“ਕੀ ਹੋਰਾਂ ਨੂੰ ਸਾਡੀ ਹੋਂਦ ਬਾਰੇ ਪਤਾ ਹੈ?”: ਸੀਰੀਆ ਦੇ ਘਿਰੇ ਹੋਏ ਇਲਾਕੇ ਪੂਰਬੀ ਗੂਤਾ ਤੋਂ ਇੱਕ ਨਰਸ ਦਾ ਹਲਫ਼ੀਆ ਬਿਆਨ

ਹਰਸਤਾ, ਪੂਰਬੀ ਗੂਤਾ ਵਿੱਚ ਤੋਪ ਦੇ ਗੋਲਿਆਂ ਤੋਂ ਲੁਕ ਰਹੇ ਬੱਚੇ। ਫ਼ੋਟੋ – ਮੁਹੰਮਦ ਰਬੀ (ਦਮਾਕਸ ਮੀਡੀਆ ਕੇਂਦਰ ਲਈ)। ਫ਼ੋਟੋ ਵਰਤਣ ਲਈ ਮਨਜ਼ੂਰੀ ਲਈ ਗਈ ਹੈ।

ਅੱਗੇ ਬੇਰੀਨ ਹਸੂਨ ਦਾ ਹਲਫ਼ੀਆ ਬਿਆਨ ਹੈ ਜੋ ਕਿ ਸੀਰੀਆ ਦੇ ਘਿਰੇ ਹੋਏ ਜ਼ਿਲ੍ਹੇ ਪੂਰਬੀ ਗੂਤਾ ਦੇ ਹਰਸਤਾ ਸ਼ਹਿਰ ਵਿੱਚ ਰਹਿਣ ਵਾਲੀ ਇੱਕ ਮਾਂ ਅਤੇ ਨਰਸ ਹੈ, ਜਿੱਥੇ ਸੀਰੀਆ ਦੀ ਹਕੂਮਤ  ਅਤੇ ਹੋਰ ਇਤਿਹਾਦੀ ਤਾਕਤਾਂ ਜ਼ੋਰਦਾਰ ਬੰਬਾਰੀ ਕਰ ਰਹੀਆਂ ਹਨ। ਪੂਰਬੀ ਗੂਤਾ, ਜੋ ਕਿ ਹਕੂਮਤ ਵਿਰੋਧੀ ਬਾਗੀਆਂ ਦੇ ਕਾਬੂ ਵਿੱਚ ਹੈ, ਉੱਤੇ 2013 ਦੇ ਅੰਤ ਤੋਂ ਸੀਰੀਆਈ ਹਕੂਮਤ ਅਤੇ ਇਤਿਹਾਦੀ ਤਾਕਤਾਂ ਵੱਲੋਂ ਘੇਰਾ ਪਾਇਆ ਹੋਇਆ ਹੈ।

Over 120 people were killed 6 ਤੋਂ 8 ਫ਼ਰਵਰੀ 2018 ਵਿੱਚ ਹੀ 120 ਤੋਂ ਵੱਧ ਲੋਕਾਂ ਨੂੰ ਮਾਰ ਦਿੱਤਾ ਗਿਆ, 19 ਫ਼ਰਵਰੀ ਨੂੰ ਇੱਕ ਦਿਨ ਵਿੱਚ ਹੀ 110 ਤੋਂ ਵੱਧ ਲੋਕਾਂ ਦੀ ਮੌਤ ਹੋਈ। ਅਨੁਮਾਨ ਲਗਾਇਆ ਜਾਂਦਾ ਹੈ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ ਕਰੀਬ 1,000 ਨਾਗਰਿਕਾਂ ਨੂੰ ਮਾਰ ਦਿੱਤਾ ਗਿਆ ਹੈ। ਲੋਕਾਂ ਦੀ ਮੌਤ ਦੇ ਨਾਲ-ਨਾਲ ਕਈ ਇਮਾਰਤਾਂ ਵੀ ਬੁਰੀ ਤਰ੍ਹਾਂ ਤਹਿਸ ਨਹਿਸ ਹੋਈਆਂ ਹਨ, 19 ਫ਼ਰਵਰੀ ਨੂੰ 4 ਹਸਪਤਾਲਾਂ ਉੱਤੇ ਬੰਬਾਰੀ ਹੋਈ।

