ਜਦੋਂ ਮੈਂ ਇਕ ਬੱਚਾ ਸੀ ਅਤੇ ਸੁਡਾਨ ਵਿਚ ਡੀਸੀ ਅਤੇ ਮਾਰਵਲ ਕਾਮਿਕਸ ਦੇ ਅਰਬੀ ਭਾਸ਼ਾ ਦੇ ਰੁਪਾਂਤਰ ਪੜ੍ਹਿਆ ਕਰਦਾ ਸੀ, ਤਾਂ ਮੈਂ ਸੁਪਰਹੀਰੋਆਂ ਵਿਚ ਵਿਸ਼ਵਾਸ ਕਰਦਾ ਹੁੰਦਾ ਸੀ। ਪਰ ਮੈਨੂੰ ਇਹ ਨਹੀਂ ਸਮਝਿਆ ਕਿ ਕਿਉਂ ਕੋਈ ਵੀ ਸੁਪਰਹੀਰੋ ਮੇਰੇ ਵਰਗਾ ਦਿਖਾਈ ਨਹੀਂ ਦੇ ਰਿਹਾ ਸੀ ਜਾਂ ਉਹ ਕਹਾਣੀਆਂ ਜਿਹੜੀਆਂ ਮੇਰੇ ਵਰਗੇ ਲੋਕ ਦੱਸ ਸਕਦੇ ਹੋਣ। ਸ਼ਾਇਦ ਇਸੇ ਲਈ ਮੈਂ ਕਾਰਟੂਨਿਸਟ ਬਣਨ ਦਾ ਫੈਸਲਾ ਕੀਤਾ?
ਮੇਰੇ ਬਚਪਨ ਦੀਆਂ ਭਾਵਨਾਵਾਂ ਕੱਲ੍ਹ ਟਵਿਟਰ ਉੱਤੇ ਸਾਹਮਣੇ ਆ ਖੜੀਆਂ ਹਈਆਂ ਜਦੋਂ ਮੈਂਨੂੰ ਇਕ ਵਿਅਕਤੀ ਦੀ ਵਾਇਰਲ ਵੀਡੀਓ ਟੱਕਰ ਗਈ, ਜਿਸ ਵਿੱਚ ਆਦਮੀ ਇਕ ਬੱਚੇ ਨੂੰ ਬਚਾਉਣ ਲਈ 20 ਸਕਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਇੱਕ ਚਾਰ ਮੰਜਲੀ ਇਮਾਰਤ ਤੇ ਬਿਨਾਂ ਕਿਸੇ ਸੁਆਰਥ ਦੇ ਚੜ੍ਹ ਗਿਆ ਸੀ, ਹੈਸ਼ਟੈਗਡ #ਪੈਰਸਸਪਾਈਡਰਮਾਨ
ਮੇਰੇ ਟਵਿੱਟਰ ਫੀਡ ਨੇ ਮੈਂਨੂੰ ਰਹੱਸਮਈ #ਪੈਰਸਸਪਾਈਡਰਮੈਨ ਦੀ ਗੁਪਤ ਪਛਾਣ ਦੇ ਕੁਝ ਕੁ ਟੋਟਕੇ ਦਿੱਤੇ, ਫਿਰ ਤਾਂ ਮੇਰੀ ਟਵਿੱਟਰ ਫੀਡ ਤੇ ਧੜਾ ਧੜ ਜਾਣਕਾਰੀ ਆਉਣ ਲੱਗੀ। ਉਸ ਦਾ ਨਾਮ ਮਾਮੂਡੋ ਗਸਾਮਾ ਹੈ ਅਤੇ, ਮਾਲੀ ਤੋਂ ਇੱਕ ਗ਼ੈਰ-ਦਸਤਾਵੇਜ਼ੀ ਆਵਾਸੀ ਸੀ। “ਇਹ ਬਲੈਕ ਪੈਂਥਰ ਨਾਲੋਂ ਇੱਕ ਬਹੁਤ ਵਧੀਆ ਅਤੇ ਹੋਰ ਯਥਾਰਥਵਾਦੀ ਪਲਾਟ ਹੈ,” ਮੈਂ ਆਪਣੇ ਮਨ ਵਿੱਚ ਸੋਚਿਆ।
