#JusticeForAsifa: ਇੱਕ ਨੌਜਵਾਨ ਕੁੜੀ ਦੇ ਕਤਲ ਕਾਰਨ ਜੰਮੂ ਅਤੇ ਕਸ਼ਮੀਰ ਨਿਵਾਸੀ ਸਦਮੇ ਵਿੱਚ — ਪਰ ਰਾਸ਼ਟਰੀ ਮੀਡੀਆ ਨੂੰ ਕੋਈ ਪਰਵਾਹ ਨਹੀਂ

ਪੋਸਟਰ ਉੱਤੇ ਲਿੱਖਿਆ ਹੈ: “ਦਿੱਲੀ… ਇੱਥੇ ਔਰਤਾਂ ਨੂੰ ਆਪਣੇ ਘਰੋਂ ਨਿੱਕਲਣ ਤੋਂ ਡਰ ਲਗਦਾ ਹੈ। ਇਸ ਖੌਫ਼ ਦਾ ਜ਼ਿੰਮੇਦਾਰ ਕੌਣ ?” ਤਸਵੀਰ Francois Decaillet via Flickr. CC BY-NC-ND

ਜਿੱਥੇ ਇੱਕ ਪਾਸੇ ਪਾਕਿਸਤਾਨ 7-ਸਾਲਾਂ ਜ਼ੈਨਬ ਅੰਸਾਰੀ ਦੇ ਕਾਤਲ ਨੂੰ ਸਜ਼ਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ, ਉੱਥੇ ਹੀ ਸਰਹੱਦ ਦੇ ਦੂਜੇ ਪਾਸੇ ਭਾਰਤੀ ਸੂਬੇ ਜੰਮੂ ਅਤੇ ਕਸ਼ਮੀਰ ਵਿੱਚ ਅਜਿਹੀ ਇੱਕ ਘਟਨਾ ਕਾਰਨ ਸਥਾਨੀ ਨਿਵਾਸੀ ਸਦਮੇ ਵਿੱਚ ਹਨ।

17 ਜਨਵਰੀ ਨੂੰ ਅੱਠ-ਸਾਲਾ ਅਸੀਫ਼ਾ ਬਾਨੋ ਦੀ ਮੁਰਦਾ ਦੇਹ ਜੰਮੂ ਅਤੇ ਕਸ਼ਮੀਰ ਦੇ ਕਥੂਆ ਜ਼ਿਲ੍ਹੇ ਦੇ ਹੀਰਨਗਰ ਇਲਾਕੇ ਦੇ ਇੱਕ ਜੰਗਲ ਵਿੱਚ ਪ੍ਰਾਪਤ ਹੋਈ। ਸਥਾਨੀ ਮੀਡੀਆ ਵਿੱਚ ਛਪੀਆਂ ਖ਼ਬਰਾਂ ਦੇ ਮੁਤਾਬਕ ਅਸੀਫ਼ਾ ਨੂੰ ਮਾਰਨ ਤੋਂ ਪਹਿਲਾਂ ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਫਿਰ ਉਸਨੂੰ ਮਾਰ ਦਿੱਤਾ ਗਿਆ ਅਤੇ ਉਸਦੇ ਸ਼ਰੀਰ ਉੱਤੇ ਬੰਦਿਆਂ ਦੇ ਦੰਦਾਂ ਦੇ ਨਿਸ਼ਾਨ ਸਨ।

ਉਸਦੀ ਲਾਸ਼ ਪ੍ਰਾਪਤ ਹੋਣ ਤੋਂ ਪਹਿਲਾਂ ਅਸੀਫ਼ਾ ਬਾਨੋ ਇੱਕ ਹਫ਼ਤੇ ਤੋਂ ਲਾਪਤਾ ਸੀ। ਉਸਦੇ ਪਰਿਵਾਰ ਨੇ ਸਥਾਨੀ ਮੀਡੀਆ ਨੂੰ ਦੱਸਿਆ ਕਿ ਉਹਨਾਂ ਨੇ ਐਫ਼.ਆਈ.ਆਰ. ਦਰਜ ਕਰਵਾਈ ਸੀ ਪਰ ਪੁਲਿਸ ਨੇ ਛਾਣਬੀਣ ਕਰਨ ਵਿੱਚ ਢਿੱਲ ਦਿਖਾਈ। ਅਸੀਫ਼ਾ ਅਤੇ ਉਸਦਾ ਪਰਿਵਾਰ ਗੁੱਜਰ-ਬੱਕਰਵਾਲ ਕਬੀਲੇ ਨਾਲ ਸੰਬੰਧਿਤ ਹੈ।