ਦ ਗਾਰਡੀਅਨ ਦੇ ਪੱਤਰਕਾਰ ਕਰੀਮ ਸ਼ਾਹੀਨ ਨਾਲ ਗੱਲ ਕਰਦਿਆਂ, ਪੂਰਬੀ ਗੂਤਾ ਦੇ ਇੱਕ ਡਾਕਟਰ ਨੇ ਕਿਹਾ: “ਅਸੀਂ 21ਵੀਂ ਸਦੀ ਦਾ ਕਤਲੇਆਮ ਦੇਖ ਰਹੇ ਹਾਂ। ਜੇ 1990ਵਿਆਂ ਦਾ ਕਤਲੇਆਮ ਸਰੈਬਰੇਨੀਤਸਾ ਸੀ ਅਤੇ 1980ਵਿਆਂ ਦੇ ਕਤਲੇਆਮ ਹਾਲਾਬਜਾ ਅਤੇ ਸਬਰਾ ਅਤ ਸ਼ਾਤੀਲਾ ਸੀ, ਤਾਂ ਪੂਰਬੀ ਗੂਤਾ ਇਸ ਸਾਡੀ ਦਾ ਕਤਲੇਆਮ ਹੈ।”

ਹੇਠ ਲਿਖਿਆ ਹਲਫ਼ੀਆ ਬਿਆਨ ਬੇਰੀਨ ਹਸੂਨ ਦਾ ਹੈ ਅਤੇ ਇਸਨੂੰ ਗਲੋਬਲ ਵੋਆਇਸਿਸ ਦੀ ਮਾਰਸੇਲ ਸ਼ੇਹਵਾਰੋ ਨੇ ਇਕੱਠਾ ਕੀਤਾ ਅਤੇ ਇਸਦਾ ਲਿਖਤੀ ਰੂਪ ਤਿਆਰ ਕੀਤਾ ਹੈ:

ਲਗਭਗ ਇੱਕ ਮਹੀਨੇ ਤੋਂ ਬੰਬਾਰੀ ਵਧਣੀ ਸ਼ੁਰੂ ਹੋਈ, ਤੇ ਮੈਂ ਆਪਣੇ ਪਰਿਵਾਰ ਨਾਲ ਹਰਾਸਤਾ ਵਿੱਚ ਇੱਕ ਜਗ੍ਹਾ ਵਿੱਚ ਪਨਾਹ ਲਈ। ਇਹ ਜਗ੍ਹਾ ਇੱਕ ਵੱਡਾ ਬੇਸਮੈਂਟ ਹੈ ਜੋ ਕਮਰਿਆਂ ਵਿੱਚ ਵੰਡੀਆਂ ਨਹੀਂ ਹੋਇਆ ਹੈ। ਇਸ ਵਿੱਚ 50 ਪਰਿਵਾਰ ਰਹਿੰਦੇ ਹਨ ਜਿਸ ਵਿੱਚ 170 ਔਰਤਾਂ ਅਤੇ ਬੱਚੇ ਸ਼ਾਮਿਲ ਹਨ ਅਤੇ ਇਹ ਸਾਰੇ ਦੀ ਸਹਿਮੇ ਹੋਏ ਅਤੇ ਭੁੱਖੇ ਹਨ।

ਭਾਰੀ ਬੰਬਾਰੀ ਨਾਲ ਖਿੜਕੀਆਂ ਦੇ ਸ਼ੀਸ਼ੇ ਟੁੱਟ ਚੁੱਕੇ ਹਨ। ਠੰਡ ਬਹੁਤ ਕਰੂਰ ਸੀ ਅਤੇ ਸਾਡੀ ਬਹੁਤ ਕੋਸ਼ਿਸ਼ ਦੇ ਬਾਵਜੂਦ ਅਸੀਂ ਆਪਣੇ ਆਪ ਨੂੰ ਗਰਮ ਨਹੀਂ ਰੱਖ ਸਕੇ। ਠੰਡ ਸਾਡਾ ਇੱਕ ਹਿੱਸਾ ਬਣ ਗਈ ਹੈ। ਜਦੋਂ ਮੈਂ 5 ਸਵੈਟਰਾਂ ਅਤੇ 3 ਪੈਂਟਾਂ ਪਾਕੇ ਆਪਣੇ ਮੁੰਡੇ ਨਾਲ ਰਜਾਈ ਵਿੱਚ ਲੁਕ ਗਈ ਤਾਂ ਵੀ ਮੈਨੂੰ ਠੰਡ ਲੱਗ ਰਹੀ ਸੀ। ਮੇਰਾ 3 ਸਾਲਾ ਮੁੰਡਾ ਮੇਰੇ ਕੰਨ ਵਿੱਚ ਹੌਲੀ ਹੌਲੀ ਬੋਲਦਾ ਰਿਹਾ: “ਠੰਡ ਲੱਗ ਰਹੀ ਹੈ, ਠੰਡ ਲੱਗ ਰਹੀ ਹੈ”। ਮੇਰਾ ਦਿਲ ਹੋਰ ਠੰਡਾ ਹੋ ਗਿਆ।