ਇਸ ਨਵੇਂ ਹੀਰੋ ਦੀ ਮੂਲ ਕਹਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਨ ਲਈ ਮੈਂ ਹੈਸ਼ਟੈਗ ਨੂੰ ਮੁੜ-ਤਾਜ਼ਾ ਕੀਤਾ, ਮੈਨੂੰ ਹੈਰਾਨੀ ਹੋਈ ਕਿ ਉਸ ਦੇ ਧਰਮ ਦਾ ਜ਼ਿਕਰ ਨਹੀਂ ਸੀ ਕੀਤਾ ਗਿਆ, ਜਦਕਿ ਇਹ ਆਮ ਤੌਰ ਤੇ ਕਲਿੱਕਬੈਟ ਸੁਰਖੀਆਂ ਅਤੇ ਹੈਸ਼ਟੈਗ ਤੇ ਪਹਿਲੇ ਵਿਸ਼ੇਸ਼ਣ ਹੁੰਦਾ ਹੈ ਜਦੋਂ ਕੋਈ ਆਵਾਸੀ ਕੋਈ ਮਾੜਾ ਕੰਮ ਕਰਦਾ ਹੈ।
ਕੁਝ ਘੰਟਿਆਂ ਦੇ ਅੰਦਰ-ਅੰਦਰ, ਸੁਰਖੀਆਂ ਦੱਸ ਰਹੀਆਂ ਸੀ ਕਿ #ਪੈਰਸਸਪਾਈਡਰਮੈਨ ਨੂੰ ਫਰਾਂਸ ਦੇ ਰਾਸ਼ਟਰਪਤੀ ਨੂੰ ਮਿਲਣ ਲਈ ਬੁਲਾਇਆ ਗਿਆ ਸੀ ਅਤੇ ਇਹ ਕਿ ਉਸਨੂੰ ਨਾਗਰਿਕਤਾ ਦਿੱਤੀ ਜਾਵੇਗੀ। ਇੱਕ ਸੁਪਰਹੀਰੋ ਕਹਾਣੀ ਦੇ ਨਾਇਕ ਦੀ ਭੂਮਿਕਾ ਲਈ ਇੱਕ ਪ੍ਰਤਿਨਿਧ ਜ਼ੀਰੋ ਤੋਂ ਹੀਰੋ ਇੰਟਰੋ। ਪਿਛੋਕੜ ਦੀ ਕਹਾਣੀ ਦੇ ਵੇਰਵੇ ਬਹੁਤ ਸਾਹਮਣੇ ਲਿਆਂਦੇ ਗਏ, ਉਹੀ ਘਸੀਆਂ ਪਿਟੀਆਂ ਗੱਲਾਂ (ਕਾਲਾ, ਸੰਘਰਸ਼ਸ਼ੀਲ, ਗ਼ਰੀਬ, ਬੇਘਰ-ਘਾਟ) ਨੂੰ ਉਜਾਗਰ ਕਰਦੀਆਂ, ਤੇ ਫਿਰ ਤੇਜ਼ੀ ਨਾਲ ਅਚਾਨਕ ਦ੍ਰਿਸ਼ ਨੂੰ ਨਾਟਕੀ ਘਟਨਾ ਤੇ, ਜਿੱਥੇ ਅਗਿਆਤ ਐਰਾ ਗਿਰਾ ਹੀਰੋ ਇਕ ਤਮਾਸ਼ੇ ਵਾਂਗ ਜੁੜੀ ਭੀੜ ਦੇ ਦੇਖਦੇ ਦੇਖਦੇ ਬੱਚੇ ਨੂੰ ਬਚਾ ਲੈਂਦਾ ਹੈ। – ਅਤੇ ਲਉ! – ਜਿਆਦਾਤਰ-ਗੋਰੇ ਸੁਪਰਹੀਰੋਆਂ ਦੀ ਕਤਾਰ ਵਿੱਚ ਨੂੰ ਇੱਕ ਨਵਾਂ “ਘੱਟ ਗਿਣਤੀ” ਹੀਰੋ ਜੁੜ ਜਾਂਦਾ ਹੈ।
ਲਓ ਇਹ ਗੁੰਮਸ਼ੁਦਾ ਪਿਛੋਕੜ ਦੀ ਕਹਾਣੀ ਹੈ: ਗਾਸਾਮਾ ਮਾਲੀ ਤੋਂ ਨਿੱਕਲ ਪਿਆ ਸੀ ਜਦ ਅਜੇ ਉਹ ਇੱਕ ਕਿਸ਼ੋਰ ਸੀ ਅਤੇ [ਬੁਰਕੀਨਾ ਫਾਸੋ], ਲਿਬੀਆ ਰਾਹੀਂ ਸਫ਼ਰ ਕੀਤਾ ਸੀ, ਜਿੱਥੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਨੂੰ ਕੁੱਟਿਆ ਵੀ ਗਿਆ- ਅੱਗੇ ਤੱਟ ਤੇ ਪਹੁੰਚ ਗਿਆ ਜਿੱਥੋਂ ਉਸ ਨੇ ਇਟਲੀ ਲਈ ਇੱਕ ਕਸ਼ਤੀ ਰਾਹੀਂ ਖ਼ਤਰਿਆਂ ਭਰੀ ਯਾਤਰਾ ਕੀਤੀ। ਉਹ ਸਤੰਬਰ 2017 ਵਿਚ ਆਪਣੇ ਭਰਾ ਕੋਲ ਫ਼ਰਾਂਸ ਆਉਣ ਤੋਂ ਪਹਿਲਾਂ ਚਾਰ ਸਾਲ ਇਟਲੀ ਵਿਚ ਰਿਹਾ। ਫਰਾਂਸ ਵਿਚ ਸਹੀ ਦਸਤਾਵੇਜ ਨਾ ਹੋਣ ਕਾਰਨ, ਉਹ ਹਰ ਰਾਤ ਪੈਰਸ ਦੇ ਬਾਹਰ ਮੋਂਟਰੇਉਲੀ ਵਿਚ ਆਵਾਸੀਆਂ ਲਈ ਇਕ ਨਿਵਾਸ ਦੇ ਫਰਸ ਤੇ ਸੌਂਦਾ ਸੀ ਅਤੇ ਹਰ ਰਾਤ ਇਕ ਪਤਲੀ ਦਰੀ ਵਿਛਾ ਲੈਂਦਾ ਅਤੇ ਸਵੇਰੇ ਇਸ ਨੂੰ ਸਮੇਤ ਲੈਂਦਾ ਹੁੰਦਾ ਸੀ। ਉਸ ਛੇ ਹੋਰਨਾਂ ਨਾਲ ਇੱਕ ਭੀੜੇ ਕਮਰੇ ਵਿੱਚ ਰਹਿੰਦਾ ਸੀ ਅਤੇ ਉਹ ਬਿਨਾਂ ਸ਼ੱਕ ਕਾਨੂੰਨੀ ਤੌਰ ਤੇ ਕੰਮ ਕਰਨ ਦੇ ਯੋਗ ਨਹੀਂ ਸਨ।
