- Global Voices ਪੰਜਾਬੀ ਵਿੱਚ - https://pa.globalvoices.org -

‘ਮੈਂ ਜ਼ਿੰਦਗੀ ਵਿੱਚ ਆਪਣੇ ਆਪ ਨੂੰ ਲੱਭਿਆ’: ਆਰਮੇਨੀਆਈ ਨਾਈ ਜੋ ਆਪਣੇ ਬਜ਼ੁਰਗ ਹਮਵਤਨੀਆਂ ਲਈ ਇੱਕ ਦੋਸਤ ਤੇ ਸਲਾਹਕਾਰ ਵੀ ਹੈ

ਸ਼੍ਰੇਣੀਆਂ: ਕੇਂਦਰੀ ਏਸ਼ੀਆ ਅਤੇ ਕਾਕੇਸਸ, ਆਰਮੇਨੀਆ, ਆਰਥਿਕਤਾ ਅਤੇ ਵਪਾਰ, ਕਲਾਵਾਂ ਅਤੇ ਸਭਿਆਚਾਰ, ਨਾਗਰਿਕ ਮੀਡੀਆ

ਇਹ ਵਾਰਤਾ [1] ਚਾਏ-ਖ਼ਾਨਾ [2] ਤੋਂ ਲਈ ਗਈ ਹੈ ਅਤੇ ਗਲੋਬਲ ਵੋਆਇਸਿਸ ਨਾਲ ਸਾਂਝੇਦਾਰੀ ਹੋਣ ਤਹਿਤ ਮੁੜਪ੍ਰਕਾਸ਼ਿਤ ਕੀਤੀ ਗਈ ਹੈ। ਲਿਖਤ ਅਤੇ ਵੀਡੀਓ: ਅੰਜ਼ਹੇਲਾ ਫਰੰਗਿਆਨ [3] ਅਤੇ ਇੰਨਾ ਮਖੀਤਾਰਿਆਨ [4]

ਇਹ 15*15 ਦਾ ਕਮਰਾ ਸਿਰਫ਼ ਮਰਦਾਂ ਲਈ ਹੈ। ਯੇਰੇਵਾਨ, ਆਰਮੇਨੀਆ ਦੀ ਰਾਜਧਾਨੀ, ਦੇ ਬਾਹਰਵਾਰ ਸਥਿਤ ਤੋਲਿਕ ਦੀ ਸੋਵੀਤਨੁਮਾ ਦੁਕਾਨ ਇਹਨਾਂ ਮਰਦਾਂ ਲਈ ਥਕਾਵਟ ਦੂਰ ਕਰਨ ਦੀ ਥਾਂ ਹੈ ਜਿੱਥੇ ਇਹ ਆਪਣੀਆਂ ਕਹਾਣੀਆਂ ਦੱਸਦੇ ਹਨ, ਆਪਣੀਆਂ ਚਿੰਤਾਵਾਂ ਬਾਰੇ ਗੱਲ ਕਰਦੇ ਹਨ — ਤੇ ਆਪਣੇ ਵਾਲ ਵੀ ਕਟਾਉਂਦੇ ਹਨ। ਇਹ ਨਾਈ ਦੀ ਦੁਕਾਨ ਇਹਨਾਂ ਮਰਦਾਂ ਲਈ ਪਨਾਹ ਲੈਣ ਦੀ ਇੱਕ ਥਾਂ ਹੈ, ਅਜਿਹੀ ਇੱਕ ਥਾਂ ਜਿੱਥੇ ਇਹ ਆਧੁਨਿਕ ਬਿਊਟੀ ਸਲੂਨਾਂ ਤੋਂ ਬੱਚ ਸਕਣ ਜੋ ਅੱਜ ਕੱਲ੍ਹ ਯੇਰੇਵਾਨ ਵਿੱਚ ਬਹੁਤ ਮਸ਼ਹੂਰ ਹੋ ਰਹੇ ਹਨ।

ਤੋਲਿਕ, ਜਿਸਦੀ ਉਮਰ 67 ਸਾਲ ਹੈ, ਦੇ ਗਾਹਕ ਉਸਦੀ ਬਹੁਤ ਇੱਜ਼ਤ ਕਰਦੇ ਹਨ, ਕਈ ਤਾਂ 40 ਤੋਂ ਵੱਧ ਸਾਲਾਂ ਤੋਂ ਆਪਣੇ ਵਾਲਾਂ ਅਤੇ ਆਪਣੇ ਖਿਆਲਾਂ ਲਈ ਇਸ ਉੱਤੇ ਭਰੋਸਾ ਕਰ ਰਹੇ ਹਨ। ਆਰਮੇਨੀਆ ਦੇ ਮਰਦ-ਭਾਰੂ ਸਮਾਜ ਵਿੱਚ ਇਹ ਦੁਕਾਨ ਅਜਿਹੀਆਂ ਬਹੁਤ ਥੋੜ੍ਹੀਆਂ ਥਾਵਾਂ ਵਿੱਚੋਂ ਇੱਕ ਹੈ ਜਿੱਥੇ ਮਰਦ ਆਪਣੀਆਂ ਕਮਜ਼ੋਰੀਆਂ ਬਾਰੇ ਖੁੱਲ੍ਹ ਕੇ ਗੱਲ ਕਰ ਸਕਦੇ ਹਨ ਜਿਵੇਂ ਕਿ ਉਹਨਾਂ ਦੀ ਆਪਣੇ ਵਾਲਾਂ ਅਤੇ ਆਪਣੀ ਦਿੱਖ ਬਾਰੇ ਚਿੰਤਾ। ਇੱਥੇ ਉਹਨਾਂ ਨੂੰ ਇਹ ਫ਼ਿਕਰ ਨਹੀਂ ਰਹਿੰਦਾ ਕਿ ਬਾਕੀ ਲੋਕ ਉਹਨਾਂ ਨੂੰ ਕਮਜ਼ੋਰ ਸਮਝਣਗੇ।