ਕੁਝ ਇਰਾਕੀ ਲੋਕਾਂ ਨੇ ‘ਵਿਅਰਥ’ ਚੋਣਾਂ ਦਾ ਬਾਈਕਾਟ ਕੀਤਾ, ਤਾਂ ਦੂਸਰਿਆਂ ਨੇ ਪਾਰਲੀਮੈਂਟ ਨੂੰ ਬਦਲ ਦੇਣ ਲਈ ਵੋਟ ਪਾਈ

ਮੁਕਤਦਾ ਅਲ-ਸਦਰ ਦੇ ਸਮਰਥਕਾਂ ਦਾ ਸਕਰੀਨ ਸ਼ਾਟ। ਉਹ ਚੋਣ ਜਿੱਤ ਦਾ ਜਸ਼ਨ ਮਨਾ ਰਹੇ ਹਨ। ਯੂ ਸਕਰੀਨਸ਼ਾਟ ਦਾ ਸ੍ਰੋਤ: 14 ਮਈ, 2018 ਨੂੰ ਪੀਬੀਐੱਸਨਿਊਜ਼ਆਵਰ ਚੈਨਲ ਤੇ ਯੂ ਟਿਊਬ ਵੀਡੀਓ ‘ਕਿਵੇਂ ਇਰਾਕ ਚੋਣ ਵਿੱਚ ਸਭ ਤੋਂ ਅੱਗੇ ਮੁਕਤਦਾ ਅਲ-ਸਦਰ ਨੇ ਵਿਆਪਕ ਨਿਰਾਸ਼ਾ ਨੂੰ ਵਰਤਿਆ’

ਪਿਛਲੇ ਸਾਲ ਆਈਐਸਆਈਐਸ ਨੂੰ ਹਰਾਉਣ ਤੋਂ ਬਾਅਦ ਇਕ ਅਚਾਨਕ ਪਾਰ-ਸੰਪਰਦਾਇਕ ਗਠਜੋੜ ਨੇ ਪਹਿਲੀਆਂ ਇਰਾਕੀ ਪਾਰਲੀਮੈਂਟ ਚੋਣਾਂ ਜਿੱਤੀਆਂ।

ਵੋਟਰਾਂ ਨੇ ਪ੍ਰਭਾਵਸ਼ਾਲੀ ਸ਼ੀਆ ਕਲੀਨਿਕ ਮੁਕਤਦਾ ਅਲ-ਸਦਰ ਦੀ ਅਗਵਾਈ ਵਾਲੇ ਸੈਰੋਂਨ (ਮਾਰਚਿੰਗ ਟੂਵਰਡ ਰਿਫਾਰਮ) ਅਲਾਇੰਸ ਨੂੰ ਅੱਗੇ ਵਧਾ ਕੇ ਰਾਜਨੀਤਿਕ ਸਥਿਤੀ ਦੀ ਖੜੋਤ ਨੂੰ ਤੋੜਨ ਦਾ ਫੈਸਲਾ ਕੀਤਾ। ਇਹ ਗੱਠਜੋੜ ਸਦਰ ਦੀ ਇਸਤੀਕਮਾ (ਇਮਾਨਦਾਰੀ) ਪਾਰਟੀ ਅਤੇ ਇਰਾਕ ਦੀ ਕਮਿਊਨਿਸਟ ਪਾਰਟੀ ਸਮੇਤ ਛੇ ਹੋਰ ਧਰਮ ਨਿਰਪੱਖ ਜਥੇਬੰਦੀਆਂ ਤੇ ਅਧਾਰਿਤ ਸੀ ਅਤੇ ਇਸ ਨੇ1ਕਰੋੜ 30 ਲੱਖ ਤੋਂ ਵੱਧ ਵੋਟਾਂ ਲਈਆਂ ਅਤੇ ਕੁੱਲ 329 ਸੀਟਾਂ ਵਾਲੀ ਪਾਰਲੀਮੈਂਟ ਵਿੱਚ 54 ਸੀਟਾਂ ਲਈ ਦਾਹਵਾ ਕਰੇਗਾ।

