈ। ਸਾਨੂੰ ਹੋਰ ਵਧੇਰੇ ਥਾਵਾਂ ਦੀ ਜਰੂਰਤ ਹੈ ਜਿੱਥੇ ਅਸੀਂ ਗੱਲਬਾਤ ਕਰ ਸਕੀਏ ਅਤੇ ਖੁੱਲ੍ਹ ਕੇ ਰਹਿ ਸਕੀਏ; ਉਹ ਥਾਵਾਂ ਜਿਥੇ ਸਾਡੀਆਂ ਮਾਂ ਬੋਲੀਆਂ ਕਾਇਮ ਰਹਿ ਸਕਣ, ਜਿਵੇਂ ਉਹ ਕਦੇ ਕਬਜੇ ਤੋਂ ਪਹਿਲਾਂ ਹੁੰਦੀਆਂ ਸਨ।

ਮੈਂ ਆਪਣੀ, ਨਾ ਹੀ ਮੇਰੇ ਤੋਂ ਪਹਿਲਾਂ ਹੋ ਚੁੱਕੇ ਜਾਂ ਮੇਰੇ ਪਿੱਛੋਂ ਆਉਣ ਵਾਲਿਆਂ ਦੀ ਸਿਰਫ਼ ਇਸ ਸਪੇਸ ਵਿਚ ਬੋਲਣ ਸਦਕਾ ਸ਼ਲਾਘਾ ਨਹੀਂ ਚਾਹੁੰਦਾ। ਮੈਕਸੀਕਨ ਸਟੇਟ ਦੇ ਇੱਕ ਨਾਗਰਿਕ ਹੋਣ ਦੇ ਨਾਤੇ, ਮੈਂ ਇਹ ਮੰਗ ਕਰਦਾ ਹਾਂ ਕਿ ਮੇਰੀ ਭਾਸ਼ਾ, ਸਾਡੀਆਂ ਭਾਸ਼ਾਵਾਂ ਅਤੇ ਲੋਕਾਂ ਕੋਲ, ਖਤਮ ਹੋ ਜਾਣ ਦੇ ਡਰ ਤੋਂ ਬਿਨਾਂ ਜਿਉਂਦੇ ਰਹਿਣ ਦੇ ਬਰਾਬਰ ਮੌਕੇ ਹੋਣ। ਇਸ ਦੇ ਪ੍ਰਾਪਤੀ ਲਈ ਇਹ ਜ਼ਰੂਰੀ ਹੈ ਕਿ ਜਿਹਨਾਂ ਕੋਲ ਕਾਨੂੰਨੀ ਅਤੇ ਅਧਿਕਾਰਤ ਚੌਖਟਿਆਂ ਦੇ ਅੰਦਰ ਕੁਝ ਕਰਨ ਦੀ ਕਾਬਲੀਅਤ ਹੋਵੇ, ਉਨ੍ਹਾਂ ਨੂੰ ਹੁਣ ਮੈਦਾਨ ਵਿੱਚ ਨਿਤਰਨਾ ਚਾਹੀਦਾ ਹੈ ਅਤੇ ਆਪਣੇ ਵਿਤ ਮੁਤਾਬਕ ਹਰ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ।

ਸ਼ੁਰੂਆਤ ਉਸ ਸੇਧ ਦੇ ਅਨੁਸਾਰ ਚਲਣਾ ਹੈ ਜੋ ਕਾਨੂੰਨ ਅਤੇ ਆਮ ਸੂਝ ਤੋਂ ਮਿਲਦੀ ਹੈ।

ਸ਼ਬਦ ਦਾ ਸਤਿਕਾਰ ਕਰਨਾ ਪਹਿਲਾ ਕਦਮ ਹੈ ਤਾਂ ਜੋ ਸਿਆਣਪ ਪਹੁੰਚ ਤੋਂ ਬਾਹਰ ਨਾ ਹੋ ਜਾਵੇ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.