ਪਾਣੀ ਬਹੁਤ ਗੰਦਾ ਸੀ, ਅਤੇ ਮੇਰੇ ਕੋਲ ਆਪਣੇ ਮੁੰਡੇ ਲਈ ਡਾਇਪਰ ਨਹੀਂ ਸਨ। ਇੱਕ ਡਾਇਪਰ 300 ਸੀਰੀਆਈ ਪਾਊਂਡ ਦਾ ਹੈ (ਲਗਭਗ 38 ਰੁਪਏ) ਹੈ। ਉਸਦੀ ਥਾਂ ਉੱਤੇ ਮੈਂ ਇੱਕ ਕੱਪੜਾ ਅਤੇ 800 ਸੀਰੀਆਈ ਪਾਊਂਡ (100 ਰੁਪਏ) ਦੀ ਬਰੈਡ ਦੇ ਲਫਾਫੇ ਨੂੰ ਵਰਤਿਆ। ਡਾਇਪਰ ਦੇ ਕੱਪੜੇ ਨੂੰ ਸਾਫ਼ ਕਰਨ ਲਈ ਸਾਡੇ ਕੋਲ ਬਹੁਤ ਹੀ ਘੱਟ ਪਾਣੀ ਸੀ। ਅਸੀਂ ਉਹਨਾਂ ਨੂੰ ਉੱਥੇ ਹੀ ਸਾਫ਼ ਕਰਦੀਆਂ ਜਿੱਥੇ ਅਸੀਂ ਭਾਂਡੇ ਮਾਂਜਦੀਆਂ ਸੀ, ਜਿੱਥੇ ਅਸੀਂ ਆਪਣੇ ਹੱਥ ਧੋਂਦੇ ਅਤੇ ਜਿੱਥੋਂ ਅਸੀਂ ਪਾਣੀ ਪੀਂਦੇ। ਸਾਡੇ ਬੱਚਿਆਂ ਨੂੰ ਦਮੇ ਅਤੇ ਅੱਖ ਦੀਆਂ ਬਮਾਰੀਆਂ ਲੱਗੀਆਂ। ਜੇ ਕੋਈ ਵੀ ਇੱਕ ਬੱਚ ਬੀਮਾਰ ਹੁੰਦਾ ਤਾਂ ਮਤਲਬ ਸਾਰੇ ਬੱਚੇ ਬੀਮਾਰ ਹੋਣਗੇ। ਇਸ ਤਰ੍ਹਾਂ ਸਾਡੀ “ਆਮ ਜ਼ਿੰਦਗੀ” ਉੱਤੇ ਘੇਰਾਬੰਦੀ ਸੀ ਪਰ ਬੰਬਾਰੀ ਇੱਕ ਦੂਜੀ ਆਫ਼ਤ ਸੀ।

ਮੈਂ “ਅਲ ਤਿਬੀਆ” (“ਮੈਡੀਕਲ”) ਇਲਾਕੇ ਵਿੱਚ ਰਹਿੰਦੀ ਸੀ, ਜਿੱਥੇ ਜੰਗੀ ਹਸਪਤਾਲ ਮੌਜੂਦ ਸੀ ਅਤੇ ਜਿਸ ਉੱਤੇ ਹਮਲਾ ਕੀਤਾ ਗਿਆ। ਮੈਂ ਆਪਣੇ ਪਤੀ ਦੇ ਨਾਲ ਇੱਕ ਨਰਸ ਵਜੋਂ ਕੰਮ ਕਰਦੀ ਸੀ, ਜੋ ਕਿ ਖ਼ੁਦ ਇੱਕ ਡਾਕਟਰ ਸੀ। ਇਹ ਪਨਾਹ ਹਸਪਤਾਲ ਦੇ ਨਜ਼ਦੀਕ ਸੀ ਅਤੇ ਜਦੋਂ ਹਸਪਤਾਲ ਵਿੱਚ ਜ਼ਿਆਦਾ ਇਕੱਠ ਹੋ ਜਾਂਦਾ ਤਾਂ ਕਦੇ ਕਦੇ ਅਸੀਂ ਘੱਟ ਗੰਭੀਰ ਮਰੀਜਾਂ ਨੂੰ ਬੇਸਮੈਂਟ ਵਿੱਚ ਰੱਖਦੇ ਸੀ। ਅਸੀਂ ਜ਼ਖ਼ਮੀ ਬੱਚਿਆਂ ਦਾ ਇਲਾਜ ਆਪਣੇ ਬੱਚਿਆਂ ਦੇ ਸਾਹਮਣੇ ਕਰਦੇ. ਇਹ ਗ਼ਲਤ ਹੋ ਸਕਦਾ ਹੈ ਪਰ ਸਾਡੇ ਕੋਲ ਕੋਈ ਚਾਰਾ ਨਹੀਂ ਸੀ।

ਰੋਜ਼ਮਰਾ ਦੇ ਜੀਵਨ ਵਿੱਚ ਇੰਨੇ ਡਰ ਨਾਲ ਜਿਉਂਦੇ ਹੋਏ ਤੁਹਾਡਾ ਇੱਕ ਮਾਂ ਵਜੋਂ ਕੀ ਤਜਰਬਾ ਹੈ? ਇਸ ਨਿਰੰਤਰ ਡਰ ਵਿੱਚ ਰਹਿਣਾ ਕਿ ਤੁਹਾਡੇ ਬੱਚੇ ਜਾਂ ਪਤੀ ਨੂੰ ਕੁਝ ਹੋ ਸਕਦਾ ਹੈ ਜਾਂ ਜੇ ਤੁਹਾਨੂੰ ਕੁਝ ਹੋ ਗਿਆ ਤਾਂ ਤੁਹਾਡਾ ਬੱਚਾ ਲਾਵਾਰਿਸ ਹੋ ਸਕਦਾ ਹੈ? ਤੁਹਾਡਾ ਇੱਕ ਮਾਂ ਵਜੋਂ ਕੀ ਤਜਰਬਾ ਹੈ ਜਦੋਂ ਤੁਹਾਡਾ ਮੁੰਡਾ ਤੁਹਾਨੂੰ ਹਰ ਰੋਜ਼ ਪੁੱਛਦਾ ਹੈ: “ਕੀ ਅਸੀਂ ਅੱਜ ਮਰ ਜਾਵਾਂਗੇ? ਉਹ ਸਾਡੇ ਉੱਤੇ ਬੰਬਾਰੀ ਕਿਉਂ ਕਰ ਰਹੇ ਹਨ?” ਇੱਕ ਮਾਂ ਹੋਣਾ ਕੀ ਹੈ ਜਦੋਂ ਤੁਸੀਂ ਆਪਣੇ ਮੁੰਡੇ ਲਈ “ਬਿਸਕੁਟ ਦਾ ਇੱਕ ਟੁਕੜਾ” ਵੀ ਨਹੀਂ ਖ਼ਰੀਦ ਸਕਦੇ, ਜਾਂ ਤੁਸੀਂ ਆਪਣੇ ਬੱਚੇ ਦੀਆਂ ਸਭ ਤੋਂ ਮੁਢਲੀਆਂ ਲੋੜਾਂ ਨੂੰ ਪੂਰਾ ਨਹੀਂ ਕਰ ਸਕਦੇ ਕਿਉਂਕਿ ਉਹ ਬਹੁਤ ਮਹਿੰਗੀਆਂ ਹਨ, ਜਾਂ ਤੁਹਾਡੀ ਪਹੁੰਚ ਤੋਂ ਬਹੁਤ ਦੂਰ ਹੈ ਜਾਂ ਫਿਰ ਘੇਰਾਬੰਦੀ ਕਰਕੇ ਮੌਜੂਦ ਹੀ ਨਹੀਂ ਹਨ। ਤੁਸੀਂ ਇਸ ਤਰ੍ਹਾਂ ਚੁੱਪ ਚਾਪ ਖਾਣਾ ਖਾਂਦੇ ਹੋ ਜਿਵੇਂ ਤੁਸੀਂ ਚੋਰੀ ਕਰ ਰਹੇ ਹੋਵੋਂ। ਤੁਸੀਂ ਉਦੋਂ ਖਾਂਦੇ ਹੋ ਜਦੋਂ ਉਹ ਸੌਂਦੇ ਹਨ। ਤੁਸੀਂ ਸਿਰਫ਼ ਇਸ ਲਈ ਖਾਂਦੇ ਹੋ ਕਿਉਂਕਿ ਤੁਸੀਂ ਭੁੱਖ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੇ। ਤੁਸੀਂ ਕਿਵੇਂ ਜਿਉਂਦੇ ਹੋ ਜਦ ਤੁਹਾਨੂੰ ਆਪਣੇ ਮੁੰਡੇ ਨੂੰ ਝੂਠ ਬੋਲਣਾ ਪੈਂਦਾ ਹੈ, ਮਨਾਉਣਾ ਪੈਂਦਾ ਹੈ ਕਿ ਸ਼ਲਗਮ ਅਸਲ ਵਿੱਚ ਸੇਬ ਹਨ?