ਜਦੋਂ ਤੋਂ ਇਰਾਕ ਨੇ 2005 ਵਿਚ ਲੋਕਤੰਤਰੀ ਚੋਣਾਂ ਸ਼ੁਰੂ ਕੀਤੀਆਂ ਸਨ, ਸਿਆਸਤਦਾਨਾਂ ਨੇ ਇਰਾਕੀ ਲੋਕਾਂ ਦੀ ਸੰਪਰਦਾਇਕ ਪਹਿਚਾਣ ਨੂੰ ਅਪੀਲ ਕਰਕੇ ਲਗਾਤਾਰ ਵੋਟਾਂ ਮੰਗੀਆਂ ਹਨ। ਇਸ ਲਈ ਸੈਰਾਓਂ ਦੀ ਜਿੱਤ ਇਰਾਕੀ ਰਾਜਨੀਤਕ ਇਤਿਹਾਸ ਵਿਚ ਇਕ ਮਹੱਤਵਪੂਰਣ ਪਲ ਹੈ, ਜਿਸ ਵਿਚ ਇਹ ਸਾਬਤ ਕੀਤਾ ਗਿਆ ਹੈ ਕਿ ਇਰਾਕ ਦੇ ਲੋਕਾਂ ਨੂੰ ਨਸਲੀ-ਸੰਪ੍ਰਦਾਇਕ ਕੱਟੜ ਲੀਹਾਂ ਤੇ ਵੋਟ ਦੇਣ ਦੀ ਲੋੜ ਨਹੀਂ ਹੈ ਅਤੇ ਭਵਿੱਖ ਦੇ ਸਿਆਸਤਦਾਨਾਂ ਨੂੰ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਹੋਰ ਕੁਝ ਕਰਨਾ ਪਵੇਗਾ।

ਇਹ ਪਛਾਣ ਰਾਜਨੀਤੀ ਤੋਂ ਦੂਰ ਦੇਸ਼ ਨੂੰ ਦਰਪੇਸ਼ ਮੁੱਦਿਆਂ ਤੇ ਕੇਂਦ੍ਰਿਤ ਚੋਣ ਮੁਹਿੰਮ ਵੱਲ ਸੰਭਵ ਬਦਲਾਅ ਨੂੰ ਵੀ ਦਰਸਾਉਂਦੀ ਹੈ।

ਸਦਰ ਨੇ ਸਰਕਾਰ ਵਿਚ ਸੁਧਾਰ ਕਰਨ, ਭ੍ਰਿਸ਼ਟਾਚਾਰ ਨੂੰ ਖਤਮ ਕਰਨ ਅਤੇ ਜਨਤਕ ਸੇਵਾਵਾਂ ਬਿਹਤਰ ਬਣਾਉਣ ਦੇ ਮੁੱਦਿਆਂ ਤੇ ਆਪਣੀ ਮੁਹਿੰਮ ਨੂੰ ਫ਼ੋਕਸ ਕਰਨ ਦੇ ਨਾਲ ਆਪਣੇ ਆਪ ਨੂੰ ਰਾਸ਼ਟਰਵਾਦੀ ਅਤੇ ਲੋਕਪ੍ਰਿਅਵਾਦੀ ਦੇ ਰੂਪ ਵਿਚ ਪੇਸ਼ ਕਰਕੇ ਬੀਤੇ ਸਮੇਂ ਦੇ ਅਤੇ ਮੌਜੂਦ ਹੋਰਨਾਂ ਇਰਾਕੀ ਸਿਆਸਤਦਾਨਾਂ ਨਾਲੋਂ ਅੱਡਰੀ ਆਪਣੀ ਪਛਾਣ ਬਣਾਈ ਹੈ।

ਉਹ ਇਕ ਤਕਨੀਕੀ ਸਰਕਾਰ ਬਣਾਉਣ ਦਾ ਵੀ ਸਮਰਥਨ ਕਰਦਾ ਹੈ, ਜੋ ਉਸ ਨਸਲੀ-ਸੰਕੀਰਨ ਸੰਪਰਦਾਇਕ ਕੋਟਾ ਪ੍ਰਣਾਲੀ ਤੋਂ ਅੱਗੇ ਵਧੇ ਜਿਸ ਨੇ ਆਮ ਤੌਰ ਤੇ ਅਯੋਗ ਅਤੇ ਭ੍ਰਿਸ਼ਟ ਰਾਜਨੀਤਿਕ ਇਲੀਟ ਨੂੰ ਸਥਾਪਿਤ ਕਰ ਦਿੱਤਾ ਹੋਇਆ ਹੈ।

‘ਬਾਈਕਾਟ ਨੂੰ ਛੱਡ ਕੇ ਮੈਨੂੰ ਆਪਣੀ ਮਰਜ਼ੀ ਦਾ ਪ੍ਰਗਟਾਵਾ ਕਰਨ ਲਈ ਹੋਰ ਕੋਈ ਵਿਕਲਪ ਨਹੀਂ ਮਿਲਿਆ’