ਜੰਮੂ ਅਤੇ ਕਸ਼ਮੀਰ ਦੇ ਸਥਾਨੀ ਅਧਿਕਾਰੀਆਂ, ਨਾਗਰਿਕਾਂ ਅਤੇ ਪੱਤਰਕਾਰਾਂ ਨੇ ਅਸੀਫ਼ਾ ਦੇ ਕਤਲ ਦੀ ਨਿੰਦਾ ਕੀਤਾ ਹੈ ਅਤੇ ਇਸ ਘਟਨਾ ਨੂੰ ਪਾਕਿਸਤਾਨ ਵਿੱਚ ਹੋਏ ਜ਼ੈਨਬ ਅੰਸਾਰੀ ਦੇ ਕਤਲ ਨਾਲ ਮੇਲ ਕੇ ਦੇਖਿਆ ਜਾ ਰਿਹਾ ਹੈ। ਜਨਤਾ ਵੱਲੋਂ ਬੱਚੀ ਲਈ ਇਨਸਾਫ਼ ਦੀ ਮੰਗ ਕੀਤੀ ਗਈ ਹੈ।

ਕਸ਼ਮੀਰ ਦੇ ਅਖ਼ਬਾਰ ਰਾਇਜ਼ਿੰਗ ਕਸ਼ਮੀਰ ਦੇ ਸੰਪਾਦਕ ਸ਼ੁਜਾਤ ਬੁਖਾਰੀ ਨੇ ਕਿਹਾ:

ਸਵੇਰ ਉਠਦਿਆਂ ਕਾਥੂਆ ਵਿੱਚ 8-ਸਾਲਾ ਅਸੀਫ਼ਾ ਬਾਨੋ ਦੇ ਭਿਆਨਕ ਬਲਾਤਕਾਰ ਅਤੇ ਮੌਤ ਬਾਰੇ ਪਤਾ ਲੱਗਿਆ। ਇਹ ਹੈਵਾਨੀਅਤ ਸ਼ਬਦਾਂ ਤੋਂ ਪਾਰ ਹੈ ਅਤੇ ਇਸਦੀਆਂ ਕੋਈ ਹੱਦਾਂ ਨਹੀਂ ਹਨ। #JusticeforAsifa

ਕਥੂਆ ਦੇ ਨਿਵਾਸੀ ਨਾਦਿਰ ਅਲੀ ਨੂੰ ਇਸ ਘਟਨਾ ਬਾਰੇ ਅਤੇ ਸਮਾਜ ਦੇ ਹਾਲਾਤ ਬਾਰੇ ਲਿਖਿਆ:

ਜੰਮੂ ਅਤੇ ਕਸ਼ਮੀਰ ਰੂਹ ਪਰੇਸ਼ਾਨ ਹੈ.. 8 ਸਾਲਾ ਬੇਟੀ ਨਾਲ ਬਲਾਤਕਾਰ ਹੋਇਆ ਅਤੇ ਉਸਦਾ ਕਤਲ ਕਰ ਦਿੱਤਾ ਗਿਆ। ਅਸੀਂ ਕਿਸ ਪਾਸੇ ਜਾ ਰਹੇ ਹਾਂ??? ਕੀ ਅਸੀਂ ਭਵਿੱਖ ਵਿੱਚ ਪਿੱਛੇ ਜਾ ਰਹੇ ਹਾਂ?? ਸਾਨੂੰ ਇਕੱਠੇ ਖੜ੍ਹਨਾ ਚਾਹੀਦਾ ਹੈ ਅਤੇ ਅਸੀਫ਼ਾ ਦੇ ਪਰਿਵਾਰ ਨੂੰ ਇਨਸਾਫ਼ ਦਵਾਉਣਾ ਚਾਹੀਦਾ ਹੈ

ਕਸ਼ਮੀਰ ਦੀ ਇੱਕ ਮੈਡੀਕਲ ਵਿਦਿਆਰਥਣਮਹਿਰੀਨ ਸਈਅਦ ਨੇ ਲਿਖਿਆ:

ਸਮਾਜੀ ਕਾਰਕੁਨ ਗੁਫ਼ਤਾਰ ਅਹਿਮਦ ਨੇ ਲਿਖਿਆ:

ਪਰ ਰਾਸ਼ਟਰੀ ਪੱਧਰ ਉੱਤੇ ਇਸ ਘਟਨਾ ਉੱਤੇ ਭਾਰਤੀਆਂ ਨੇ ਟਿੱਪਣੀਆਂ ਕਰਨ ਜਾਂ ਕੋਈ ਰੋਸ ਪ੍ਰਦਰਸ਼ਨ ਕਰਨ ਤੋਂ ਗੁਰੇਜ਼ ਕੀਤਾ। ਅਜਿਹੀਆਂ ਹੋਰ ਘਟਨਾਵਾਂ ਉੱਤੇ ਹੋਏ ਮੋਮਬੱਤੀ ਮਾਰਚ ਜਾਂ ਇਨਸਾਫ਼ ਦੀ ਮੰਗ ਇਸ ਘਟਨਾ ਵਿੱਚ ਨਹੀਂ ਕੀਤੀ ਗਈ।

ਮੁਖਧਾਰਾ ਚੈਨਲ ਜਿਵੇਂ ਕਿ ਜ਼ੀ ਨਿਊਜ਼, ਟਾਈਮਜ਼ ਨਾਓ ਅਤੇ ਰਿਪਬਲਿਕ, ਜੋ ਕਿ ਸਰਕਾਰ ਦਾ ਸਮਰਥਨ ਕਰਨ ਲਈ ਜਾਣੇ ਜਾਂਦੇ ਹਨ, ਨੇ ਇਸ ਘਟਨਾ ਬਾਰੇ ਚੈਨਲਾਂ ਉੱਤੇ ਖ਼ਬਰ ਨਹੀਂ ਦਿੱਤੀ। ਜਦੋਂ ਵੱਡੇ ਸ਼ਹਿਰਾਂ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਉਹ ਅਕਸਰ ਮੁਖਧਾਰਾ ਚੈਨਲਾਂ ਉੱਤੇ ਪ੍ਰਾਈਮ ਟਾਈਮ ਮੁੱਦਾ ਬਣਦੀਆਂ ਹਨ। ਪਰ ਇਸ ਕੇਸ ਵਿੱਚ ਮਜਲੂਮ ਜੰਮੂ ਅਤੇ ਕਸ਼ਮੀਰ ਦੇ ਇੱਕ ਪਛੜੇ ਇਲਾਕੇ ਅਤੇ ਨਾਲ ਹੀ ਘੱਟ-ਗਿਣਤੀ ਭਾਈਚਾਰੇ ਨਾਲ ਸੰਬੰਧਿਤ ਹੈ ਅਤੇ ਰਾਸ਼ਟਰੀ ਪੱਧਰ ਉੱਤੇ ਮੀਡੀਆ ਮੁਕਾਬਲਤਨ ਸ਼ਾਂਤ ਰਿਹਾ ਹੈ।

ਫ਼ੇਸਬੁੱਕ ਉੱਤੇ ਪੱਤਰਕਾਰ ਮਾਜਿਦ ਹੈਦਰੀ ਨੇ ਇਸ ਘਟਨਾ ਬਾਰੇ ਖ਼ਬਰ ਨਾ ਦੇਣ ਉੱਤੇ ਸਥਾਨੀ ਮੀਡੀਆ ਦੀ ਆਲੋਚਨਾ ਕਰਦੇ ਹੋਏ ਕਿਹਾ:

ਇੱਕ ਸਥਾਨੀ ਅਖ਼ਬਾਰ ਜੋ ਇੱਕ ਅੱਠ ਸਾਲਾ ਕੁੜੀ ਦੇ ਬਲਾਤਕਾਰ ਅਤੇ ਕਤਲ ਬਾਰੇ ਆਪਣੇ ਫ਼ਰੰਟ ਪੇਜ ਉੱਤੇ ਖ਼ਬਰ ਨਹੀਂ ਦਿੰਦਾ ਹੈ, ਉਸਨੂੰ ਪੱਤਰਕਾਰੀ ਦਾ ਦੱਲਾ ਕਿਹਾ ਜਾਣਾ ਚਾਹੀਦਾ ਹੈ। ਜਿਸ ਗੁੱਜਰ ਕੁੜੀ ਦਾ ਪਰਿਵਾਰ ਇਨਸਾਫ਼ ਲੈਣ ਲਈ ਸਾਧਨ ਸੰਪੰਨ ਨਹੀਂ ਹੈ, ਉਸਦੇ ਦੁਖਾਂਤ ਬਾਰੇ ਕਿਸੇ ਅੰਦਰਲੇ ਸਫ਼ੇ ਵਿੱਚ ਲਿੱਖ ਦਿੱਤਾ ਗਿਆ ਕਿ ਉਸਦਾ ਕਤਲ ਹੋਇਆ ਅਤੇ ਬਲਾਤਕਾਰ ਦਾ ਕੋਈ ਜ਼ਿਕਰ ਨਹੀਂ ਹੋਇਆ।