ਮੈਂ ਹਮੇਸ਼ਾ ਤੋਂ ਸਫ਼ਾਈ ਨੂੰ ਤਰਜੀਹ ਦਿੱਤੀ ਹੈ ਪਰ ਅੱਜ ਮੈਨੂੰ ਡਰ ਹੈ ਕਿ ਮੇਰੇ ਮੁੰਡੇ ਦੇ ਸਿਰ ਵਿੱਚ ਜੂੰਆਂ ਹਨ।

ਜਦੋਂ ਸਾਡੇ ਉੱਤੇ ਇੱਕ ਜਹਾਜ਼ ਨੇ ਬੰਬ ਗੇਰਿਆ ਤਾਂ ਮੇਰਾ ਛੋਟਾ ਮੁੰਡਾ ਤੇਜ਼ੀ ਨਾਲ ਮੇਰੇ ਕੋਲ ਭੱਜ ਕੇ ਆਇਆ, ਉਹ ਬਹੁਤ ਜ਼ਿਆਦਾ ਡਰਿਆ ਹੋਇਆ ਸੀ ਅਤੇ ਉਹ ਪ੍ਰਾਰਥਨਾ ਕਰ ਰਿਹਾ ਸੀ: “ਮੇਰੇ ਅੱਲਾਹ, ਮੇਰੇ ਮਾਂ-ਪਿਉ ਦੀ ਰਾਖੀ ਕਰੀਂ। ਮੇਰੇ ਖ਼ੁਦਾ, ਮੇਰੇ ਮਾਂ-ਪਿਉ ਦੀ ਰਾਖੀ ਕਰੀਂ।” ਇਹ ਬਹੁਤ ਅਜੀਬ ਗੱਲ ਹੈ ਕਿ ਕਿਸ ਤਰ੍ਹਾਂ ਖੇਡਦੇ-ਖੇਡਦੇ ਇਹ ਬੱਚੇ ਬੁਰੀ ਤਰ੍ਹਾਂ ਡਰ ਜਾਂਦੇ ਹਨ ਅਤੇ ਰੋਣ ਲੱਗਦੇ ਹਨ ਅਤੇ ਫਿਰ ਥ੍ਹੋੜੀ ਦੇਰ ਬਾਅਦ ਖੇਡਣ ਲੱਗਦੇ ਹਨ। ਉਹ ਸ਼ਾਂਤੀ ਦੇ ਪਲਾਂ ਵਿੱਚ ਖੇਡਦੇ ਹਨ, ਹਵਾਈ ਹਮਲੇ ਦੀਆਂ ਆਵਾਜ਼ਾਂ ਸੁਣਕੇ ਉਹ ਸਹਿਮ ਜਾਂਦੇ ਹਨ, ਅਤੇ ਜਦੋਂ ਬੰਬਾਰੀ ਹੁੰਦੀ ਹੈ ਤਾਂ ਉਹ ਰੋਣ ਲੱਗਦੇ ਹਨ; ਅਤੇ ਫਿਰ ਜਦੋਂ ਸਭ ਸ਼ਾਂਤ ਹੋ ਜਾਂਦਾ ਹੈ ਤਾਂ ਉਹ ਦੁਬਾਰਾ ਤੋਂ ਖੇਡਣਾ ਸ਼ੁਰੂ ਕਰਦੇ ਹਨ।

ਅਸੀਂ ਬੇਸਮੈਂਟ ਨੂੰ ਨਹੀਂ ਛੱਡ ਸਕਦੇ ਸੀ ਕਿਉਂਕਿ ਸਾਨੂੰ ਨਹੀਂ ਪਤਾ ਸੀ ਕਿ ਹਕੂਮਤ ਕਿਸ ਵੇਲੇ ਹਰਾਸਤਾ ਉੱਤੇ ਬੰਬਾਰੀ ਕਰ ਦਵੇ। ਬੰਬਾਰੀ ਨਿਰੰਤਰ ਚੱਲ ਰਹੀ ਸੀ, ਦਿਨ-ਰਾਤ। ਔਰਤਾਂ ਬੇਸਮੈਂਟ ਵਿੱਚੋਂ ਬਾਹਰ ਸਿਰਫ਼ ਆਪਣੇ ਬੱਚਿਆਂ ਲਈ ਖਾਣਾ ਬਣਾਉਣ ਲਈ ਨਿੱਕਲਦੀਆਂ, ਅਤੇ ਇਸੇ ਤਰ੍ਹਾਂ ਅਸੀਂ ਉਮ ਮੁਹੰਮਦ ਨੂੰ ਖੋਇਆ।