ਪਰ ਜਦੋਂ ਕਿ ਇਰਾਕ ਦਾ ਸਿਆਸੀ ਦ੍ਰਿਸ਼ ਸ਼ਾਇਦ ਬਿਹਤਰ ਹੋਣ ਦੇ ਲਈ ਬਦਲ ਰਿਹਾ ਹੋਵੇ, ਇਸ ਸਾਲ ਦੇ ਰਿਕਾਰਡ ਘੱਟ ਮਤਦਾਨ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਰਾਕ ਦੇ ਲੋਕ ਵਿਸ਼ਵਾਸ ਗੁਆ ਰਹੇ ਹਨ ਕਿ ਵੋਟਿੰਗ ਨਾਲ ਸਕਾਰਾਤਮਕ ਬਦਲਾਅ ਆਵੇਗਾ।

ਇਰਾਕ ਦੀ ਚੋਣ ਕਮਿਸ਼ਨ ਦੇ ਅਨੁਸਾਰ, ਇਸ ਸਾਲ ਦੇ 22 ਮਿਲੀਅਨ ਯੋਗ ਵੋਟਰਾਂ ਵਿੱਚੋਂ 44.5 ਫੀਸਦ ਨੇ ਆਪਣੀ ਵੋਟ ਦਿੱਤੀ ਹੈ, ਜੋ ਕਿ ਸਾਲ 2010 ਅਤੇ 2014 ਦੀਆਂ ਚੋਣਾਂ ਵਿੱਚ 62 ਪ੍ਰਤੀਸ਼ਤ ਅਤੇ 2005 ਵਿੱਚ 70 ਪ੍ਰਤੀਸ਼ਤ ਦੀ ਸਿਖਰ ਦੀ ਦਰ ਨਾਲੋਂ ਵੱਡੀ ਗਿਰਾਵਟ ਦੀ ਲਖਾਇਕ ਹੈ।

ਵੋਟਰ ਉਤਸਾਹ ਵਿੱਚ ਇਹ ਗਿਰਾਵਟ ਇਹ ਦਰਸਾਉਂਦੀ ਹੈ ਕਿ ਕਿਸ ਤਰ੍ਹਾਂ ਵੋਟਰ ਸਿਆਸੀ ਪ੍ਰਕਿਰਿਆ ਤੋਂ ਨਿਰਾਸ਼ਾ ਹੋ ਗਏ ਹਨ। ਇਰਾਕ ਦੇ ਲੋਕਾਂ ਨੇ ਭ੍ਰਿਸ਼ਟਾਚਾਰ, ਆਰਥਕ ਅਸਥਿਰਤਾ, ਅਤੇ ਵਿਗੜਦੀਆਂ ਜਨਤਕ ਸੇਵਾਵਾਂ ਨੂੰ ਸੰਬੋਧਿਤ ਕਰਨ ਲਈ ਸਰਕਾਰ ਦੁਆਰਾ ਕੋਈ ਕੋਸ਼ਿਸ਼ ਨਹੀਂ ਦੇਖੀ।

ਇਰਾਕ ਦੇ ਕਾਰਕੁਨਾਂ ਨੇ ਤਾਂ ਵੋਟਰਾਂ ਨੂੰ ਚੋਣਾਂ ਦਾ ਬਾਈਕਾਟ ਕਰਨ ਲਈ ਉਤਸ਼ਾਹਿਤ ਕਰਨ ਲਈ ਇੱਕ ਸੋਸ਼ਲ ਮੀਡੀਆ ਮੁਹਿੰਮ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੇ ਕੋਈ ਪਰਿਵਰਤਨ ਨਾ ਹੋਣ ਦੇ ਨਾਲ ਨਾਲ ਉਨ੍ਹਾਂ ਕਾਨੂੰਨਾਂ ਦਾ ਹਵਾਲਾ ਦਿੱਤਾ ਜੋ ਮੌਜੂਦਾ ਸਿਆਸੀ ਦ੍ਰਿਸ਼ ਨੂੰ ਬਰਕਰਾਰ ਰੱਖਣ ਲਈ ਛੋਟੀਆਂ ਪਾਰਟੀਆਂ ਨੂੰ ਬਾਹਰ ਰੱਖਣ ਦੀ ਕੋਸ਼ਿਸ਼ ਕਰਦੇ ਹਨ।