ਹੈਦਰੀ ਨੇ ਇਸ ਕਤਲ ਅਤੇ ਬਲਾਤਕਾਰ ਬਾਰੇ ਇੱਕ ਬਾਰ ਫਿਰ ਲਿੱਖਿਆ:

ਅਸੀਂ ਸਭ ਸ਼ਾਂਤ ਹਾਂ ਕਿਉਂਕਿ ਉਹ ਸਾਡੀ ਬੇਟੀ ਜਾਂ ਭੈਣ ਨਹੀਂ ਸੀ ਜਾਂ ਫਿਰ ਉਹ ਸਾਡੇ ਭਾਈਚਾਰੇ ਜਾਂ ਕਬੀਲੇ ਵਿੱਚੋਂ ਨਹੀਂ ਸੀ; ਉਹ ਪ੍ਰਭਾਵਸ਼ਾਲੀ ਪਰਿਵਾਰ ਨਾਲ ਸੰਬੰਧਿਤ ਨਹੀਂ ਸੀ ਕਿ ਸਾਡੀ ਜਮੀਰ ਜਾਗ ਸਕੇ।

ਇਸ ਸੋਗਮਈ ਦੁਰਘਟਨਾ ਨੂੰ ਫ਼ਿਰਕੂ ਰੰਗ ਨਾ ਰੰਗੀਏ ਅਤੇ ਇਸਨੂੰ ਹਿੰਦੂ, ਮੁਸਲਮਾਨ, ਸਿੱਖ ਜਾਂ ਇਸਾਈ ਮਸਲਾ ਨਾ ਬਣਾਈਏ; ਜਦ ਤਕ ਅਸੀਂ ਧਰਮ ਅਤੇ ਹੋਰ ਵਿਸ਼ਵਾਸਾਂ ਨੂੰ ਛੱਡ ਕੇ ਮਨੁੱਖਤਾ ਦੇ ਲਈ ਇਹਨਾਂ ਜੁਰਮਾਂ ਦੇ ਵਿਰੁੱਧ ਖੜ੍ਹੇ ਨਹੀਂ ਹੋਵਾਂਗਾ, ਉਦੋਂ ਤੱਕ ਕਿਸੇ ਨਾ ਕਿਸੇ ਦੀ ਬੇਟੀ ਸ਼ਿਕਾਰ ਬਣਦੀ ਰਹੇਗੀ।

ਹੁਣ ਅਸੀਂ ਸਾਰੇ ਆਪਣੇ ਸਿਰ ਸ਼ਰਮ ਵਿੱਚ ਝੁਕਾ ਲਈਏ। ਅਸੀਫ਼ਾ ਸਾਨੂੰ ਮੁਆਫ਼ ਕਰ ਅਸੀਂ ਤੇਰੇ ਲਈ ਕੁਝ ਨਹੀਂ ਕੀਤਾ ਕਿਉਂਕਿ ਤੇਰਾ ਬਲਾਤਕਾਰ ਅਤੇ ਕਤਲ ਸਾਡੇ ਹਿੱਤਾਂ ਦੀ ਪੂਰਤੀ ਨਹੀਂ ਕਰਦਾ।

ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਵਿੱਚ ਵਿਰੋਧੀ ਸਿਆਸੀ ਪਾਰਟੀ, ਨੈਸ਼ਨਲ ਕਾਨਫ਼ਰੰਸ ਨੇ ਕਤਲ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਅਤੇ ਮੌਜੂਦਾ ਸਰਕਾਰ ਨੇ ਜਲਦੀ ਤੋਂ ਜਲਦੀ ਜਾਂਚ-ਪੜਤਾਲ ਕਰਨ ਦੇ ਹੁਕਮ ਦਿੱਤੇ। ਜੰਮੂ ਅਤੇ ਕਸ਼ਮੀਰ ਦੀ ਮੁੱਖ ਮੰਤਰੀ, ਮਹਿਬੂਬਾ ਮੁਫ਼ਤੀ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਜਲਦੀ ਛਾਣ-ਬੀਣ ਕੀਤੀ ਜਾਵੇ। ਕਤਲ ਦੇ ਪ੍ਰਸੰਗ ਵਿੱਚ ਪੁਲਿਸ ਨੇ ਇੱਕ 15 ਸਾਲਾ ਮੁੰਡੇ ਨੂੰ ਗਿਰਫ਼ਤਾਰ ਕੀਤਾ ਹੈ।

ਔਰਤਾਂ ਖ਼ਿਲਾਫ਼ ਜੁਰਮ

ਪਿਛਲੇ ਕੁਝ ਹਫ਼ਤਿਆਂ ਵਿੱਚ ਔਰਤਾਂ ਖ਼ਿਲਾਫ਼ ਕਈ ਜੁਰਮ ਹੋਏ ਹਨ ਜਿਹਨਾਂ ਵਿੱਚ ਇਸ ਘਟਨਾ ਤੋਂ ਬਿਨਾਂ ਹਰਿਆਣਾ ਖੇਤਰ ਵਿੱਚ ਇੱਕ ਕੁੜੀ ਦੀ ਮੌਤ ਦੇ ਨਾਲ-ਨਾਲ 10 ਹੋਰ ਬਲਾਤਕਾਰਾਂ ਕਾਰਨ ਸਰਕਾਰ ਅਤੇ ਮੀਡੀਆ ਇਸ ਮੁੱਦੇ ਬਾਰੇ ਸੋਚਣ ਲਈ ਮਜਬੂਰ ਹੈ। ਇਸ ਤੋਂ ਇਲਾਵਾ 31 ਦਸੰਬਰ 2017 ਨੂੰ ਨਵੇਂ ਸਾਲ ਦਾ ਜਸ਼ਨ ਮਨਾ ਰਹੀਆਂ ਸੈਂਕੜੇ ਕੁੜੀਆਂ ਨੂੰ ਬਦਮਾਸ਼ਾਂ ਨੇ ਛੇੜਿਆ ਅਤੇ ਇਸ ਕਾਰਨ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ।

ਭਾਰਤ ਵਿੱਚ ਔਰਤਾਂ ਨਾਲ ਬਲਾਤਕਾਰ ਅਤੇ ਉਹਨਾਂ ਖ਼ਿਲਾਫ਼ ਜੁਰਮ ਕੋਈ ਨਵੀਂ ਗੱਲ ਨਹੀਂ ਹੈ। 2001 ਤੋਂ ਔਰਤਾਂ ਖ਼ਿਲਾਫ਼ 143,795 ਕੇਸ ਦਰਜ ਹੋਏ ਹਨ ਅਤੇ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ, ਮਿਸਾਲ ਵਜੋਂ 2014 ਵਿੱਚ 337,992 ਕੇਸ ਦਰਜ ਹੋਏ। ਜ਼ਿਆਦਾ ਔਰਤਾਂ ਅਤੇ ਕੁੜੀਆਂ ਆਪਣੇ ਖ਼ਿਲਾਫ਼ ਹੋਏ ਜੁਰਮਾਂ ਲਈ ਕੇਸ ਕਰਨ ਲੱਗ ਪਈਆਂ ਹਨ ਜਿਸ ਲਈ ਇਹ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਹੈ।

ਇਸ ਦੌਰਾਨ ਜੰਮੂ ਅਤੇ ਕਸ਼ਮੀਰ ਵਿੱਚ ਕਈ ਲੋਕ ਇਹ ਸਵਾਲ ਪੁੱਛ ਰਹੇ ਹਨ ਕਿ  ਅਸੀਫ਼ਾ ਦੇ ਕਤਲ ਨਾਲ ਹਿੰਦੁਸਤਾਨ ਦੇ ਲੋਕਾਂ ਦੀ ਜਮੀਰ ਕਿਉਂ ਨਹੀਂ ਜਾਗੀ। ਇਸ ਜੁਰਮ ਬਾਰੇ ਮੀਡੀਆ ਵਿੱਚ ਇੰਨੀ ਸੀਮਿਤ ਰਿਪੋਰਟਿੰਗ ਕਿਉਂ ਹੋਈ?

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.