ਉਮ ਮੁਹੰਮਦ ਮੇਰੀ 28 ਸਾਲਾ ਗਵਾਂਢਣ ਸੀ।

ਭਾਰੀ ਬੰਬਾਰੀ ਸਮੇਂ ਇੱਕ ਦਿਨ ਅਸੀਂ ਬੇਸਮੈਂਟ ਵਿੱਚ ਆਪਣੇ ਬੱਚਿਆਂ ਨੂੰ ਜੱਫੀ ਪਾ ਬੈਠੇ ਹੋਏ ਸੀ। ਉਹਨਾਂ ਨੂੰ ਬੁੱਕਲ ਵਿੱਚ ਲੈ ਅਸੀਂ ਰੱਬ ਅੱਗੇ ਅਰਦਾਸ ਕਰ ਰਹੀਆਂ ਸੀ ਕਿ ਉਹ ਸਾਡੀ ਰਾਖੀ ਕਰੇ। ਫਿਰ, ਇੱਕ ਜੰਗੀ ਜਹਾਜ਼ ਨੇ ਦੂਰ ਇੱਕ ਹਮਲਾ ਕੀਤਾ, ਅਤੇ ਬੇਸਮੈਂਟ ਵਿੱਚ ਸਾਰੇ ਪਾਸੇ ਮਾਵਾਂ ਆਪਣੇ ਬੱਚਿਆਂ ਨੂੰ ਸ਼ਾਂਤ ਕਰ ਰਹੀਆਂ ਸਨ, ਅਰਦਾਸ ਕਰ ਰਹੀਆਂ ਸਨ ਅਤੇ ਰੋ ਰਹੀਆਂ ਸਨ।

ਹਰ ਕੋਈ ਸਹਿਮਿਆ ਹੋਇਆ ਸੀ ਅਤੇ ਸੰਭਵ ਮੌਤ ਦਾ ਇੰਤਜ਼ਾਰ ਕਰ ਰਿਹਾ ਸੀ। ਫਿਰ ਸਾਡੇ ਉੱਤੇ ਵਾਲੀ ਇਮਾਰਤ ਉੱਤੇ ਹਮਲਾ ਹੋਇਆ ਪਰ ਵਾਈਟ ਹੈਲਮੈੱਟਸ ਨਾਂ ਦੀ ਨਾਗਰਿਕ ਫ਼ੌਜ ਨੇ ਸਾਨੂੰ ਬਚਾਇਆ।

ਚਾਰੇ ਪਾਸੇ ਧੂੜ ਦੇ ਉੱਡਣ ਨਾਲ ਸਾਨੂੰ ਆਪਣੇ ਬੱਚੇ ਨਹੀਂ ਲਭ ਰਹੇ ਸੀ। ਮੇਰਾ ਮੁੰਡਾ ਸਾਰਾ ਦਿਨ ਮੇਰੇ ਕੋਲ ਹੀ ਸੀ ਪਰ ਜਦੋਂ ਪਹਿਲੇ ਹਮਲੇ ਤੋਂ ਬਾਅਦ ਬੰਬਾਰੀ ਘਟੀ ਤਾਂ ਉਹ ਬਾਰ-ਬਾਰ ਕਹਿਣ ਲੱਗ ਪਿਆ ਕਿ ਉਸਨੇ ਆਪਣੇ ਦੋਸਤਾਂ ਨਾਲ ਖੇਡਣਾ ਹੈ। ਇਸ ਲਈ, ਜਦੋਂ ਦੂਜਾ ਬੰਬ ਗਿਰਿਆ ਤਾਂ ਮੈਨੂੰ ਉਹ ਕਿਤੇ ਵੀ ਨਹੀਂ ਮਿਲ ਰਿਹਾ ਸੀ।