ਵਾਸ਼ਿੰਗਟਨ ਪੋਸਟ ਲਈ ਇਕ  ਇੰਟਰਵਿਊ ਵਿਚ ਬਗਦਾਦ ਦੇ ਲੇਖਕ ਮੁਸਤਫਾ ਸੇਡੂਨ ਨੇ ਦੱਸਿਆ ਕਿ ਉਨ੍ਹਾਂ ਨੇ ਚੋਣਾਂ ਤੋਂ ਪਾਸੇ ਰਹਿਣ ਦਾ ਫ਼ੈਸਲਾ ਕਿਉਂ ਕੀਤਾ:

ਮੈਂ ਪਿਛਲੀਆਂ ਸਾਰੀਆਂ ਚੋਣਾਂ ਵਿਚ ਹਿੱਸਾ ਲਿਆ, ਪਰ ਫਿਰ ਵੀ ਕੋਈ ਤਬਦੀਲੀ ਨਹੀਂ ਹੋਈ. ਅਸੀਂ ਚੋਣ ਪ੍ਰਣਾਲੀ ਦੇ ਵਿਰੁੱਧ ਮੁਜਾਹਰਾ ਕੀਤਾ, ਪਰ ਕਿਸੇ ਨੇ ਨਹੀਂ ਸੁਣਿਆ। ਮੈਨੂੰ ਬਾਈਕਾਟ ਨੂੰ ਛੱਡ ਕੇ, ਆਪਣੀ ਅਸਹਿਮਤੀ ਪ੍ਰਗਟ ਕਰਨ ਲਈ ਹੋਰ ਕੋਈ ਰਾਹ ਨਹੀਂ ਲੱਭਿਆ।

ਇਰਾਕੀ ਬਲੌਗਰ ਸਬਾ ਸੁਭੀ ਨੇ ਇਕ ਬਹੁ-ਭਾਸ਼ੀ ਇਰਾਕੀ ਨਿਊਜ਼ ਦੀ ਵੈਬਸਾਈਟ, ਨਿਕ਼ਾਸ਼ ਨਾਲ ਗੱਲ ਕਰਦਿਆਂ ਇਹੀ ਭਾਵਨਾ ਸਾਂਝੀ ਕੀਤੀ:

ਅਸੀਂ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਕਿਉਂਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਹ ਵਿਅਰਥ ਹੈ। ਬਦਲਾਅ ਲਈ ਕੋਈ ਅਸਲ ਮੌਕਾ ਨਹੀਂ ਹੈ ਅਤੇ ਅਸੀਂ ਇੱਕ ਕਾਲ਼ੇ ਛੇਕ ਵਿੱਚ ਫਸ ਗਏ ਹਾਂ ਜੋ ਰਾਜਨੀਤਿਕ ਕੁਲੀਨ ਵਰਗ ਨੇ ਖੋਦਿਆ ਸੀ; ਉਹ ਇਹ ਯਕੀਨੀ ਬਣਾਉਣ ਲਈ ਕਾਨੂੰਨ ਪਾਸ ਕਰਨ ਲਈ ਆਪਣੀ ਸ਼ਕਤੀ ਦੀ ਵਰਤੋਂ ਕੀਤੀ ਕਿ ਵੱਡੀਆਂ ਪਾਰਟੀਆਂ ਸਰਕਾਰ ਵਿੱਚ ਰਹਿਣ ਅਤੇ ਆਪਣੇ ਭ੍ਰਿਸ਼ਟ ਤਰੀਕੇ ਜਾਰੀ ਰੱਖਣ। ਇਹ ਕਾਨੂੰਨ ਵੋਟਰਾਂ ਨੂੰ ਉਨ੍ਹਾਂ ਨੂੰ ਸੱਤਾ ਵਿੱਚੋਂ ਹਟਾਉਣ ਦਾ ਮੌਕਾ ਵੀ ਨਹੀਂ ਦਿੰਦੇ।

ਇਰਾਕੀ ਹਸਨ ਸ਼ਿਆਨ ਨੇ ਅਰਬੀ ਭਾਸ਼ਾ ਦੇ ਇਕ ਇਰਾਕੀ ਨਿਊਜ਼ ਚੈਨਲ ਅਲ-ਰਫੀਦਾਇਨ ਨਾਲ ਆਪਣੀ ਨਿਰਾਸ਼ਾ ਵੀ ਸਾਂਝੀ ਕੀਤੀ:

ਉਹੀ ਭ੍ਰਿਸ਼ਟ ਸਿਆਸਤਦਾਨ ਹਮੇਸ਼ਾ ਸੱਤਾ ‘ਚ ਵਾਪਸ ਆਉਣ ਦੇ ਸਮਰੱਥ ਰਹਿਣਗੇ। ਇਰਾਕ ਵਿੱਚ ਕੁਝ ਵੀ ਪਾਰਦਰਸ਼ੀ ਨਹੀਂ ਹੈ, ਸਭ ਕੁਝ ਗੋਲਮਾਲ ਕਰ ਲਿਆ ਜਾਂਦਾ ਹੈ।

ਚੋਣ ਪ੍ਰਕਿਰਿਆ ਦੇ ਨਾਲ ਅਸੰਤੁਸ਼ਟਤਾ ਦੀ ਜੜ੍ਹ ਸੀਟ ਵੰਡਣ ਲਈ ਵੈੱਬਸਟਰ/ਸੈੱਨਟ-ਲਾਗੁ ਵਿਧੀ ਹੈ। ਇਹ ਵਿਧੀ ਦਾ ਮਕਸਦ ਛੋਟੀਆਂ ਪਾਰਟੀਆਂ ਨੂੰ ਸਰਕਾਰ ਵਿਚ ਬਿਹਤਰ ਨੁਮਾਇੰਦਗੀ ਪ੍ਰਦਾਨ ਕਰਕੇ ਉਨ੍ਹਾਂ ਦਾ ਪੱਖ ਪੂਰਨਾ ਸੀ; ਐਪਰ ਸੰਸਦ ਮੈਂਬਰਾਂ ਨੇ ਇਸ ਨੂੰ ਵੱਡੇ ਪਾਰਟੀਆਂ ਦੇ ਪੱਖ ਵਿੱਚ ਕਰਨ ਲਈ ਸੋਧ ਲਿਆ, ਜਿਸ ਬਾਰੇ ਇਰਾਕ ਦੇ ਲੋਕਾਂ ਦਾ ਵਿਚਾਰ ਹੈ ਕਿ ਇਹ ਭ੍ਰਿਸ਼ਟ ਤਾਕਤਾਂ ਨੂੰ ਸੱਤਾ ਵਿੱਚ ਰੱਖਣ ਦਾ ਕੰਮ ਕਰਨਗੇ।

ਜਦੋਂ ਕਿ ਬਹੁਤ ਸਾਰੇ ਇਰਾਕ ਦੇ ਲੋਕ ਨਵੀਂ ਸਰਕਾਰ ਵਿਚ ਬਹੁਤ ਘੱਟ ਵਿਸ਼ਵਾਸ ਰੱਖਦੇ ਹਨ, ਪਰ ਸਦਰ ਜਨਤਾ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਤਬਦੀਲੀ ਆ ਰਹੀ ਹੈ। ਇੱਕ ਭਾਸ਼ਣ ਵਿੱਚ ਕਿਹਾ:

ਤੁਹਾਡੀ ਸਰਕਾਰ ਇਕ ਦੀ ਦੇਖਭਾਲ ਕਰਨ ਵਾਲੀ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਹੋਵੇਗੀ, ਅਸੀਂ ਕਿਸੇ ਨੂੰ ਵੀ ਬਾਹਰ ਨਹੀਂ ਰਹਿਣ ਦਿਆਂਗੇ। ਅਸੀਂ ਸੁਧਾਰ ਅਤੇ ਖੁਸ਼ਹਾਲੀ ਲਈ ਕੰਮ ਕਰਾਂਗੇ।

ਸਿਰਫ਼ ਸਮਾਂ ਹੀ ਦੱਸੇਗਾ ਕਿ ਕੀ ਸਦਰ ਟੈਕਨੌਕਰਟਾਂ ਦੀ ਇਕ ਗ਼ੈਰ-ਸੰਪਰਦਾਇਕ ਸਰਕਾਰ ਦੇ ਆਪਣੇ ਵਿਜ਼ਨ ਨੂੰ ਪ੍ਰਾਪਤ ਕਰ ਸਕੇਗਾ। ਇਸੇ ਦੌਰਾਨ, ਉਹ ਸਰਕਾਰ ਬਣਾਉਣ ਲਈ 165 ਸੀਟਾਂ ਦੀ ਬਹੁਗਿਣਤੀ ਬਣਾਉਣ ਲਈ ਦੂਜੀਆਂ ਪਾਰਟੀਆਂ ਨਾਲ ਗੱਲਬਾਤ ਕਰ ਰਿਹਾ ਹੈ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.