ਇੱਕ ਜਵਾਕ ਹੁੰਦਿਆਂ ਸਮਵੇਲ ਮਿਕਾਏਲਿਆਨ ਖੱਡੀ ਉੱਤੇ ਚੱਲਦੀਆਂ ਆਪਣੀ ਗਵਾਂਢਣ ਦੀਆਂ ਉਂਗਲਾਂ ਵੇਖ ਕੇ ਬਹੁਤ ਪ੍ਰਭਾਵਿਤ ਹੁੰਦਾ ਸੀ ਜਦੋਂ ਉਹ ਧਾਗੇ ਬੁਣਦੀ ਅਤੇ ਗੰਢਾਂ ਬਣਾਉਂਦੀ ਸੀ। ਉਹਨੇ ਉਦੋਂ ਹੀ ਸੋਚ ਲਿਆ ਸੀ ਕਿ ਉਹ ਇੱਕ ਜੁਲਾਹਾ ਬਣੇਗਾ ਅਤੇ ਗਲੀਚੇ ਬਣਾਇਆ ਕਰੇਗਾ – ਭਾਵੇਂ ਕਿ ਆਰਮੇਨੀਆ ਵਿੱਚ ਪਰੰਪਰਾਗਤ ਤੌਰ ਉੱਤੇ ਇਹ ਇੱਕ ਜ਼ਨਾਨਾ ਪੇਸ਼ਾ ਸੀ।
ਮਿਕਾਏਲਿਆਨ ਜਦੋਂ ਵੱਡਾ ਹੋਇਆ ਤਾਂ ਵੀ ਉਸਨੇ ਆਪਣੇ ਇਸ ਸੁਪਨੇ ਦਾ ਸਾਥ ਨਹੀਂ ਛੱਡਿਆ ਅਤੇ ਹੁਣ 53 ਸਾਲ ਦੀ ਉਮਰ ਵਿੱਚ ਉਹ ਆਰਮੇਨੀਆ ਦੇ ਗਿਣੇ ਚੁਣੇ ਮਰਦ ਜੁਲਾਹਿਆਂ ਵਿੱਚੋਂ ਹੈ ਅਤੇ ਉਸਦਾ ਮੰਨਣਾ ਹੈ ਕਿ ਗਲੀਚੇ ਲਿੰਗ ਨਹੀਂ ਦੇਖਦੇ।
ਹਫ਼ਤੇ ਵਿੱਚ ਤਿੰਨ ਦਿਨ ਉਹ ਪਿੰਡ ਦੀਆਂ ਦੋ ਕੰਮਕਾਜੀ ਸਾਥਣਾਂ, ਸਰਬੂਹੀ ਮਾਰਤੀਰੋਸਿਆਨ ਅਤੇ ਮਾਰਤਾ ਗਾਸਪਾਰਿਆਨ, ਦੇ ਨਾਲ ਆਪਣੇ ਪਿੰਡ ਸਾਸੁਨਿਕ ਦੇ ਹਾਊਸ ਔਫ਼ ਕਲਚਰ ਵਿਖੇ ਮਿਲਕੇ ਕੰਮ ਕਰਦਾ ਹੈ। ਇਸਦਾ ਪਿੰਡ, ਸਾਸੁਨਿਕ, ਆਰਮੇਨੀਆ ਦੀ ਰਾਜਧਾਨੀ ਯੇਰੇਵਾਨ ਤੋਂ 30 ਕਿਲੋਮੀਟਰ ਦੀ ਦੂਰੀ ਉੱਤੇ ਹੈ ਅਤੇ ਇਸਦਾ ਪਰਿਵਾਰ 1970ਵਿਆਂ ਦੀ ਸ਼ੁਰੂਆਤ ਵਿੱਚ ਦੱਖਣੀ-ਅਜ਼ਰਬਾਈਜਾਨ ਤੋਂ ਪਰਵਾਸ ਕਰਕੇ ਇਸ ਪਿੰਡ ਵਿੱਚ ਆਕੇ ਰਹਿਣ ਲੱਗਿਆ। ਉਦੋਂ ਉਹ ਸੱਤ ਸਾਲਾਂ ਦਾ ਸੀ ਤੇ ਉਸ ਤੋਂ ਬਾਅਦ ਉਸਨੇ ਸਾਰੀ ਉਮਰ ਸਾਸੁਨਿਕ ਵਿੱਚ ਹੀ ਹੰਢਾਈ ਹੈ। ਉਸਦੀ ਦਾਦੀ, ਜੋ ਤੁਰਕੀ ਵਿੱਚ ਜੰਮੀ-ਪਲੀ ਸੀ, ਵੀ ਇੱਕ ਜੁਲਾਹੀ ਸੀ ਪਰ ਉਸਦਾ ਬਣਾਇਆ ਕੋਈ ਵੀ ਗਲੀਚਾ ਆਰਮੇਨੀਆ ਨਹੀਂ ਲਿਆਇਆ ਜਾ ਸਕਿਆ।
ਹਫ਼ਤੇ ਦੇ ਬਾਕੀ ਤਿੰਨ ਮਿਕਾਏਲਿਆਨ ਹੋਰ ਕਈ ਕੰਮ ਕਰਦਾ ਹੈ: ਉਹ ਆਰਮੇਨੀਅਨ ਨਾਨ ਬਣਾਉਂਦਾ ਹੈ ਜਿਹਨਾਂ ਨੂੰ ਲਵਾਸ਼ ਕਹਿੰਦੇ ਹਨ, ਅਤੇ ਨਾਲ ਹੀ ਉਹ ਆਪਣੇ ਘਰੇ ਹੀ ਦਰਜੀ ਦਾ ਕੰਮ ਵੀ ਕਰਦਾ ਹੈ। ਉਹ ਆਪਣੇ ਦੋ ਮੁੰਡਿਆਂ ਨੂੰ ਵੀ ਇੱਕਲਾ ਹੀ ਪਾਲਦਾ ਹੈ।