ਮੈਂ ਪਾਗਲਾਂ ਦੀ ਤਰ੍ਹਾਂ ਬਾਕੀ ਬੱਚਿਆਂ ਵਿੱਚ ਉਸਨੂੰ ਲਭ ਰਹੀ ਸੀ: “ਹਸਾਮ, ਹਸਾਮ, ਹਸਾਮ!” ਅਸਲ ਵਿੱਚ ਉਹ ਮੇਰੇ ਨਾਲ ਹੀ ਚਿੰਬੜਿਆ ਹੋਇਆ ਸੀ, ਪਰ ਖੌਫ਼ ਵਿੱਚ ਮੈਂ ਉਸਨੂੰ ਪਛਾਣ ਨਹੀਂ ਸਕਿਆ ਸੀ। ਕੁਝ ਮਿੰਟਾਂ ਬਾਅਦ ਡਾਕਟਰ ਨੇ ਸਾਨੂੰ ਪੁੱਛਿਆ: “ਕੀ ਤੁਸੀਂ ਇਸ ਬੱਚੇ ਨੂੰ ਸੰਭਾਲ ਸਕਦੇ ਹੋ? ਇਸਦੀ ਮਾਂ ਮਰ ਗਈ ਹੈ।”

ਮੈਂ ਉਸ ਵੱਲ ਦੇਖਿਆ ਅਤੇ ਉਸਨੂੰ ਪਛਾਣਿਆ। ਉਹ ਉਮ ਮੁਹੰਮਦ ਦਾ ਮੁੰਡਾ ਸੀ। ਉਮ ਮੁਹੰਮਦ, ਮੇਰੀ ਗਵਾਂਢਣ ਜੋ ਕੁਝ ਮਿੰਟਾਂ ਪਹਿਲਾਂ ਸਾਡੇ ਨਾਲ ਬੇਸਮੈਂਟ ਵਿੱਚ ਬੈਠੀ ਸੀ। ਉਸ ਕੋਲ ਆਪਣੇ ਘਰ ਕੁਝ ਖਾਣਾ ਪਿਆ ਸੀ ਅਤੇ ਉਹ ਆਪਣੇ ਭੁੱਖੇ ਬੱਚਿਆਂ ਨੂੰ ਖਾਣਾ ਖਵਾਉਣਾ ਚਾਹੁੰਦੀ ਸੀ। ਉਹ ਉਹਨਾਂ ਨੂੰ ਪਹਿਲੀ ਮੰਜ਼ਿਲ ਉੱਤੇ ਲੈ ਗਈ ਤਾਂ ਕਿ ਉਹ ਖਾ ਸਕਣ। ਉਦੋਂ ਹੀ ਬੰਬ ਗਿਰਿਆ ਅਤੇ ਉਹ ਮਰ ਗਈ।

ਅਸੀਂ ਉਮ ਮੁਹੰਮਦ ਲਈ ਰੋ ਰਹੇ ਸੀ, ਅਤੇ ਇਸ ਲਈ ਕਿਉਂਕਿ ਅਸੀਂ ਡਰੇ ਹੋਏ ਸੀ। ਸਾਨੂੰ ਡਰ ਸੀ ਕਿ ਕਿਤੇ ਸਾਡੇ ਨਾਲ ਵੀ ਅਜਿਹਾ ਕੁਝ ਨਾ ਹੋ ਜਾਵੇ, ਅਤੇ ਕਿਤੇ ਸਾਡੇ ਬੱਚੇ ਵੀ ਮਾਂ ਵਿਹੂਣੇ ਹੋ ਜਾਣਗੇ।

ਅਸੀਂ ਇੱਕ ਦੂਜੇ ਦੇ ਬੱਚਿਆਂ ਦੇ ਵਿਹਾਰ, ਉਹਨਾਂ ਦੇ ਰੌਲੇ ਬਾਰੇ ਬਹਿਸਾਂ ਕੀਤੀਆਂ, ਅਤੇ ਕਦੇ-ਕਦੇ ਅਸੀਂ ਇੱਕ ਦੂਜੇ ਉੱਤੇ ਆਪਣਾ ਗੁੱਸਾ ਕੱਢਦੇ। ਬੇਸਮੈਂਟ ਵਿੱਚ ਰਹਿਣ ਦੀ ਘੁਟਣ ਕਰਕੇ ਅਸੀਂ ਇੱਕ ਦੂਜੇ ਉੱਤੇ ਗੁੱਸਾ ਹੁੰਦੇ। ਸ਼ੁਰੂ ਵਿੱਚ ਅਸੀਂ ਇਸ ਗੱਲ ਉੱਤੇ ਹੈਰਾਨ ਹੁੰਦੇ ਕਿ ਜਦੋਂ ਬੇਸਮੈਂਟ ਵਿੱਚ ਖਾਣਾ ਭੇਜਿਆ ਜਾਂਦਾ ਤਾਂ ਕਿਸ ਤਰ੍ਹਾਂ ਦਾ ਘੜਮਸ ਪੈ ਜਾਂਦਾ ਪਰ ਹੁਣ ਮੈਂ ਵੀ ਉਸ ਤਰ੍ਹਾਂ ਦੀ ਬਣ ਗਈ, ਸ਼ਾਇਦ ਉਸ ਤੋਂ ਵੀ ਮਾੜੀ, ਕਿਉਂਕਿ ਮੈਂ ਆਪਣੇ ਮੁੰਡੇ ਨੂੰ ਭੁੱਖਾ ਨਹੀਂ ਦੇਖ ਸਕਦੀ।