ਇਸ ਲਈ ਉਸ ਇਮਾਰਤ ਤੇ ਚੜ੍ਹਨਾ ਸ਼ਾਇਦ ਸਭ ਤੋਂ ਸੌਖਾ ਕੰਮ ਸੀ ਜੋ ਮਾਮੂਡੋ ਨੇ ਕਈ ਸਾਲਾਂ ਦੌਰਾਨ ਕੀਤਾ ਸੀ।
ਪਾਠਕਾਂ ਨੂੰ ਜੋ ਸਮਝਣਾ ਚਾਹੀਦਾ ਹੈ ਅਤੇ ਇਸ ਵਾਰ ਕਹਾਣੀਕਾਰਾਂ ਨੂੰ ਅਲੱਗ ਤਰੀਕੇ ਨਾਲ ਜੋ ਕਰਨ ਦੀ ਜ਼ਰੂਰਤ ਹੈ, ਉਹ ਹੈ ਕਿ ਸਾਡੇ ਨਾਇਕ ਦੀ ਜ਼ਿੰਦਗੀ ਦੇ ਵੇਰਵਿਆਂ ਉੱਤੇ ਅਤੇ ਅਸਲੀ ਮੁਸ਼ਕਲਾਂ ਉੱਤੇ ਹੋਰ ਰੋਸ਼ਨੀ ਪਾਈ ਜਾਵਰੇ ਜੋ ਉਸ ਨੂੰ ਬੱਚੇ ਨੂੰ ਬਚਾਉਣ ਲਈ ਉਸ ਇਮਾਰਤ ਤੇ ਚੜ੍ਹਨ ਤੋਂ ਪਹਿਲਾਂ ਹੱਡੀਂ ਹੰਢਾਉਣੀਆਂ ਪਈਆਂ ਸਨ। ਸੁਪਰਮੈਨ, ਸਭ ਤੋਂ ਵੱਡਾ ਸੁਪਰਹੀਰੋ, ਇਕ ਆਵਾਸੀ ਸੀ ਪਰ ਉਹ “ਵਧੀਆ ਕਿਸਮ ਦਾ” ਸੀ, ਜੋ ਕਿ “ਆਮ” ਵਰਗਾ ਲੱਗਦਾ ਹੈ ਅਤੇ ਇਸ ਵਿੱਚ ਫਿੱਟ ਆਉਂਦਾ ਹੈ, ਅਤੇ ਜਿਸ ਨੂੰ ਅਟਕਲ ਨਾਲ ਖੋਜਿਆ ਜਾਂ ਧਿਆਨ ਹੇਠ ਨਹੀਂ ਲਿਆ ਜਾਂਦਾ।
ਇਸ ਨਵੇਂ ਅਤੇ ਵੱਖਰੇ ਸੁਪਰਹੀਰੋ ਦੀ ਜਾਣ-ਪਛਾਣ ਤੋਂ ਫਰਾਂਸ, ਅਤੇ ਬਾਕੀ ਸਾਰੀ ਦੁਨੀਆ ਨੂੰ ਸਮਝਣ ਦੀ ਲੋੜ ਹੈ ਕਿ ਉਨ੍ਹਾਂ ਕਿਸ਼ਤੀਆਂ ਤੇ ਕਿੰਨੇ ਸੁਪਰਹੀਰੋ ਆਏ ਹੋਣੇ ਹਨ ਜੋ ਹਾਲੇ ਆਪਣੀ ਪਛਾਣ ਕਰਾਉਣ ਵਾਲੇ ਦ੍ਰਿਸ਼ ਦੀ ਉਡੀਕ ਕਰ ਰਹੇ ਹਨ।
ਅਗਲਾ ਮੁੱਦਾ: ਕੀ ਸਾਡਾ ਹੀਰੋ ਆਪਣੀ ਪੰਜ ਮਿੰਟ ਦੀ ਪ੍ਰਸਿੱਧੀ ਨਾਲ ਸਿਝ ਲਵੇਗਾ? ਉਹ ਹੁਣ ਕਿਵੇਂ ਪ੍ਰਬੰਧ ਕਰੇਗਾ ਜਦੋਂ ਉਸ ਦੀਆਂ ਸ਼ਕਤੀਆਂ ਖੋਜ ਲਈਆਂ ਗਈਆਂ ਹਨ?