ਇੱਕ ਮਾਂ ਨੇ ਇੱਕ ਛੋਟਾ ਜਿਹਾ ਮੇਜ਼ ਰੱਖ ਲਿਆ ਅਤੇ ਉਸ ਉੱਤੇ ਮੋਮਬੱਤੀਆਂ ਅਤੇ ਟੌਫੀਆਂ ਵੇਚਣ ਲੱਗੀ ਤਾਂ ਕਿ ਸਾਡੇ ਬੱਚਿਆਂ ਨੂੰ ਜਿਉਣ ਦਾ ਅਹਿਸਾਸ ਹੁੰਦਾ ਰਹੇ। ਅਸੀਂ ਤੈਅ ਕੀਤਾ ਕਿ ਅਸੀਂ ਸਾਰੇ ਇੱਕ ਸਮੂਹ ਵਜੋਂ ਹਰ ਰੋਜ਼ ਕਿਸੇ ਦੂਸਰੇ ਵਿਅਕਤੀ ਲਈ ਟੌਫੀ ਖ਼ਰੀਦਾਂਗੇ। ਅਤੇ ਜੇ ਸਾਡੇ ਵਿੱਚੋਂ ਕੋਈ ਮਰ ਜਾਂਦਾ ਹੈ, ਤਾਂ ਵੀ ਅਸੀਂ ਉਸਦੀ ਯਾਦ ਵਿੱਚ ਪਹਿਲਾਂ ਜਿੰਨੀਆਂ ਟੌਫੀਆਂ ਹੀ ਖ਼ਰੀਦਾਂਗੇ।

ਸਾਡੀਆਂ ਸ਼ਾਮਾਂ ਦਾ ਇੱਕ ਚੰਗਾ ਸਮਾਂ ਸੋਚਣ ਵਿੱਚ ਗੁਜ਼ਰਦਾ। ਕੋਈ ਅਜੀਬ-ਓ-ਗਰੀਬ ਸੋਚਣ ਵਿੱਚ ਨਹੀਂ – ਸਗੋਂ ਸਾਡੇ ਸਵਾਲਾਂ ਦੇ ਜਵਾਬ ਸੋਚਣ ਵਿੱਚ: ਕੀ ਅਸੀਂ ਕਿਸੇ ਦਿਨ ਆਪਣੇ ਮਾਪਿਆਂ ਨੂੰ ਮਿਲ ਸਕਾਂਗੇ? ਕੀ ਅਸੀਂ ਆਪਣੇ ਬੱਚਿਆਂ ਨੂੰ ਮਿਲ ਸਕਾਂਗੇ? ਕੀ ਸਾਡੇ ਬੱਚੇ ਫਿਰ ਤੋਂ ਬਾਕੀ ਬੱਚਿਆਂ ਵਾਂਗ ਖੇਡ ਸਕਾਂਗੇ। ਕੀ ਭਵਿੱਖ ਵਿੱਚ ਉਹਨਾਂ ਨੂੰ ਪਤਾ ਹੋਵੇਗਾ ਕਿ ਕੇਲੇ ਕੀ ਹੁੰਦੇ ਹਨ?

ਇੱਕ ਵਾਰ ਮੈਂ ਗਵਾਂਢੀਆਂ ਵਿੱਚੋਂ ਕਿਸੇ ਨੂੰ ਪੁੱਛਿਆ: ਕੀ ਅਸੀਂ ਸੱਚੀਂ ਜ਼ਿੰਦਾ ਹਾਂ? ਕੀ ਹੋਰਾਂ ਨੂੰ ਸਾਡੀ ਹੋਂਦ ਬਾਰੇ ਪਤਾ ਹੈ, ਆਏ ਇਹ ਕਿ ਅਸੀਂ ਇਹਨਾਂ ਬੇਸਮੈਂਟਾਂ ਵਿੱਚ ਜਿਉਂ ਰਹੇ ਹਾਂ?

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.